ਨਾਜਾਇਜ਼ ਮਾਈਨਿੰਗ ਦੀ ਖੇਡ ''ਚ ਨੱਪੇ ਜਾ ਸਕਦੇ ਹਨ ਕਈ ਕਾਂਗਰਸੀ

Wednesday, Mar 07, 2018 - 12:51 PM (IST)

ਜਲੰਧਰ (ਰਵਿੰਦਰ ਸ਼ਰਮਾ)— ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਐਕਸ਼ਨ 'ਚ ਆ ਗਏ ਹਨ। ਪਿਛਲੇ ਇਕ ਸਾਲ ਤੋਂ  ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਖੇਡ ਨੂੰ ਲੈ ਕੇ ਕਾਂਗਰਸ ਸਰਕਾਰ ਦੀ ਜ਼ਬਰਦਸਤ ਕਿਰਕਿਰੀ ਹੋ ਰਹੀ ਹੈ, ਜਿਸ ਤਰ੍ਹਾਂ ਖੁਦ ਕੈਪਟਨ ਨੇ ਆਪਣੇ ਚੌਪਰ ਨਾਲ ਲਾਈਵ ਨਾਜਾਇਜ਼ ਮਾਈਨਿੰਗ ਫਿਲੌਰ ਅਤੇ ਨਵਾਂਸ਼ਹਿਰ 'ਚ ਦੇਖੀ ਅਤੇ ਉਸ 'ਤੇ ਐਕਸ਼ਨ ਲਿਆ, ਉਸ ਨਾਲ ਕਾਂਗਰਸੀ ਖੇਮੇ ਵਿਚ ਤਰਥੱਲੀ ਮਚ ਗਈ ਹੈ। ਨਾਜਾਇਜ਼ ਮਾਈਨਿੰਗ ਦੀ ਇਸ ਖੇਡ ਨੂੰ ਸਰਕਾਰ ਦੇ ਆਉਣ ਤੋਂ ਬਾਅਦ ਕੁਝ ਕਾਂਗਰਸੀ ਆਗੂ ਹੀ ਚਲਾ ਰਹੇ ਸਨ ਅਤੇ ਇਨ੍ਹਾਂ ਆਗੂਆਂ ਦੀ ਇਸ ਖੇਡ ਦੀ ਰਿਪੋਰਟ ਨਾ ਸਿਰਫ ਮੁੱਖ ਮੰਤਰੀ ਤੱਕ ਪਹੁੰਚ ਚੁੱਕੀ ਹੈ, ਸਗੋਂ ਇਨ੍ਹਾਂ ਆਗੂਆਂ ਦੇ ਸਾਰੇ ਰਿਕਾਰਡ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੱਕ ਵੀ ਪਹੁੰਚ ਚੁੱਕੇ ਹਨ। ਇਸ ਲਈ ਆਉਣ ਵਾਲੇ ਦਿਨਾਂ ਵਿਚ ਨਾਜਾਇਜ਼ ਮਾਈਨਿੰਗ ਦੀ ਖੇਡ ਵਿਚ ਕਈ ਕਾਂਗਰਸੀ ਨੱਪੇ ਜਾ ਸਕਦੇ ਹਨ। 
ਅਸਲ 'ਚ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਜ਼ਬਰਦਸਤ ਨਾਜਾਇਜ਼ ਮਾਈਨਿੰਗ ਦੀ ਖੇਡ ਸ਼ੁਰੂ ਹੋਈ ਸੀ ਅਤੇ ਕਾਂਗਰਸੀ ਆਗੂਆਂ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਅਕਾਲੀ-ਭਾਜਪਾ ਸਰਕਾਰ 'ਤੇ ਤਿੱਖੇ ਹਮਲੇ ਬੋਲੇ ਸਨ। ਕੈਪਟਨ ਅਮਰਿੰਦਰ ਸਿੰਘ ਸਣੇ ਪਾਰਟੀ ਦੇ ਸਾਰੇ ਆਗੂਆਂ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ 'ਤੇ ਨਾਜਾਇਜ਼ ਮਾਈਨਿੰਗ ਦੀ ਖੇਡ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਜਾਵੇਗਾ। ਕਾਂਗਰਸ ਸਰਕਾਰ ਕੋਲੋਂ ਜਨਤਾ ਨੂੰ ਬੇਹੱਦ ਉਮੀਦਾਂ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਕੈਪਟਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਪਰ ਕੈਪਟਨ ਸਰਕਾਰ ਆਉਣ ਤੋਂ ਬਾਅਦ ਵੀ ਪਿਛਲੇ ਇਕ ਸਾਲ ਤੋਂ ਨਾਜਾਇਜ਼ ਮਾਈਨਿੰਗ ਜਾਰੀ ਹੈ। ਇਹ ਹੀ ਨਹੀਂ, ਖੁਦ ਕਾਂਗਰਸੀ ਆਗੂਆਂ ਨੇ ਰੇਤ ਖੱਡਾਂ ਦੀ ਨਿਲਾਮੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ 90 ਫੀਸਦੀ ਖੱਡਾਂ ਕਾਂਗਰਸੀ ਆਗੂਆਂ ਨੂੰ ਵੀ ਨਿਲਾਮ ਕੀਤੀਆਂ ਗਈਆਂ ਸਨ। ਕੁਝ ਹਾਰੇ ਹੋਏ ਆਗੂ ਵੀ ਨਾਜਾਇਜ਼ ਮਾਈਨਿੰਗ ਦੀ ਖੇਡ ਨਾਲ ਲੱਖਾਂ ਦੇ ਵਾਰੇ ਨਿਆਰੇ ਕਰ ਰਹੇ ਸਨ। ਰੇਤ ਖੱਡਾਂ ਦੀ ਨਿਲਾਮੀ 'ਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦੀ ਕੈਬਨਿਟ ਦੀ ਕੁਰਸੀ ਜਾ ਚੁੱਕੀ ਹੈ। ਨਾਜਾਇਜ਼ ਮਾਈਨਿੰਗ  ਦੀ ਖੇਡ ਨਾਲ ਲੱਖਾਂ ਦੇ ਵਾਰੇ ਨਿਆਰੇ ਕਰਨ ਵਾਲੇ ਆਗੂਆਂ ਦੀ ਰਿਪੋਰਟ ਪਹਿਲਾਂ ਹੀ ਮੁੱਖ ਮੰਤਰੀ ਅਤੇ ਹਾਈਕਮਾਨ ਤੱਕ ਪਹੁੰਚ ਚੁੱਕੀ ਸੀ ਅਤੇ ਸੀ. ਐੱਮ. ਖੁਦ ਕਈ ਵਾਰ ਇਸ ਮਾਮਲੇ ਵਿਚ ਸਖਤੀ ਦੇ ਹੁਕਮ ਦੇ ਚੁੱਕੇ ਸਨ ਪਰ ਇਸ ਤੋਂ ਬਾਅਦ ਵੀ ਇਹ ਖੇਡ ਨਹੀਂ ਰੁਕ ਰਹੀ। ਨਵੇਂ ਹਾਲਾਤ 'ਚ ਜਿਸ ਤਰ੍ਹਾਂ ਕਾਂਗਰਸੀ ਆਗੂਆਂ ਦੀਆਂ ਸ਼ਿਕਾਇਤਾਂ ਹਾਈਕਮਾਨ ਤੱਕ ਪਹੁੰਚੀਆਂ ਹਨ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਕਈ ਕਾਂਗਰਸੀ ਆਗੂਆਂ ਦੇ ਸਿਆਸੀ ਕਰੀਅਰ ਨੂੰ ਗ੍ਰਹਿਣ ਲੱਗ ਸਕਦਾ ਹੈ।
ਕਈ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ
ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਐਕਸ਼ਨ ਵਿਚ ਆ ਕੇ ਕਾਰਵਾਈ ਕਰਨ ਨੂੰ ਕਿਹਾ ਹੈ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਕਈ ਅਧਿਕਾਰੀਆਂ 'ਤੇ ਗਾਜ ਡਿੱਗਣੀ ਤੈਅ ਹੈ। ਮੁੱਖ ਮੰਤਰੀ ਇਸ ਗੱਲ ਤੋਂ ਬੇਹੱਦ ਨਾਰਾਜ਼ ਹਨ ਕਿ ਵਾਰ-ਵਾਰ ਹੁਕਮ ਦੇਣ ਤੋਂ ਬਾਅਦ ਵੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਅਧਿਕਾਰੀਆਂ ਨੇ ਗੰਭੀਰਤਾ ਨਹੀਂ ਦਿਖਾਈ।


Related News