ਨਹੀਂ ਰੁੱਕ ਰਿਹਾ ਹਲਕਾ ਬਾਬਾ ਬਕਾਲਾ ''ਚ ਨਾਜਾਇਜ਼ ਮਾਈਨਿੰਗ ਦਾ ਗੋਰਖ ਧੰਦਾ
Tuesday, Feb 05, 2019 - 05:06 PM (IST)

ਖਡੂਰ ਸਾਹਿਬ/ਵੈਰੋਵਾਲ (ਗਿੱਲ)— ਪੰਜਾਬ ਦੀ ਕੈਪਟਨ ਸਰਕਾਰ ਨਾਜਾਇਜ਼ ਰੇਤ ਮਾਈਨਿੰਗ ਦੇ ਮੁੱਦੇ ਨੂੰ ਵਿਧਾਨ ਸਭਾ ਚੋਣਾਂ 'ਚ ਵੱਡੇ ਪੱਧਰ 'ਤੇ ਉਛਾਲ ਕੇ ਸੱਤਾ 'ਚ ਆਈ ਸੀ। ਚੋਣਾਂ ਉਪਰੰਤ ਪੰਜਾਬ 'ਚੋਂ ਨਾਜਾਇਜ਼ ਰੇਤਾਂ ਮਾਈਨਿੰਗ ਖਿਲਾਫ ਸਖਤ ਐਕਸ਼ਨ ਲੈਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ, ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀ ਨਾਜਾਇਜ਼ ਮਾਈਨਿੰਗ ਦਾ ਹਵਾਈ ਸਰਵੇਖਣ ਕਰਕੇ ਇਸ ਨੂੰ ਰੋਕਣ ਦੇ ਆਦੇਸ਼ ਵੀ ਦਿੱਤੇ ਗਏ ਸਨ ਪਰ ਮੋਟੀ ਕਮਾਈ ਦੇ ਚੱਲਦਿਆਂ ਕੁਝ ਦਿਨ ਪਿੱਛੋਂ ਪਰਨਾਲਾ ਫਿਰ ਉਥੇ ਦਾ ਉਥੇ ਹੀ ਰਹਿੰਦਾ ਹੈ। ਹਲਕਾ ਬਾਬਾ ਬਕਾਲਾ 'ਚ ਬਿਆਸ ਦਰਿਆ ਦੇ ਕੰਢੇ ਪਿੰਡ ਭਲੋਜਲਾ, ਕੋਟ ਮਹਿਤਾਬ, ਜਲਾਲਾਬਾਦ, ਵੈਰੋਵਾਲ ਆਦਿ ਵਿਖੇ ਸਮੇਂ-ਸਮੇਂ 'ਤੇ ਗੈਰ ਕਾਨੂੰਨੀ ਰੇਤਾਂ ਦੀ ਮਾਈਨਿੰਗ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਪੁਲਸ ਪ੍ਰਸ਼ਾਸ਼ਨ ਅਤੇ ਮਾਈਨਿੰਗ ਵਿਭਾਗ ਦੀ ਅਣਗੇਹਲੀ ਅਤੇ ਮਿਲੀ ਭੁਗਤ ਨਾਲ ਨਾਜਾਇਜ਼ ਰੇਤਾਂ ਅਤੇ ਭੱਸਰ ਦੀ ਨਿਕਾਸੀ ਦਾ ਕੰਮ ਲਗਾਤਾਰ ਚੱਲਦਾ ਆ ਰਿਹਾ ਹੈ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਬਚਿੱਤਰ ਸਿੰਘ ਢਿੱਲੋ ਅਤੇ ਪੰਜਾਬੀ ਲੋਕ ਮੋਰਚਾ ਦੇ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਦੀ ਮੌਜੂਦਗੀ 'ਚ ਪੱਤਰਕਾਰਾਂ ਦੀ ਟੀਮ ਬਿਆਸ ਦਰਿਆ ਕੰਢੇ ਪੁੱਜੀ ਤਾਂ ਭਲੋਜਲੇ ਦੇ ਨਜ਼ਦੀਕ ਕਿਸ਼ਤੀਆ ਰਾਹੀਂ ਕੱਢੀ ਹੋਈ ਰੇਤਾਂ ਦੇ ਢੇਰ ਲੱਗੇ ਹੋਏ ਸਨ ਅਤੇ ਕਈ ਢੇਰਾਂ ਉਪਰ ਸਰਕੰਡਾ ਰੱਖ ਕੇ ਢੇਰਾਂ ਨੂੰ ਲੁਕਾਇਆ ਹੋਇਆ ਸੀ।
ਮੌਕੇ ਤੋਂ ਕਿਸ਼ਤੀਆ ਵਾਲੇ ਗੱਡੀਆ ਦਾ ਕਾਫਲਾ ਦੇਖ ਕੇ ਦੌੜ ਗਏ ਅਤੇ ਪਿੰਡ ਨਜ਼ਦੀਕ ਹੀ ਜੇ. ਸੀ. ਬੀ. ਮਸ਼ੀਨਾਂ ਨਾਲ ਵੱਡੇ ਪੱਧਰ 'ਤੇ ਢਾਏ ਦੀ ਰੇਤ ਟਰੈਕਟਰ ਟਰਾਲੀਆਂ ਨਾਲ ਕੱਢੀ ਜਾ ਰਹੀ ਸੀ। ਇਸ ਮੌਕੇ ਜ਼ਿਲਾ ਪ੍ਰਧਾਨ ਢਿੱਲੋ ਨੇ ਕਿਹਾ ਕਿ ਇਸ ਸਾਰੀਆਂ ਟਰਾਲੀਆਂ ਕਾਂਗਰਸੀ ਵਿਧਾਇਕ ਦੇ ਪਿੰਡ ਭਲਾਈਪੁਰ 'ਚੋਂ ਲੱਗ ਰਹੀਆ ਹਨ ਅਤੇ ਉਸੇ ਰਸਤੇ 'ਤੇ ਥਾਣਾ ਵੈਰੋਵਾਲ ਦੀ ਪੁਲਸ ਦੀ ਗੱਡੀ ਵੀ ਗਸ਼ਤ ਕਰ ਰਹੀ ਸੀ। ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਨਾਜਾਇਜ਼ ਮਾਈਨਿੰਗ ਦਾ ਧੰਦਾ ਕਾਂਗਰਸੀ ਵਿਧਾਇਕ ਦੀ ਸ਼ਹਿ ਅਤੇ ਮਿਲੀਭੁਗਤ ਨਾਲ ਚੱਲ ਰਿਹਾ ਹੈ। ਇਸੇ ਕਰਕੇ ਸਥਾਨਕ ਪੁਲਸ ਅਤੇ ਮਾਈਨਿੰਗ ਵਿਭਾਗ ਨੇ ਅੱਖਾ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਇਸ ਮੁੱਦੇ ਨੂੰ ਵਿਧਾਨ ਸਭਾ ਅਤੇ ਪੰਜਾਬ ਭਰ 'ਚ ਉਠਾਇਆ ਜਾਵੇਗਾ। ਇਸ ਸਬੰਧੀ ਥਾਣਾ ਵੈਰੋਵਾਲ ਦੇ ਐੱਸ. ਐੱਚ. ਓ. ਕਮਲਮੀਤ ਸਿੰਘ ਨੇ ਦੱਸਿਆ ਕਿ ਰੇਤ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।