ਸਾਬਕਾ ਸਰਪੰਚ ਉਪਰ ਗਲੀ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼

Thursday, Jun 21, 2018 - 07:53 AM (IST)

 ਕਿਸ਼ਨਪੁਰਾ ਕਲਾਂ (ਭਿੰਡਰ) - ਪਿੰਡ ਭਿੰਡਰ ਖੁਰਦ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਗਲੀ ਦੇ ਵਿਵਾਦ ਦਾ ਮਾਮਲਾ ਉਸ ਵਕਤ ਫਿਰ ਗਰਮਾ ਗਿਆ, ਜਦ ਸਿਵਲ ਤੇ ਪੁਲਸ ਪ੍ਰਸ਼ਾਸਨ ਆਪਣੇ ਪੂਰੇ ਲਾਮ-ਲਸ਼ਕਰ ਨਾਲ ਸਾਬਕਾ ਸਰਪੰਚ ਨੂੰ ਗਲੀ ਦਾ ਕਬਜ਼ਾ ਦਿਵਾਉਣ ਲਈ ਪਹੁੰਚ ਗਿਆ, ਜਦਕਿ ਵਿਰੋਧੀ ਧਿਰ ਦੇ ਭੋਲਾ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ, ਮੰਦਰ ਸਿੰਘ, ਅਵਤਾਰ ਸਿੰਘ, ਬਲਵੰਤ  ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲਗਭਗ 10 ਘਰਾਂ ਨੂੰ ਲੱਗਦੀ ਇਹ ਗਲੀ ਸਾਡੀ ਆਪਣੀ ਜਗ੍ਹਾ ਵਿਚ ਹੈ ਅਤੇ ਪਿਛਲੇ 20 ਸਾਲਾਂ ਤੋਂ ਅਸੀਂ ਇਸ ਗਲੀ ਵਿਚੋਂ ਲੰਘ ਰਹੇ ਹਾਂ ਪਰ ਹੁਣ ਪਿਛਲੇ 2 ਸਾਲਾਂ ਤੋਂ ਸਾਬਕਾ ਸਰਪੰਚ ਨਾਜਾਇਜ਼ ਹੀ ਇਸ ’ਤੇ ਆਪਣਾ ਹੱਕ ਜਤਾ ਰਿਹਾ ਹੈ।
 ਉਨ੍ਹਾਂ ਕਿਹਾ ਕਿ ਜੇਕਰ ਇਹ ਗਲੀ ਉਸਦੀ ਜਗ੍ਹਾ ਵਿਚ ਸੀ ਤਾਂ 20 ਸਾਲ  ਪਹਿਲਾਂ ਉਸਨੇ ਆਪ ਸਰਪੰਚ ਹੁੰਦਿਆਂ ਹੋਇਆਂ ਇਸ ’ਤੇ ਦਾਅਵੇਦਾਰੀ ਕਿਉਂ ਨਹੀਂ ਜਤਾਈ। ਇਸ ਗਲੀ ਦੇ ਮਾਮਲੇ ਸਬੰਧੀ  ਕੇਸ ਵੀ ਕੋਰਟ ਵਿਚ ਦਾਇਰ ਕੀਤਾ ਹੋਇਆ ਹੈ ਪਰ ਅੱਜ ਜਦ ਅਸੀਂ ਕਬਜ਼ਾ ਦਿਵਾਉਣ ਆਏ ਅਧਿਕਾਰੀਆਂ ਨੂੰ ਕੋਰਟ ਦੇ ਕਾਗਜ਼ ਦਿਖਾਉਣੇ ਚਾਹੇ ਤਾਂ ਉਨ੍ਹਾਂ ਸਾਡੀ ਇਕ ਨਾ ਸੁਣੀ। ਉਨ੍ਹਾਂ ਸਾਬਕਾ ਸਰਪੰਚ ਤੇ ਉਸਦੇ ਪਰਿਵਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ ਸਿਆਸੀ ਦਬਦਬੇ ਕਾਰਨ ਸਾਡੇ ਤੋਂ ਧੱਕੇ ਨਾਲ ਇਹ ਗਲੀ ਖੋਹ ਰਿਹਾ ਹੈ।
 ਜਦ ਇਸ ਮਾਮਲੇ ਸਬੰਧੀ ਕਬਜ਼ਾ ਦਿਵਾਉਣ ਆਏ  ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਗਲੀ ਵਿਚ ਪੰਚਾਇਤ ਵੱਲੋਂ ਗਲਤੀ ਨਾਲ ਇੱਟਾਂ ਲਵਾਈਆਂ ਗਈਆਂ ਸਨ, ਜਿਸ ਦੀ ਕਈ ਵਾਰ ਸ਼ਿਕਾਇਤ ਵੀ ਹੋਈ ਸੀ।  ਇਸ ਮਾਮਲੇ ਸਬੰਧੀ ਵਿਭਾਗ ਵੱਲੋਂ ਕੀਤੀ ਛਾਣਬੀਣ ਦੌਰਾਨ ਸਾਬਕਾ ਸਰਪੰਚ ਦਾ ਥਾਂ ਇਸ ਗਲੀ ਵਿਚ ਪਾਇਆ ਗਿਆ ਹੈ ਅਤੇ ਇਸ ਪਰਿਵਾਰ ਨੇ ਐੱਸ. ਸੀ./ਐੱਸ. ਟੀ. ਕਮਿਸ਼ਨ  ਨੂੰ ਦਰਖਾਸਤ ਵੀ ਦਿੱਤੀ ਹੋਈ ਹੈ, ਜਿਸ ’ਤੇ ਅਮਲ ਕਰਦਿਆਂ ਅੱਜ ਸਾਬਕਾ ਸਰਪੰਚ ਦੀ ਜਗ੍ਹਾ ਦੀ ਨਿਸ਼ਾਨਦੇਹੀ ਨਾਇਬ ਤਹਿਸੀਲਦਾਰ ਦੀ ਅਗਵਾਈ ਹੇਠ ਕੀਤੀ ਗਈ, ਜਿਸ ਦੀ ਸਾਰੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇਗੀ।  

 


Related News