ਨਵੀਂ ਸਬਜ਼ੀ ਮੰਡੀ ''ਚ ਨਾਜਾਇਜ਼ ਕਬਜ਼ਿਆਂ ''ਤੇ ਚੱਲਿਆ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਡੰਡਾਂ
Thursday, Dec 21, 2017 - 05:40 PM (IST)
ਜਲਾਲਾਬਾਦ (ਨਿਖੰਜ, ਬੰਟੀ) – ਜਲਾਲਾਬਾਦ ਦੀ ਨਵੀਂ ਸਬਜੀ ਮੰਡੀ 'ਚ ਪਿਛਲੇ ਕਾਫੀ ਸਮੇਂ ਨਜਾਇਜ਼ ਕਬਜ਼ੇ ਕਰਕੇ ਬੈਠੇ ਫੜ੍ਹੀ ਵਾਲਿਆਂ ਵਿਰੁੱਧ ਅੱਜ ਮਾਰਕੀਟ ਕਮੇਟੀ ਜਲਾਲਾਬਾਦ ਦੇ ਅਧਿਕਾਰੀਆਂ ਨੇ ਡੰਡਾ ਚਲਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਸਕੱਤਰ ਪ੍ਰੀਤ ਕਵੰਰ ਸਿੰਘ ਬਰਾੜ ਨੇ ਕਿਹਾ ਕਿ ਉਕਤ ਕਬਜ਼ਾਂ ਧਾਰਕਾ ਨੂੰ ਵਾਰ-ਵਾਰ ਮਾਰਕੀਟ ਕਮੇਟੀ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਤਾਂ ਕਿ ਮਾਰਕੀਟ ਕਮੇਟੀ ਦੀ ਜਗਾਂ ਖਾਲੀ ਹੋ ਸਕੇ। ਜਲਾਲਾਬਾਦ ਦੀ ਸਬਜੀ ਮੰਡੀ 'ਚ ਕਬਜ਼ਿਆਂ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ 'ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਵਿਅਕਤੀ ਨੂੰ ਮੰਡੀ ਅੰਦਰ ਕਬਜ਼ਾਂ ਕਰਨ ਦੀ ਕੋਈ ਇਜਾਜ਼ਤ ਨਹੀਂ। ਜੇਕਰ ਕੋਈ ਵਿਅਕਤੀ ਮਾਰਕੀਟ ਕਮੇਟੀ ਦੇ ਨਿਰਦੇਸ਼ਾ ਦੀ ਉਲਘੰਣਾ ਕਰੇਗਾ ਤਾਂ ਉਸਦੇ ਵਿਰੁੱਧ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਗੱਲ ਹੈ ਕਿ ਉਕਤ ਮੰਡੀ 'ਚ ਕਬਜ਼ਾਂਧਾਰਕਾਂ ਨੇ ਇਨ੍ਹਾਂ ਫੜ੍ਹਾਂ ਅੰਦਰ ਆਰਜੀ ਕਮਰੇ ਬਣਾ ਕੇ ਉਨ੍ਹਾਂ ਅੰਦਰ ਪੂਰਾ ਘਰੇਂਲੂ ਸਮਾਨ ਜਿਵੇਂ ਕਿ ਟੀ. ਵੀ, ਫਰੀਜ਼ਾਂ, ਗੈਸ ਸਿਲੰਡਰ ਆਦਿ ਦੀ ਵਰਤੋਂ ਕਰਦੇ ਸਨ। ਇਨ੍ਹਾਂ ਯੰਤਰਾਂ ਕਾਰਨ ਕੋਈ ਵੱਡਾ ਹਾਦਸਾ ਵਾਪਰਨ 'ਤੇ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਸੀ । ਪਿਛਲੇ ਕਾਫੀ ਲੰਮੇ ਸਮੇਂ ਇਹ ਲੋਕ ਪਾਵਾਰ-ਕਾਮ ਮਹਿਕਮੇ ਨੂੰ ਲੱਖਾਂ ਦੀ ਬਿਜਲੀ ਚੋਰੀ ਕਰਕੇ ਚੂਨਾ ਲੱਗਾ ਰਹੇ ਸਨ ਪਰ ਇਹ ਸਾਰਾ ਕੁਝ ਜਲਾਲਾਬਾਦ ਦੀ ਨਵੀਂ ਸਬਜ਼ੀ 'ਚ ਹੋ ਰਿਹਾ ਸੀ। ਜਿਸਨੂੰ ਠੱਲ੍ਹ ਪਾਉਣ ਲਈ ਨਾਂ ਤਾਂ ਪੁਲਸ ਪ੍ਰਸ਼ਾਸਨ ਅਤੇ ਨਾ ਹੀ ਪਾਵਰਕਾਮ ਅਤੇ ਹੋਰਨਾਂ ਸਬੰਧਤ ਵਿਭਾਗਾ ਨੇ ਠੱਲ੍ਹ ਪਾਈ। ਇਸ ਮੌਕੇ ਪੁੱਜੇ ਥਾਣਾ ਸਿਟੀ ਦੇ ਏ. ਐਸ. ਆਈ. ਗੁਰਨੈਬ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਵੱਲੋਂ ਉਨ੍ਹਾਂ ਨੂੰ ਨਾਜਾਇਜ਼ ਕਬਜ਼ਿਆਂ ਸਬੰਧੀ ਸੂਚਨਾ ਦਿੱਤੀ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਮੰਡੀ ਸੁਪਰਵਾਇਜ਼ਰ ਲਖਵਿੰਦਰ, ਦਿਲੌਰ ਚੰਦ ਆਦਿ ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
