''ਘੱਗਰ'' ਦੀ ਜ਼ਮੀਨ ''ਤੇ ਨਾਜਾਇਜ਼ ਮਾਈਨਿੰਗ
Sunday, Jul 30, 2017 - 08:01 AM (IST)
ਡੇਰਾਬੱਸੀ (ਅਨਿਲ) - ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਸਨੌਲੀ ਤੇ ਮੁਬਾਰਕਪੁਰ ਘੱਗਰ ਦਰਮਿਆਨ ਆਈ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਮਾਫ਼ੀਆ ਵੱਲੋਂ ਬਿਨਾਂ ਕਿਸੇ ਰੋਕ ਤੋਂ ਮਾਈਨਿੰਗ ਦਾ ਕੰਮ ਪੂਰੇ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਨਾਜਾਇਜ਼ ਮਾਈਨਿੰਗ ਮਾਫੀਆ 20 ਤੋਂ 25 ਫ਼ੁੱਟ ਤੱਕ ਜ਼ਮੀਨ ਪੁੱਟ ਕੇ ਲੱਖਾਂ ਰੁਪਏ ਕਮਾ ਰਿਹਾ ਹੈ। ਹਾਲਾਂਕਿ ਸਰਕਾਰ ਨੇ ਮਾਈਨਿੰਗ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਨ੍ਹਾਂ ਦੀ ਵੱਡੇ ਅਕਾਵਾਂ ਤੱਕ ਸਿਆਸੀ ਪਹੁੰਚ ਕਾਰਨ ਦੇਰ ਸਵੇਰ ਇਹ ਕੰਮ ਚੱਲਦਾ ਰਹਿੰਦਾ ਹੈ। ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਨਾਜਾਇਜ਼ ਚੱਲ ਰਹੀ ਮਾਈਨਿੰਗ ਨੂੰ ਕਾਂਗਰਸੀ ਆਗੂ ਕੋਸਦੇ ਰਹੇ, ਕਾਂਗਰਸ ਸਰਕਾਰ ਆਉਣ ਮਗਰੋਂ ਵੀ ਇਹ ਗੋਰਖਧੰਦਾ ਲਗਾਤਾਰ ਜਿਉਂ ਦਾ ਤਿਉਂ ਹੀ ਚੱਲਦਾ ਰਿਹਾ। ਮੀਡੀਆ ਵੱਲੋਂ ਇਸ ਨੂੰ ਪ੍ਰਮੱਖਤਾ ਨਾਲ ਚੁੱਕਿਆ ਗਿਆ। ਇਸ ਕੰਮ 'ਚ ਲਿਪਤ ਕਈ ਵੱਡੇ ਆਗੂ ਸ਼ਾਮਿਲ ਦੱਸੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਧਰਤੀ ਦਾ ਸੀਨਾ ਪਾੜ ਕੇ ਦਿਨ-ਰਾਤ ਨਾਜਾਇਜ਼ ਮਾਈਨਿੰਗ ਚਲਾਈ ਜਾ ਰਹੀ ਹੈ। ਘੱਗਰ ਨਦੀ ਦੇ ਨਾਲ ਲੱਗਦੇ ਕਿਸਾਨ ਆਪਣੇ ਮੁਨਾਫ਼ੇ ਲਈ ਉਪਜਾਊ ਜ਼ਮੀਨ ਤੋਂ ਮਿੱਟੀ ਤੇ ਗਰੈਵਲ ਕਈ-ਕਈ ਫੁੱਟ ਡੂੰਘਾ ਪੁਟਵਾ ਕੇ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।
