ਨਾਜਾਇਜ਼ ਮਾਈਨਿੰਗ ਕਰਦੇ 43 ਵਾਹਨ ਪੁਲਸ ਦੇ ਕਬਜ਼ੇ ''ਚ
Sunday, Jul 29, 2018 - 12:00 PM (IST)
ਫਿਰੋਜ਼ਪੁਰ/ਮੱਖੂ (ਸ਼ੈਰੀ, ਧੰਜੂ) – ਪਿੰਡ ਬਹਿਕ ਫੱਤੂ ਵਿਖੇ ਨਾਜਾਇਜ਼ ਮਾਈਨਿੰਗ ਕਰਨ 'ਤੇ ਪੁਲਸ ਨੇ ਛਾਪੇਮਾਰੀ ਕਰ ਕੇ 43 ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਬਹਿਕ ਫੱਤੂ ਵਿਖੇ ਬਲਵੀਰ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ।

ਇਸ ਗੱਲ ਦੀ ਸੂਚਨਾ ਮਿਲਣ 'ਤੇ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਗੁਰਚਰਨ ਸਿੰਘ ਏ. ਐੱਸ. ਆਈ., ਜੁਗਰਾਜ ਸਿੰਘ ਏ. ਐੱਸ. ਆਈ., ਸ਼ਮਸ਼ੇਰ ਸਿੰਘ ਏ. ਐੱਸ. ਆਈ., ਕੁਲਵਿੰਦਰ ਸਿੰਘ ਤੇ ਥਾਣਾ ਸਦਰ ਜ਼ੀਰਾ ਦੀ ਐੱਸ. ਆਈ. ਮੈਡਮ ਨਵਨੀਤ ਕੌਰ ਨੇ ਪੁਲਸ ਪਾਰਟੀ ਸਮੇਤ ਜੁਆਇੰਟ ਛਾਪੇਮਾਰੀ ਕਰ ਕੇ 1 ਪੋਲ ਲਾਈਨ, 8 ਟੀਪਰ, 14 ਟਰੱਕ, 28 ਟਰੈਕਟਰ ਟਰਾਲੀਆਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਮਾਲਕ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਵਾਹਨਾਂ ਦੇ ਮਾਲਕਾਂ ਵਿਰੁੱਧ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਜ਼ਮੀਨ ਦੇ ਮਾਲਕ ਵਿਰੁੱਧ ਵੀ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਹਲਕੇ 'ਚ ਕਈ ਰੇਤਾ ਦੀਆਂ ਖਾਨਾਂ ਸਿਆਸੀ ਲੀਡਰਾਂ ਦੀ ਸ਼ੈਅ 'ਤੇ ਚੱਲ ਰਹੀਆਂ ਹਨ, ਜਿਸ 'ਚ ਸਿਆਸੀ ਆਗੂਆਂ ਦੇ ਚਹੇਤੇ ਇਹ ਧੰਦਾ ਕਰਵਾ ਰਹੇ ਹਨ।
