ਕੈਂਸਰ ਰਾਹਤ ਫੰਡ ਦਾ ਪੈਸਾ ਕੈਂਸਰ ਪੀੜਤਾਂ ਦੇ ਇਲਾਜ ਲਈ ਤੁਰੰਤ ਜਾਰੀ ਕਰਨ CM: ਚੀਮਾ

Thursday, Oct 21, 2021 - 02:26 AM (IST)

ਕੈਂਸਰ ਰਾਹਤ ਫੰਡ ਦਾ ਪੈਸਾ ਕੈਂਸਰ ਪੀੜਤਾਂ ਦੇ ਇਲਾਜ ਲਈ ਤੁਰੰਤ ਜਾਰੀ ਕਰਨ CM: ਚੀਮਾ

ਚੰਡੀਗੜ੍ਹ(ਰਮਨਜੀਤ)- ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਂਸਰ ਰਾਹਤ ਫੰਡ (ਸੀ.ਐੱਮ. ਕੈਂਸਰ ਰਿਲੀਫ਼ ਫੰਡ) ਦਾ ਪੈਸਾ ਕੈਂਸਰ ਪੀੜਿਤਾਂ ਦੇ ਇਲਾਜ ਲਈ ਤੁਰੰਤ ਜਾਰੀ ਕੀਤਾ ਜਾਵੇ ਅਤੇ ਪੀੜਿਤਾਂ ਦੇ ਇਲਾਜ ਲਈ ਪੰਜਾਬ ’ਚ ਸੁਚੱਜੇ ਪ੍ਰਬੰਧ ਕੀਤੇ ਜਾਣ।
ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਜਾਰੀ ਕੀਤੇ ਪੱਤਰ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਸਥਾਪਿਤ ਕੀਤਾ ਗਿਆ ਸੀ ਪਰ ਲੰਮੇ ਸਮੇਂ ਤੋਂ ਇਸ ਫੰਡ ’ਚੋਂ ਪੰਜਾਬ ਦੇ ਕੈਂਸਰ ਪੀੜਤਾਂ ਨੂੰ ਕੋਈ ਵੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਕੈਂਸਰ ਪੀੜਤ ਆਪਣਾ ਇਲਾਜ ਕਰਾਉਣ ਲਈ ਸਰਕਾਰੀ ਸਹਾਇਤਾ ਦੀ ਉਡੀਕ ਕਰਦਿਆਂ ਮੌਤ ਦੇ ਮੂੰਹ ’ਚ ਜਾ ਰਹੇ ਹਨ।

‘ਆਪ’ ਨੇਤਾ ਨੇ ਕਿਹਾ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਪੱਖ ਇਹ ਵੀ ਹੈ ਕਿ ਹਰ ਸਾਲ ਮਾਲਵਾ ਖੇਤਰ ’ਚ ਕਿਸੇ ਨਾ ਕਿਸੇ ਬਿਮਾਰੀ ਜਾਂ ਕੀਟਾਂ ਦੇ ਹਮਲੇ ਨਾਲ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ ਅਤੇੇ ਫ਼ਸਲਾਂ ਦੀ ਇਹ ਬਰਬਾਦੀ ਪੀੜਤ ਪਰਿਵਾਰਾਂ ’ਤੇ ਕਹਿਰ ਬਣ ਕੇ ਟੁੱਟਦੀ ਹੈ। ਫ਼ਸਲਾਂ ਦੀ ਬਰਬਾਦੀ ਦਾ ਮਾੜਾ ਅਸਰ ਸਿਰਫ਼ ਕਿਸਾਨਾਂ ’ਤੇ ਹੀ ਨਹੀਂ ਪੈਂਦਾ, ਸਗੋਂ ਮਜ਼ਦੂਰ ਵਰਗ ’ਤੇ ਬਹੁਤਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਉਨ੍ਹਾਂ ਦੀ ਆਮਦਨ ਦਾ ਵੱਡਾ ਸਾਧਨ ਫ਼ਸਲਾਂ ਹੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਰਾਜ ’ਚ ਘਰ-ਘਰ ਰੁਜ਼ਗਾਰ ਅਤੇ ਚੰਗਾ ਤੇ ਸਸਤਾ ਇਲਾਜ ਤਾਂ ਲੋਕਾਂ ਨੂੰ ਕੀ ਮਿਲਣਾ ਸੀ, ਸਗੋਂ ਦਾਨੀ ਲੋਕਾਂ ਵਲੋਂ ਕੈਂਸਰ ਪੀੜਤਾਂ ਦੇ ਇਲਾਜ ਲਈ ਸੀ.ਐੱਮ. ਕੈਂਸਰ ਰਿਲੀਫ਼ ਫੰਡ ’ਚ ਦਾਨ ਦਿੱਤਾ ਪੈਸਾ ਵੀ ਕੈਂਸਰ ਪੀੜਤਾਂ ਨੂੰ ਨਹੀਂ ਮਿਲ ਰਿਹਾ।

ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕੈਂਸਰ ਪੀੜਤਾਂ ਦੇ ਇਲਾਜ ਲਈ ਸੀ.ਐੱਮ. ਕੈਂਸਰ ਰਿਲੀਫ਼ ਫੰਡ ’ਚੋਂ ਪੈਸਾ ਜਾਰੀ ਕੀਤਾ ਜਾਵੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ’ਤੇ ਪੀੜਤਾਂ ਲਈ ਮੁਫ਼ਤ ਅਤੇ ਆਧੁਨਿਕ ਕਿਸਮ ਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਜਾਵੇ।


author

Bharat Thapa

Content Editor

Related News