ਸਨੌਲੀ ਪਿੰਡ ਨੇੜੇ ਸੈਂਕੜੇ ਏਕੜ ਜ਼ਮੀਨ 'ਚੋਂ ਕੀਤੀ ਜਾ ਰਹੀ ਪੁਟਾਈ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪਹਿਲਾਂ ਤਾਂ ਅਕਾਲੀ ਦਲ ਦੇ ਆਗੂਆਂ ਨੇ ਆਪਣੀਆਂ ਜੇਬਾਂ ਭਰੀਆਂ ਤੇ ਸੱਤਾ ਬਦਲਣ ਮਗਰੋਂ ਕਾਂਗਰਸੀ ਆਗੂ ਇਸ ਖੇਡ ਨੂੰ ਜਾਰੀ ਰੱਖਣਾ ਚਾਹ ਰਹੇ ਹਨ। ਇਨ੍ਹਾਂ ਦੇ ਗੁਰਗਿਆਂ ਵੱਲੋਂ ਜ਼ਮੀਨ ਦੀ ਇੰਨੀ ਜ਼ਿਆਦਾ ਡੂੰਘੀ ਪੁਟਾਈ ਕੀਤੀ ਗਈ ਹੈ ਕਿ ਜ਼ਮੀਨ ਦੇ ਥੱਲਿਓਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਜ਼ਮੀਨ 'ਚ ਪਾੜ ਪਾਉਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਵਿਭਾਗ ਦੀ ਮਿਲੀ ਭੁਗਤ ਤੋਂ ਬਿਨਾਂ ਸੈਂਕੜੇ ਏਕੜ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕਰਨੀ ਸੰਭਵ ਨਹੀਂ ਹੈ। ਉਨ੍ਹਾਂ ਨੇ ਉਕਤ ਜ਼ਮੀਨ 'ਚੋਂ ਕੀਤੀ ਗਈ ਪੁਟਾਈ ਦੀ ਜਾਂਚ ਲਈ ਸਪੈਸ਼ਲ ਜਾਂਚ ਕਮੇਟੀ ਬਣਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਗੋਰਖਧੰਦੇ 'ਚ ਸ਼ਾਮਿਲ ਲੋਕਾਂ ਦਾ ਪਤਾ ਲੱਗ ਸਕੇ।
ਇਸ ਸਬੰਧੀ ਐੱਸ. ਡੀ. ਐੱਮ. ਪਰਮਦੀਪ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਹੁਣ ਵੀ ਉਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਉਹ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ 'ਚੋਂ ਕਈ-ਕਈ ਫੁੱਟ ਡੂੰਘੀ ਨਾਜਾਇਜ਼ ਪੁਟਾਈ ਕੀਤੀ ਗਈ ਹੈ। ਉਨ੍ਹਾਂ ਖਸਰਾ ਨੰਬਰਾਂ ਦੀ ਨਿਸ਼ਾਨਦੇਹੀ ਕਰਨ ਮਗਰੋਂ ਮਾਈਨਿੰਗ ਵਿਭਾਗ ਨੂੰ ਰਿਪੋਰਟ ਤਿਆਰ ਕਰ ਕੇ ਸੌਂਪ ਦਿੱਤੀ ਹੈ, ਜਿਸ ਤਹਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਾਜਾਇਜ਼ ਮਾਈਨਿੰਗ ਕਰਦੇ ਰੰਗੇ ਹੱਥੀਂ ਫੜੇ
