ਹਲਕਾ ਬਾਬਾ ਬਕਾਲਾ ''ਚ ਰੁਕਣ ਦਾ ਨਾਮ ਨਹੀਂ ਲੈ ਰਹੀ ਨਜਾਇਜ਼ ਮਾਈਨਿੰਗ
Friday, Nov 23, 2018 - 05:54 PM (IST)

ਵੈਰੋਵਾਲ (ਗਿੱਲ) : ਪੰਜਾਬ ਸਰਕਾਰ ਵਲੋਂ ਭਾਵੇਂ ਰੇਤ ਮਾਈਨਿੰਗ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਫਿਰ ਵੀ ਹਲਕਾ ਬਾਬਾ ਬਕਾਲਾ ਵਿਚ ਬੀਤੇ 2 ਸਾਲਾਂ ਦੌਰਾਨ 8 ਤੋਂ 10 ਵਾਰ ਦੇ ਕਰੀਬ ਰੇਤ ਮਾਈਨਿੰਗ ਦਾ ਮੁੱਦਾ ਪੱਤਰਕਾਰਾਂ ਵਲੋ ਉਚ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਮੀਡੀਆ ਵਲੋਂ ਜਦੋਂ ਰੇਤ ਮਾਈਨਿੰਗ ਦਾ ਮਮਲਾ ਜਨਤਕ ਕੀਤਾ ਜਾਂਦਾ ਹੈ ਤਾਂ ਕੇਵਲ ਕੁਝ ਦਿਨ ਇਸ ਨੂੰ ਰੋਕ ਦਿੱਤਾ ਜਾਂਦਾ ਹੈ ਪਰ ਫਿਰ ਸਿਲਸਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ। ਹੁਣ ਹਲਕਾ ਬਾਬਾ ਬਕਾਲਾ ਦੇ ਪਿੰਡ ਕੋਟ ਮਹਿਤਾਬ ਨੇੜੇ ਰੇਤ ਮਾਫੀਆ ਵਲੋਂ ਬੇ-ਖੋਫ ਨਜਾਇਜ਼ ਰੇਤ ਦੀ ਮਾਈਨਿੰਗ ਕਰਨ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿਥੋਂ ਰੇਤ ਮਾਫੀਆ ਬਿਆਸ ਦਰਿਆਂ ਵਿਚੋਂ ਵੱਡੇ ਪੱਧਰ 'ਤੇ ਜੇ.ਸੀ.ਬੀ. ਮਸ਼ੀਨਾਂ, ਟਿੱਪਰਾਂ ਅਤੇ ਹੋਰ ਵਾਹਨਾਂ ਰਾਂਹੀ ਸ਼ਰੇਆਮ ਰੇਤ ਦੀ ਮਾਈਨਿੰਗ ਕਰ ਰਹੇ ਹਨ।
ਇਸ ਦੀ ਵੀਡਿਓ ਪੱਤਰਕਾਰ ਕੋਲ ਪਹੁੰਚੀ ਅਤੇ ਜ਼ਿਲੇ ਦੇ ਉੱਚ ਪੁਲਸ ਅਫਸਰਾਂ ਅਤੇ ਮਾਈਨਿੰਗ ਅਧਿਰਾਕੀਆਂ ਦੇ ਧਿਆਨ ਵਿਚ ਬੀਤੀ 22 ਨਵੰਬਰ ਨੂੰ ਰਾਤ 8 ਵਜੇ ਦੇ ਕਰੀਬ ਲਿਆਂਦਾ ਗਿਆ ਪਰ ਉਨ੍ਹਾਂ ਵਲੋ ਕਾਰਵਾਈ ਕਰਨ ਦਾ ਭਰੋਸਾ ਦੇਣ ਦੇ ਬਾਵਯੂਦ ਅਗਲੇ ਦਿਨ ਵੀ ਮਾਈਨਿੰਗ ਦਾ ਕੰਮ ਜ਼ੋਰਾਂ 'ਤੇ ਚੱਲਦਾ ਰਿਹਾ, ਜਿਸਦੀ ਜਾਣਕਾਰੀ ਥਾਂਣਾ ਬਿਆਸ ਦੇ ਮੁੱਖੀ ਨੂੰ ਤਰੁੰਤ ਦਿੱਤੀ ਗਈ ਪਰ ਖਬਰ ਲਿਖੇ ਜਾਣ ਤੱਕ ਕਿਸੇ ਵੀ ਮਹਿਕਮੇ ਵਲੋਂ ਰੇਤ ਮਾਫੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ, ਜਿਸ ਤੋਂ ਸਮੁੱਚੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਮਿਲੀ ਭੁਗਤ ਸਾਫ ਨਜ਼ਰ ਆਉਦੀ ਹੈ। ਇਸ ਮੌਕੇ ਜਦੋਂ ਥਾਣਾ ਬਿਆਸ ਦੇ ਮੁੱਖੀ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ਤੋ ਬਾਹਰ ਡਿਊਟੀ 'ਤੇ ਗਿਆ ਸੀ ਮੈਂ ਜਿਲਦੀ ਹੀ ਪੜਤਾਲ ਕਰਵਾ ਕੇ ਕਾਰਵਾਈ ਕਰਾਂਗਾ।