ਦੋ ਸਾਲਾਂ ਤੋਂ ਨਿਗਮ ਨੂੰ ਵਿੱਤੀ ਘਾਟਾ ਪਹੁੰਚਾ ਰਹੇ ਨਾਜਾਇਜ਼ ਟੈਕਸੀ ਸਟੈਂਡ

Sunday, Dec 03, 2017 - 07:45 AM (IST)

ਦੋ ਸਾਲਾਂ ਤੋਂ ਨਿਗਮ ਨੂੰ ਵਿੱਤੀ ਘਾਟਾ ਪਹੁੰਚਾ ਰਹੇ ਨਾਜਾਇਜ਼ ਟੈਕਸੀ ਸਟੈਂਡ

ਚੰਡੀਗੜ੍ਹ  (ਰਾਏ) - ਚੰਡੀਗੜ੍ਹ 'ਚ ਦਿਨੋ-ਦਿਨ ਵਧ ਰਹੇ ਨਾਜਾਇਜ਼ ਟੈਕਸੀ ਸਟੈਂਡਾਂ ਨੂੰ ਰੋਕਣ ਲਈ ਚੰਡੀਗੜ੍ਹ ਨਗਰ ਨਿਗਮ ਯੋਜਨਾਵਾਂ ਤਾਂ ਬਣਾਉਂਦਾ ਹੈ ਪਰ ਉਨ੍ਹਾਂ 'ਤੇ ਅਮਲ ਅੱਜ ਤਕ ਨਹੀਂ ਹੋਇਆ, ਜਿਸ ਕਾਰਨ ਉਸਨੂੰ ਦੋ ਸਾਲਾਂ ਤੋਂ ਵਿੱਤੀ ਘਾਟਾ ਚੁੱਕਣਾ ਪੈ ਰਿਹਾ ਹੈ। ਨਿਗਮ ਨੇ ਜਿਹੜੇ ਵੀ ਟੈਕਸੀ ਸਟੈਂਡਾਂ ਨੂੰ ਲਾਇਸੈਂਸ ਦਿੱਤੇ ਸਨ, ਦੀ ਸਮਾਂ ਹੱਦ ਨੂੰ ਪੂਰਾ ਹੋਇਆਂ ਦੋ ਸਾਲ ਹੋ ਗਏ ਪਰ ਫਿਰ ਵੀ ਇਹ ਟੈਕਸੀ ਸਟੈਂਡ ਚੱਲ ਰਹੇ ਹਨ। ਇਹੋ ਨਹੀਂ, ਉਸਦੇ ਬਾਅਦ ਸ਼ਹਿਰ 'ਚ ਇੰਨੇ ਕੁ ਨਾਜਾਇਜ਼ ਟੈਕਸੀ ਸਟੈਂਡ ਖੁੱਲ੍ਹ ਗਏ ਹਨ ਕਿ ਓਨੇ ਨਿਗਮ ਨੇ ਲਾਇਸੈਂਸ ਵੀ ਜਾਰੀ ਨਹੀਂ ਕੀਤੇ ਹਨ। ਇਸ ਵਾਰ ਵੀ ਨਿਗਮ ਸਦਨ ਦੀ ਬੈਠਕ 'ਚ ਇਸ ਸਬੰਧੀ ਨਿਯਮ ਤੇ ਸ਼ਰਤਾਂ 'ਚ ਤਬਦੀਲੀ ਕੀਤੇ ਜਾਣ ਸਬੰਧੀ ਏਜੰਡਾ ਲਿਆਂਦਾ ਗਿਆ ਸੀ ਪਰ ਇਸ 'ਤੇ ਚਰਚਾ ਕੀਤੇ ਬਿਨਾਂ ਹੀ ਇਸ ਨੂੰ ਡੈਫਰ ਕਰ ਦਿੱਤਾ ਗਿਆ।
ਇਕ ਪਾਸੇ ਜਿਥੇ ਨਿਗਮ ਦੇ ਨਾਜਾਇਜ਼ ਕਬਜ਼ੇ ਵਿਰੋਧੀ ਦਸਤੇ ਨੂੰ ਸ਼ਹਿਰ 'ਚ ਗਰੀਬ ਰੇਹੜੀ-ਫੜ੍ਹੀ ਵਾਲਿਆਂ ਦੇ ਚਲਾਨ ਕਰਨ ਜਾਂ ਉਨ੍ਹਾਂ ਦੇ ਸਾਮਾਨ ਚੁੱਕਣ ਦੇ ਹੀ ਨਿਰਦੇਸ਼ ਮਿਲ ਰਹੇ ਹਨ, ਉਥੇ ਹੀ ਅੰਦਰਖਾਤੇ ਨਾਜਾਇਜ਼ ਟੈਕਸੀ ਸਟੈਂਡਾਂ ਨੂੰ ਪੂਰੀ ਸਰਪ੍ਰਸਤੀ ਵੀ ਮਿਲ ਰਹੀ ਹੈ। ਇਹ ਟੈਕਸੀ ਸਟੈਂਡ ਬਣਾਏ ਵੀ ਨਿਗਮ ਦੀ ਹੀ ਜ਼ਮੀਨ 'ਤੇ ਹਨ। ਦੱਸਿਆ ਜਾਂਦਾ ਹੈ ਕਿ ਇਸ ਸਮੇਂ ਸ਼ਹਿਰ 'ਚ 