ਨਾਜਾਇਜ਼ ਮਾਈਨਿੰਗ ਦੇ ਮੁੱਦੇ ''ਤੇ ਜੰਗ ਦਾ ਮੈਦਾਨ ਬਣਿਆ ਹਲਕਾ ਮੁਕੇਰੀਆਂ

10/14/2019 11:27:08 AM

ਮੁਕੇਰੀਆਂ (ਨਾਗਲਾ, ਝਾਵਰ)— ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਸ਼ੇ ਨੂੰ ਲੈ ਕੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਇਕ ਦੂਜੇ 'ਤੇ ਦੋਸ਼ ਲਾ ਰਹੀਆਂ ਹਨ। ਕਾਂਗਰਸੀ ਜਿੱਥੇ ਅਕਾਲੀ-ਭਾਜਪਾ ਸ਼ਾਸਨ ਕਾਲ ਦੌਰਾਨ ਲੋਕਾਂ ਨੂੰ ਲੱਗੀ ਚਿੱਟੇ ਦੀ ਲਤ ਕਾਫੀ ਹੱਦ ਤੱਕ ਕੰਟਰੋਲ ਕਰ ਲੈਣ ਦਾ ਦਾਅਵਾ ਕਰ ਰਹੇ ਹਨ, ਉੱਥੇ ਹੀ ਅਕਾਲੀ ਭਾਜਪਾ ਨੇਤਾ ਕੈਪਟਨ ਅਮਰਿੰਦਰ ਨੂੰ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜ ਕੇ ਚਾਰ ਹਫਤਿਆਂ 'ਚ ਨਸ਼ਾ ਖਤਮ ਕਰਨ ਦੀ ਖਾਧੀ ਗਈ ਸਹੁੰ ਯਾਦ ਦਿਵਾਉਂਦੇ ਹੋਏ ਖੋਖਲੇ ਵਾਅਦਿਆਂ ਦੀ ਗਿਣਤੀ ਕਰਵਾ ਰਹੇ ਹਨ। 'ਆਪ' ਨੇਤਾ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਇਕੋ ਥਾਲੀ ਦੇ ਚੱਟੇ ਵੱਟੇ ਦੱਸ ਰਹੇ ਹਨ। ਪਰ ਵਿਧਾਨ ਸਭਾ ਹਲਕਾ ਮੁਕੇਰੀਆਂ 'ਚ ਲਗਭਗ ਇਕ ਦਹਾਕੇ ਤੋਂ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਮੁੱਖ ਮੁੱਦਾ ਬਣ ਕੇ ਉੱਭਰੀ ਹੈ। ਅਕਾਲੀ-ਭਾਜਪਾ ਸ਼ਾਸਨ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਸਦਕਾ ਮਹਿੰਗੀ ਹੋਈ ਰੇਤਾ ਬੱਜਰੀ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਰੇਹੜੀ ਲਾ ਕੇ ਖੰਡ ਦੇ ਭਾਅ ਰੇਤਾ ਵੇਚਣ ਵਾਲੇ ਕਾਂਗਰਸੀ ਹੁਣ ਉਪਰੀ ਦਬਾਅ ਦਾ ਬਹਾਨਾ ਬਣਾ ਕੇ ਚੁੱਪ ਧਾਰ ਕੇ ਬੈਠੇ ਗਏ ਹਨ। 

ਉੱਥੇ ਅਕਾਲੀ-ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਇੰਨੀ ਗੈਰ ਕਾਨੂੰਨੀ ਮਾਈਨਿੰਗ ਉਨ੍ਹਾਂ ਦੇ ਸ਼ਾਸਨ ਦੇ 10 ਵਰ੍ਹਿਆਂ 'ਚ ਨਹੀਂ ਹੋਈ ਜਿੰਨੀ ਕਾਂਗਰਸ ਦੇ ਕੇਵਲ ਢਾਈ ਵਰ੍ਹਿਆਂ ਵਿਚ ਹੋ ਗਈ। 'ਆਪ' ਨੇਤਾ ਗੈਰ ਕਾਨੂੰਨੀ ਮਾਈਨਿੰਗ 'ਤੇ ਡੰਕੇ ਦੀ ਚੋਟ ਨਾਲ ਇਨ੍ਹਾਂ ਦੋਹਾਂ ਪਾਰਟੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਮੁੜ ਲੋਕਾਂ ਨੂੰ ਇਨ੍ਹਾਂ ਦੋਵਾਂ ਪਾਰਟੀਆਂ ਦੇ ਝਾਂਸੇ 'ਚ ਨਾ ਆਉਣ ਲਈ ਜਾਗਰੂਕ ਕਰ ਰਹੇ ਹਨ।


shivani attri

Content Editor

Related News