ਦਿੱਲੀ ਸਰਕਾਰ ਦੀ ਨਕਲ ਕਰਨ ਨਾਲ ਆਪਣੀ ਸਰਕਾਰ ਨਹੀਂ ਬਚਾ ਸਕਣਗੇ ਕੈਪਟਨ : ਮਾਨ
Wednesday, Apr 14, 2021 - 07:27 PM (IST)
ਪਟਿਆਲਾ/ਰੱਖੜਾ, (ਬਲਜਿੰਦਰ, ਰਾਣਾ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਐੱਮ.ਪੀ. ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਦੇ ਜਾਗਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ’ਤੇ ਹਾਈਕੋਰਟ ਵਲੋਂ ਮੁੜ ਤੋਂ ਸਿਟ ਬਣਾਉਣ ਦੇ ਜਾਰੀ ਕੀਤੇ ਹੁਕਮਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਦੀ ਆਪਸ ਵਿਚ ਮਿਲੀਭੁਗਤ ਹੈ, ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬਰਗਾੜੀ ਮਾਮਲੇ ਨੂੰ ਲੈ ਕੇ ਪੰਜਾਬ ਸਮੇਤ ਸਮੁੱਚੇ ਸੰਸਾਰ ਵਿਚ ਵਸਦੀ ਸਿੱਖ ਸੰਗਤ ਨੂੰ ਭਾਰੀ ਠੇਸ ਪਹੁੰਚੀ ਹੈ ਪਰ ਇਸ ਮਾਮਲੇ ਵਿਚ ਕੈਪਟਨ ਸਰਕਾਰ ਇਨਸਾਫ ਦਵਾਉਣ ਵਿਚ ਨਾਕਾਮ ਸਾਬਤ ਹੋਈ ਹੈ। ਸਾਲ 2015 ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਹੋਏ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਿੱਧੇ ਤੌਰ ’ਤੇ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਿੱਟ ਜਾਂਚ ਨੂੰ ਰੱਦ ਕਰਵਾਉਣ ਲਈ ਸਰਕਾਰ ਦੀ ਕਾਰਜ ਪ੍ਰਣਾਲੀ ਸਹੀ ਨਾ ਹੋਣਾ ਇਹ ਸਾਬਤ ਕਰ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਬਾਦਲਾਂ ਨੂੰ ਬਚਾ ਰਹੇ ਹਨ। ਇਸ ਮਾਮਲੇ ਵਿਚ ਸਿੱਟ ਨੇ ਜਿੰਨੀ ਵਾਰ ਵੀ ਰਿਪੋਰਟ ਜਾਰੀ ਕੀਤੀ, ਉਸ ਨੂੰ ਕੈਪਟਨ ਸਰਕਾਰ ਵਲੋਂ ਕੂੜੇ ਦੇ ਡੱਬੇ 'ਚ ਪਾ ਦਿੱਤਾ ਗਿਆ ਅਤੇ ਜਾਂਚ ਨੂੰ ਹਮੇਸ਼ਾ ਲਟਕਾਇਆ ਗਿਆ। ਮਾਨ ਨੇ ਕਿਹਾ ਕਿ ਸੂਬੇ 'ਚ ਨੌਜਵਾਨ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਅਤੇ ਪੰਜਾਬ ਦੇ ਲੋਕ ਪੰਜਾਬ ਵਿਚ 'ਆਪ' ਦੀ ਸਰਕਾਰ ਬਣਾਉਣ ਲਈ ਬੇਤਾਬ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਹੋਵੇਗਾ ਉੱਪ ਮੁੱਖ ਮੰਤਰੀ
ਕੈਪਟਨ ਵਲੋਂ ਦਿੱਲੀ ਮਾਡਲ ਨੂੰ ਅਪਣਾਉਣਾ ਉਸ ਦੀ ਘਬਰਾਹਟ ਦਿਖਾਉਂਦਾ ਹੈ : ਮਾਨ
ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਵੱਧਦੀ ਲੋਕਪਿ੍ਰਯਤਾ ਤੋਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਘਬਰਾ ਗਏ ਹਨ। ਐਮ. ਪੀ. ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਮੈਂ ਇਸ ਲਈ ਇਹ ਕਹਿ ਰਿਹਾ ਹਾਂ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਹੀ ਕੈਪਟਨ ਸਾਹਿਬ ਦਿੱਲੀ ਦੇ ਕੇਜਰੀਵਾਲ ਸਰਕਾਰ ਦੇ ਮਾਡਲ ਨੂੰ ਅਪਣਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਔਰਤਾਂ ਲਈ ਮੁਫਤ ਬੱਸ ਸੇਵਾ ਸ਼ੁਰੂ ਕਰਨਾ, ਝੁੱਗੀ ਝੋਂਪੜੀਆਂ ਵਾਲਿਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣਾ ਅਤੇ ਹੁਣ ਬਿੱਜਲੀ ਦੇ ਰੇਟ ਵਿਚ ਵੱਡੀ ਕਟੌਤੀ ਕਰਨ ਦੀਆਂ ਗੱਲਾਂ ਕਰਨਾ ਸਾਫ ਦੱਸਦਾ ਹੈ ਕਿ ਕੈ. ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਨੂੰ ਮਜਬੂਤ ਧਿਰ ਮੰਨਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਬੇਹੱਦ ਖਸਤਾ ਹੈ, ਵਿਕਾਸ ਦਾ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਹੈ, ਬੇਰੁਜ਼ਗਾਰ ਨੌਜਵਾਨ, ਬੇਰੁਜ਼ਗਾਰ ਅਧਿਆਪਕ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਤਨਖਾਹ ਤੇ ਨੌਕਰੀ ਲਈ ਪੁਲਸ ਵਾਲਿਆਂ ਤੋਂ ਰੋਜ਼ਾਨਾ ਹੀ ਲਾਠੀਆਂ ਖਾ ਰਹੇ ਹਨ ਅਤੇ ਕੈਪਟਨ ਸਾਹਿਬ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਦੀ ਨਕਲ ਕਰਨ ਵਿਚ ਲੱਗੇ ਹੋਏ ਹਨ। ਇਸ ਮੌਕੇ ਐਮ. ਪੀ. ਭਗਵੰਤ ਮਾਨ ਦੇ ਨਾਲ ਹਰਚੰਦ ਬਰਸਟ, ਬਲਜਿੰਦਰ ਢਿੱਲੋਂ, ਕੁੰਦਨ ਗੋਗੀਆ, ਨੀਨਾ ਮਿੱਤਲ, ਪ੍ਰੀਤੀ ਮਲਹੋਤਰਾ ਤੇ ਹੋਰ 'ਆਪ' ਆਗੂ ਹਾਜ਼ਰ ਸਨ।