ਨਾਜਾਇਜ਼ ਹਥਿਆਰਾਂ ਦੀ ਹੱਬ ਬਣਦਾ ਜਾ ਰਿਹੈ ''ਲੁਧਿਆਣਾ''
Monday, Dec 09, 2019 - 01:31 PM (IST)

ਲੁਧਿਆਣਾ (ਰਾਜ) : ਦਰੇਸੀ ਇਲਾਕੇ 'ਚ ਹੋਈ ਫਾਇਰਿੰਗ 'ਚ ਨਾਜਾਇਜ਼ ਹਥਿਆਰ ਇਸਤੇਮਾਲ ਹੋਇਆ ਹੈ, ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਹਾਨਗਰ 'ਚ ਤਿੰਨ ਮਹੀਨੇ 'ਚ ਫਾਇਰਿੰਗ ਦੀਆਂ ਡੇਢ ਦਰਜਨ ਤੋਂ ਜ਼ਿਆਦਾ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿਸ 'ਚ ਜ਼ਿਆਦਾਤਰ ਵਾਰਦਾਤਾਂ 'ਚ ਨਾਜਾਇਜ਼ ਹਥਿਆਰਾਂ ਦਾ ਇਸਤੇਮਾਲ ਹੋਇਆ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਲੁਧਿਆਣਾ ਨਾਜਾਇਜ਼ ਅਸਲੇ ਦਾ ਹੱਬ ਬਣਦਾ ਜਾ ਰਿਹਾ ਹੈ। ਯੂ. ਪੀ. ਅਤੇ ਬਿਹਾਰ ਤੋਂ ਨਾਜਾਇਜ਼ ਹਥਿਆਰ ਲੁਧਿਆਣਾ ਦੇ ਨਾਲ-ਨਾਲ ਪੰਜਾਬ ਦੇ ਹਰ ਜ਼ਿਲੇ 'ਚ ਸਪਲਾਈ ਕੀਤੇ ਜਾ ਰਹੇ ਹਨ। ਪਹਿਲਾਂ ਫੜ੍ਹੇ ਗਏ ਕਈ ਦੋਸ਼ੀਆਂ ਤੋਂ ਵੀ ਪੁਲਸ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ।
ਪੁਲਸ ਦੇ ਸੂਤਰਾਂ ਮੁਤਾਬਕ ਵਧੇਰੇ ਮਾਮਲਿਆਂ 'ਚ ਸਾਹਮਣੇ ਆਇਆ ਹੈ ਕਿ ਬਦਮਾਸ਼ ਯੂ. ਪੀ. ਤੋਂ ਨਾਜਾਇਜ਼ ਹਥਿਆਰ ਲੈ ਆਉਂਦੇ ਹਨ ਪਰ ਹੁਣ ਰਾਜਸਥਾਨ ਤੋਂ ਵੀ ਨਾਜਾਇਜ਼ ਹਥਿਆਰਾਂ ਦੀ ਸਪਲਾਈ ਸ਼ੁਰੂ ਹੋ ਗਈ ਹੈ। ਲੁਧਿਆਣਾ 'ਚ ਬੈਠੇ ਕਈ ਬਦਮਾਸ਼ ਯੂ. ਪੀ. ਅਤੇ ਰਾਜਸਥਾਨ ਤੋਂ ਨਾਜਾਇਜ਼ ਹਥਿਆਰ ਮੰਗਵਾ ਕੇ ਪ੍ਰਯੋਗ ਕਰਨ ਲੱਗੇ ਹਨ।