ਅੱਧੀ ਰਾਤ ਨੂੰ ਚੱਲ ਰਹੀ ਸੀ ਨਜਾਇਜ਼ ਮਾਈਨਿੰਗ, ਵਿਭਾਗ ਨੇ ਕੀਤੀ ਛਾਪੇਮਾਰੀ, ਇਕ ਐੱਸ. ਐੱਚ. ਓ ਵੀ ਸਸਪੈਂਡ

02/21/2024 6:34:28 PM

ਬਮਿਆਲ/ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ ਕੁਝ ਸਮੇਂ ਤੋਂ ਸਰਹੱਦੀ ਖੇਤਰ ਦੇ ਇਲਾਕੇ ਅੰਦਰ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਸੀ ਪਰ ਪੁਲਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਅੱਜ ਸੀ. ਆਈ. ਏ. ਸਟਾਫ ਅਤੇ ਮਾਈਨਿੰਗ ਵਿਭਾਗ ਨੂੰ ਥਾਣਾ ਤਾਰਾਗੜ੍ਹ ਅਧੀਨ ਪੈਂਦੇ ਇਲਾਕੇ ਮੈਰਾ ਕਲਾ ਵਿਖੇ ਚੱਲ ਰਹੇ ਇਕ ਕਰੈਸ਼ਰ ਦੇ ਮਾਲਕ ਵਲ਼ੋਂ ਪੁਲਸ ਦੇ ਕੁਝ ਮੁਲਾਜ਼ਮਾਂ ਨਾਲ ਮਿਲੀਭੁਗਤ ਕਰਕੇ ਕਰੈਸ਼ਰ ਦੇ ਕੋਲ ਰਾਤ ਦੇ ਹਨੇਰੇ ’ਚ ਪੋਕਲੇਨ ਮਸ਼ੀਨ ਦੀਆਂ ਲਾਈਟਾਂ ਦੀ ਰੋਸ਼ਨੀ ’ਚ ਗੈਰ-ਕਾਨੂੰਨੀ ਮਾਈਨਿੰਗ ਕਰਨ ਦੀ ਸੂਚਨਾ ਮਿਲੀ ਸੀ। ਇਸ ਦੇ ਚੱਲਦਿਆਂ ਬੀਤੀ ਰਾਤ ਸੀ. ਆਈ. ਏ. ਸਟਾਫ ਅਤੇ ਮਾਈਨਿੰਗ ਵਿਭਾਗ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਦਵਿੰਦਰ ਸਿੰਘ ਅਤੇ ਜੇ. ਈ. ਸੰਗਮਦੀਪ ਸਿੰਘ ਵਲ਼ੋਂ ਪੁਲਸ ਪਾਰਟੀ ਸਹਿਤ ਇਕ ਅਚਨਚੇਤ ਛਾਪੇਮਾਰੀ ਕੀਤੀ ਗਈ। 

ਇਸ ਕਾਰਨ ਪਤਾ ਲੱਗਾ ਕਿ ਦੋ ਪੋਕਲੇਨ ਮਸ਼ੀਨਾਂ ਦੀਆਂ ਲਾਈਟਾਂ ਦੀ ਮਦਦ ਨਾਲ ਨਾਜਾਇਜ਼ ਮਾਈਨਿੰਗ ਕਰ ਰਹੇ ਸਨ। ਇਨ੍ਹਾਂ ਮਸ਼ੀਨਾਂ ਰਾਹੀਂ ਕਰੈਸ਼ਰ ਧਾਰਕਾਂ ਵਲ਼ੋਂ ਕਰੀਬ 400 ਵਰਗ ਫੁੱਟ ਦੇ ਕਰੀਬ ਮਾਈਨਿੰਗ ਕੀਤੀ ਜਾ ਚੁੱਕੀ ਸੀ, ਜਿਸ ਕਾਰਨ ਵਿਭਾਗ ਨੇ ਤੁਰੰਤ ਉਨ੍ਹਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ, ਜਿਸ ਦੇ ਚੱਲਦੇ ਉੱਚ ਅਧਿਕਾਰੀਆਂ ਵਲ਼ੋਂ ਇਸ ਮਾਮਲੇ ’ਚ ਕੱਲ੍ਹ 10 ਵਿਅਕਤੀਆਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਡੀ. ਐੱਸ ਢਿੱਲੋਂ ਵਲ਼ੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਇਕ ਥਾਣਾ ਮੁਖੀ ਨੂੰ ਅਣਗਹਿਲੀ ਵਰਤਣ ਕਾਰਨ  ਸਸਪੈਂਡ ਕੀਤਾ ਗਿਆ ਹੈ ਅਤੇ ਕੁਝ ਛੋਟੇ ਰੈਂਕ ਦੇ ਮੁਲਾਜ਼ਮਾਂ ਦੀ ਬਦਲੀਆ ਕੀਤੀਆਂ ਗਈਆਂ ਹਨ। 


Gurminder Singh

Content Editor

Related News