125 ਟੈਕਸੀ ਸਟੈਂਡ ਹਨ, ਜਿਨ੍ਹਾਂ 'ਚੋਂ ਸਿਰਫ 55 ਹੀ ਜਾਇਜ਼ ਹਨ, ਜਿਨ੍ਹਾਂ ਨੂੰ ਨਿਗਮ ਨੇ ਲਾਇਸੈਂਸ ਜਾਰੀ ਕੀਤਾ ਹੈ। ਹੋਰ ਆਪ੍ਰੇਟਰਾਂ ਨੇ ਨਿਗਮ ਤੋਂ ਇਜਾਜ਼ਤ ਲਏ ਬਿਨਾਂ ਹੀ ਵੱਖ- ਵੱਖ ਸੈਕਟਰਾਂ 'ਚ ਮਾਰਕੀਟਾਂ ਦੀਆਂ ਪਾਰਕਿੰਗਾਂ ਤੇ ਹੋਰਨਾਂ ਖੁੱਲ੍ਹੇ ਮੈਦਾਨਾਂ 'ਚ ਆਪਣੇ ਅੱਡੇ ਜਮਾਏ ਹੋਏ ਹਨ।
ਅਜਿਹਾ ਨਹੀਂ ਹੈ ਕਿ ਨਿਗਮ ਨੂੰ ਇਸਦੀ ਖਬਰ ਨਹੀਂ, ਉਹ ਤਾਂ ਇਹ ਵੀ ਜਾਣਦੇ ਹਨ ਕਿ ਇਨ੍ਹਾਂ 'ਚੋਂ ਕਈਆਂ ਨੇ ਤਾਂ ਨਾਜਾਇਜ਼ ਰੂਪ ਨਾਲ ਬਿਜਲੀ ਦੇ ਕੁੰਡੀ ਕੁਨੈਕਸ਼ਨ ਵੀ ਲਏ ਹੋਏ ਹਨ।
ਇਕ ਤਾਂ ਨਾਜਾਇਜ਼ ਟੈਕਸੀ ਸਟੈਂਡ ਵਾਲੇ ਨਿਗਮ ਨੂੰ ਕਿਰਾਇਆ ਨਹੀਂ ਦੇ ਰਹੇ ਤੇ ਉਪਰੋਂ ਬਿਜਲੀ ਦੀ ਚੋਰੀ, ਇਸ ਨਾਲ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਲਗ ਰਿਹਾ ਹੈ ਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਚੂਨਾ ਲਗ ਰਿਹਾ ਹੈ। ਜ਼ਿਆਦਾਤਰ ਸਟੈਂਡਾਂ 'ਤੇ ਸਵੇਰ ਸਮੇਂ ਟੈਂਟਾਂ ਹੇਠ ਬੈਠੇ ਡਰਾਈਵਰਾਂ ਨੂੰ ਖੁੱਲ੍ਹੇ 'ਚ ਨਹਾਉਂਦੇ, ਗੱਡੀਆਂ ਧੋਂਦੇ ਵੇਖਿਆ ਜਾ ਸਕਦਾ ਹੈ।
ਇਕ ਔਰਤ ਦਾ ਤਾਂ ਕਹਿਣਾ ਸੀ ਕਿ ਇਨ੍ਹਾਂ ਦੀਆਂ ਹਰਕਤਾਂ ਕਾਰਨ ਉਸਨੇ ਆਪਣੀ ਸਵੇਰ ਦੀ ਸੈਰ ਹੀ ਕਰਨੀ ਬੰਦ ਕਰ ਦਿੱਤੀ। ਕਈ ਥਾਵਾਂ 'ਤੇ ਟੈਂਟਾਂ ਦੇ ਨਾਲ ਟਾਇਰ-ਟਿਊਬ ਤੇ ਹੋਰ ਸਾਮਾਨ ਪਿਆ ਹੈ।
ਜ਼ਿਕਰਯੋਗ ਹੈ ਕਿ 2008 'ਚ ਤਤਕਾਲੀਨ ਮੇਅਰ ਪ੍ਰਦੀਪ ਛਾਬੜਾ ਨੇ ਟੈਕਸੀ ਸਟੈਂਡਾਂ ਨੂੰ ਮਾਡਰਨ ਕੀਤੇ ਜਾਣ ਦੇ ਮਕਸਦ ਨਾਲ ਇਨ੍ਹਾਂ ਲਈ ਪ੍ਰੀ-ਫੈਬਰੀਕੇਟਿਡ ਸ਼ੈੱਡ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ 'ਚ ਪਖਾਨੇ ਤੇ ਬਾਥਰੂਮ ਵੀ ਬਣਾਏ ਜਾਣੇ ਸਨ ਪਰ ਅੱਜ ਤਕ ਅਜਿਹਾ ਨਹੀਂ ਕੀਤਾ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 2002 'ਚ ਟੈਕਸੀ ਸਟੈਂਡਾਂ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਸੀ, ਜਿਸ ਨੇ ਇਨ੍ਹਾਂ ਨੂੰ ਜਗ੍ਹਾ ਅਲਾਟ ਕਰਨ ਤੇ ਰੇਟ ਫਿਕਸ ਕਰਨ ਸਬੰਧੀ ਫੈਸਲੇ ਕੀਤੇ ਸਨ। ਕਮੇਟੀ ਵਲੋਂ ਟੈਕਸੀ ਸਟੈਂਡ ਮਾਲਕਾਂ ਨੂੰ 2000 ਤੇ 2500 ਸਕੇਅਰ ਫੁੱਟ ਜਗ੍ਹਾ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਇਹ ਵੀ ਨਹੀਂ ਕੀਤਾ ਗਿਆ, ਹੁਣ ਤਾਂ ਨਾਜਾਇਜ਼ ਰੂਪ ਨਾਲ ਬੈਠੇ ਟੈਕਸੀ ਵਾਲਿਆਂ ਨੇ ਇਸ ਤੋਂ ਕਿਤੇ ਵੱਧ ਜਗ੍ਹਾ ਘੇਰੀ ਹੋਈ ਹੈ।
ਹੁਣ ਨਿਗਮ ਦੇ ਰਿਕਾਰਡ 'ਚ ਤਾਂ ਸਿਰਫ 55 ਟੈਕਸੀ ਸਟੈਂਡ ਹਨ ਜੇਕਰ ਸ਼ਹਿਰ 'ਚ ਜਾਂਚ ਕਰਵਾਈ ਜਾਏ ਤਾਂ ਲਗਭਗ ਹਰ ਸੈਕਟਰ 'ਚ ਟੈਕਸੀ ਸਟੈਂਡ ਮਿਲ ਜਾਣਗੇ। ਬੀਤੇ ਵਰ੍ਹੇ ਇਸ ਨਾਲ ਸਬੰਧਤ ਨਿਗਮ ਦੀ ਪੇਡ ਪਾਰਕਿੰਗ ਕਮੇਟੀ ਨੇ ਸੈਕਟਰ-22 ਆਦਿ 'ਚ ਬਣੇ ਟੈਕਸੀ ਸਟੈਂਡਾਂ 'ਚ ਕਈ ਬੇਨਿਯਮੀਆਂ ਕਾਰਨ ਇਨ੍ਹਾਂ ਦੇ ਚਲਾਨ ਵੀ ਕੱਟੇ ਸਨ। ਨਾਜਾਇਜ਼ ਟੈਕਸੀ ਸਟੈਂਡਾਂ ਬਾਰੇ ਨਿਗਮ ਅਧਿਕਾਰੀ ਕਹਿੰਦੇ ਹਨ ਕਿ ਜੇਕਰ ਸ਼ਹਿਰ 'ਚ ਨਾਜਾਇਜ਼ ਟੈਕਸੀ ਸਟੈਂਡ ਹਨ ਤਾਂ ਇਸਦੀ ਜਾਂਚ ਕਰਵਾਈ ਜਾਏਗੀ।
ਨਿਗਮ ਦੇ ਸਬੰਧਤ ਅਧਿਕਾਰੀ ਦਾ ਕਹਿਣਾ ਸੀ ਕਿ ਸ਼ਹਿਰ 'ਚ ਸਿਰਫ 55 ਟੈਕਸੀ ਸਟੈਂਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਜੇਕਰ ਕੋਈ ਟੈਕਸੀ ਸਟੈਂਡ ਵਾਲਾ ਨਾਜਾਇਜ਼ ਰੂਪ ਨਾਲ ਟੈਂਟ ਲਾਉਂਦਾ ਹੈ ਤਾਂ ਇਸ ਸਬੰਧੀ ਇਨਫੋਰਸਮੈਂਟ ਵਿਭਾਗ ਨੂੰ ਲਿਖ ਦਿੱਤਾ ਜਾਂਦਾ ਹੈ, ਉਹ ਉਸਨੂੰ ਉਥੋਂ ਹਟਵਾ ਦਿੰਦਾ ਹੈ।


Related News