ਡਰੇਨਜ਼ ਵਿਭਾਗ ਨੇ ਪਿੰਡ ਸੁੰਡਰਾ ਨਦੀ 'ਤੇ ਛਾਪਾ ਮਾਰ ਕੇ ਵੱਡੇ ਪੱਧਰ 'ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ । ਵਿਭਾਗ ਵੱਲੋਂ 6 ਦੇ ਕਰੀਬ ਪੋਕਲੇਨ ਤੇ ਜੇ. ਸੀ. ਬੀ. ਮਸ਼ੀਨਾਂ ਤੇ ਦਰਜਨਾਂ ਟਿੱਪਰਾਂ ਅਤੇ ਟਰਾਲੀਆਂ ਵਾਲਿਆਂ ਨੂੰ ਰੰਗੇ ਹੱਥੀਂ ਰੇਤ ਤੇ ਮਿੱਟੀ ਚੋਰੀ ਕਰਦੇ ਫੜਿਆ ਹੈ । ਡਰੇਨਜ਼ ਵਿਭਾਗ ਦੀ ਇਸ ਕਾਰਵਾਈ 'ਤੇ ਮਾਈਨਿੰਗ ਵਿਭਾਗ ਦੀ ਕਿਰਕਿਰੀ ਹੋ ਰਹੀ ਹੈ । ਮਾਮਲੇ ਦੀ ਸ਼ਿਕਾਇਤ ਮਿਲਣ ਮਗਰੋਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਡਰੇਨਜ਼ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਲਕਾ ਡੇਰਾਬੱਸੀ 'ਚ ਲੰਘਦੀਆਂ ਨਹਿਰਾਂ 'ਚੋਂ ਖੁੱਲ੍ਹੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਦਕਿ ਨਿਯਮ ਮੁਤਾਬਕ ਮਾਨਸੂਨ ਦੇ ਮੌਸਮ ਦੌਰਾਨ ਮਾਈਨਿੰਗ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ । ਸੂਚਨਾ ਮਿਲਣ 'ਤੇ ਵਿਭਾਗ ਦੇ ਜੇ. ਈ. ਨਰਿੰਦਰ ਕੁਮਾਰ ਤੇ ਨਿਸ਼ਾਂਤ ਗਰਗ ਨੇ ਮੌਕੇ 'ਤੇ ਜਾ ਦੇਖਿਆ ਕਿ ਸੁੰਡਰਾ ਨਦੀ ਤੇ ਨੇੜਲੀਆਂ ਨਿੱਜੀ ਕਿਸਾਨਾਂ ਦੀਆਂ ਜ਼ਮੀਨਾਂ 'ਤੇ 6 ਪੋਕਲੇਨ ਤੇ ਜੇ. ਸੀ. ਬੀ. ਮਸ਼ੀਨਾਂ ਨਾਲ 10 ਤੋਂ 12 ਟਿੱਪਰਾਂ ਅਤੇ ਟਰਾਲੀਆਂ ਦੀ ਮਦਦ ਨਾਲ ਰੇਤ ਤੇ ਮਿੱਟੀ ਚੋਰੀ ਕੀਤੀ ਜਾ ਰਹੀ ਸੀ । ਵਿਭਾਗ ਵੱਲੋਂ ਛਾਪਾ ਮਾਰਨ 'ਤੇ ਚਾਲਕ ਮਸ਼ੀਨਾਂ ਛੱਡ ਕੇ ਤੇ ਟਿੱਪਰ ਚਾਲਕ ਵਾਹਨਾਂ ਸਮੇਤ ਫਰਾਰ ਹੋ ਗਏ । ਅਧਿਕਾਰੀਆਂ ਨੇ ਟਿੱਪਰਾਂ ਦੇ ਨੰਬਰ ਤੇ ਪੋਕਲੇਨ ਅਤੇ ਜੇ. ਸੀ. ਬੀ. ਮਸ਼ੀਨਾਂ ਦੀਆਂ ਫੋਟੋਆਂ ਖਿੱਚ ਕੇ ਲਿਖਤੀ ਸ਼ਿਕਾਇਤ ਪੁਲਸ ਨੂੰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ ।
ਕੀ ਕਹਿਣਾ ਹੈ ਮਾਈਨਿੰਗ ਅਧਿਕਾਰੀਆਂ ਦਾ
ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੀ. ਐੱਮ. ਚਮਨ ਲਾਲ ਨੇ ਕਿਹਾ ਕਿ ਮਾਈਨਿੰਗ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ ਤੇ ਉਕਤ ਘਾਟ ਦੀ ਬੋਲੀ ਨਹੀਂ ਕੀਤੀ ਗਈ।
