ਨਾਜਾਇਜ਼ ਮਾਈਨਿੰਗ ਕਰਦੇ 3 ਟਿੱਪਰ ਅਤੇ ਇਕ ਪੋਕਲਾਇਨ ਕਬਜ਼ੇ 'ਚ ਲਏ

06/14/2020 10:47:59 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਪੰਜਾਬ ਭਰ 'ਚ ਨਾਜਾਇਜ਼ ਮਾਈਨਿੰਗ ਲਈ ਮਸ਼ਹੂਰ ਨੇੜਲੇ ਅਗੰਮਪੁਰ ਜ਼ੋਨ ਦੇ ਨਾਲ ਲੱਗਦੇ ਦਰਿਆ ਸਤਲੁਜ 'ਚ ਬੀਤੇ ਦਿਨ ਤੜ੍ਹਕਸਾਰ ਮਾਈਨਿੰਗ ਅਤੇ ਡਰੇਨੇਜ਼ ਮਹਿਕਮੇ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਗਈ ਅਤੇ ਮੌਕੇ 'ਤੇ ਮਾਈਨਿੰਗ ਕਰਦੇ ਤਿੰਨ ਟਿੱਪਰ ਅਤੇ ਇਕ ਪੋਕਲੇਨ ਮਸ਼ੀਨ ਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ। ਮੌਕੇ 'ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦੇ ਮਾਈਨਿੰਗ ਵਿਭਾਗ ਦੇ ਐਕਸੀਅਨ ਦਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਦਰਿਆ 'ਚ ਨਾਜਾਇਜ਼ ਮਾਈਨਿੰਗ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ 'ਤੇ ਤੜਕਸਾਰ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਕੁਝ ਵਾਹਨਾਂ ਨੂੰ ਦਰਿਆ ਸਤਲੁਜ 'ਚ ਮਨਾਹੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਕਰਦੇ ਕਾਬੂ ਕੀਤਾ ਗਿਆ ਅਤੇ ਇਸੇ ਦੌਰਾਨ ਕੁਝ ਟਿੱਪਰਾਂ ਵਾਲੇ ਫਰਾਰ ਹੋਣ 'ਚ ਸਫਲ ਵੀ ਹੋ ਗਏ ਪਰ ਤਿੰਨ ਟਿੱਪਰ, ਇਕ ਪੋਕਲੇਨ ਅਤੇ ਇਕ ਸੈਮਸੰਗ ਮੋਬਾਇਲ ਪੁਲਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਪਾਰਟੀ ਹਵਾਲੇ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਦਰਿਆ 'ਤੇ ਸਥਿਤ ਹਾਈ ਲੈਵਲ ਪੁਲ ਅਤੇ 11 ਕੇ. ਵੀ. ਅਤੇ 66 ਕੇ. ਵੀ. ਬਿਜਲੀ ਸਪਲਾਈ ਦੀਆਂ ਲਾਇਨਾਂ ਦੀ ਸੁਰੱਖਿਆ ਲਈ ਮਹਿਕਮੇ ਵੱਲੋਂ ਸਮੇਂ ਸਮੇਂ ਜਾਂਚ ਵੀ ਕੀਤੀ ਜਾਂਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ। ਇਸ ਸਬੰਧੀ ਮੌਕੇ 'ਤੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਭਾਰਤ ਭੂਸ਼ਨ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਬੂ ਕੀਤੀ ਮਸ਼ੀਨਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਿੰਨ ਟਿੱਪਰ, ਇਕ ਪੋਕਲੇਨ ਅਤੇ ਇਕ ਮੋਬਾਇਲ ਫੋਨ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਤਫ਼ਤੀਸ਼ੀ ਅਫ਼ਸਰ ਐੱਸ. ਆਈ. ਰਾਕੇਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਮਾਈਨਿੰਗ ਅਤੇ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸਤਲੁਜ ਦਰਿਆ 'ਚ ਹੁੰਦੀ ਮਾਈਨਿੰਗ ਨੂੰ ਰੋਕਣ ਲਈ ਛਾਪਾ ਮਾਰਨ ਆਈ ਮਾਈਨਿੰਗ ਅਤੇ ਡਰੇਨੇਜ਼ ਮਹਿਕਮੇ ਦੀਆਂ ਟੀਮਾਂ ਦੀਆਂ ਗੱਡੀਆਂ 'ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਨਮਕੀਨ ਦੇ ਪੈਕਟ ਮਿਲਣ 'ਤੇ ਸਬੰਧਤ ਮਹਿਕਮੇ ਦੀ ਕਾਰਗੁਜ਼ਾਰੀ 'ਤੇ ਸਵਾਲਿਆ ਨਿਸ਼ਾਨ ਲੱਗ ਰਿਹੈ। ਇਸ ਸਬੰਧੀ ਸਮਾਜ ਸੇਵੀ ਨਿਤਿਨ ਨੰਦਾ ਨੇ ਦੋਸ਼ ਲਾਇਆ ਕਿ ਛਾਪਾ ਮਾਰਨ ਆਏ ਸਬੰਧਤ ਅਫਸਰਾਂ ਦੀਆਂ ਗੱਡੀਆਂ 'ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਨਮਕੀਨ ਦੇ ਪੈਕਟ ਮਿਲਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਲੋਕ ਸ਼ਰਾਬੀ ਹਾਲਤ 'ਚ ਛਾਪਾ ਮਾਰਨ ਆਏ ਸਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਸਾਰੇ ਕਾਂਡ ਦੀ ਜਾਂਚ ਦੀ ਮੰਗ ਕੀਤੀ ਅਤੇ ਸਬੰਧਤ ਅਫ਼ਸਰਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਇਨ੍ਹਾਂ ਅਫ਼ਸਰਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ।

ਕੀ ਕਹਿਣਾ ਹੈ ਐਕਸੀਅਨ ਦਾ
ਗੱਡੀਆਂ 'ਚੋਂ ਸ਼ਰਾਬ ਅਤੇ ਨਮਕੀਨ ਦੇ ਪੈਕਟ ਬਰਾਮਦ ਹੋਣ ਸਬੰਧੀ ਜਦੋਂ ਐਕਸੀਅਨ ਦਮਨਦੀਪ ਸਿੰਘ ਗਿੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਰਾਬ ਦੀਆਂ ਬੋਤਲਾਂ ਸਾਡੀਆਂ ਨਹੀਂ ਹਨ ਅਤੇ ਅਸੀਂ ਆਪਣੀਆਂ ਗੱਡੀਆਂ ਵਿੱਚੋਂ ਉਤਰ ਕੇ ਜਦੋਂ ਛਾਪਾ ਮਾਰਨ ਲਈ ਚਲੇ ਗਏ ਤਾਂ ਕਿਸੇ ਨੇ ਸ਼ਰਾਰਤ ਕਰਦਿਆਂ ਇਹ ਸਭ ਕੁਝ ਸਾਡੀ ਗੱਡੀ 'ਚ ਰੱਖ ਦਿੱਤਾ।


shivani attri

Content Editor

Related News