ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ ''ਚ ਛੱਡ ਰਹੇ ''ਡੌਂਕਰ'', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ ''ਭੀਖ਼''
Friday, Jan 17, 2025 - 12:04 AM (IST)
ਜਲੰਧਰ (ਵਰੁਣ ਸ਼ਰਮਾ)- ਰੂਸ ਵਿਚ ਵਧੀਆ ਤਨਖਾਹ ਦੇਣ ਦਾ ਲਾਲਚ ਦੇ ਕੇ ਪੰਜਾਬੀਆਂ ਸਮੇਤ ਭਾਰਤੀ ਲੋਕਾਂ ਨੂੰ ਬੇਲਾਰੂਸ ਦੇ 300 ਕਿਲੋਮੀਟਰ ਦੇ ਘੇਰੇ ਵਿਚ ਫੈਲੇ ਜੰਗਲਾਂ ਵਿਚ ਮਰਨ ਲਈ ਛੱਡਿਆ ਜਾ ਰਿਹਾ ਹੈ। ਇਸ ਧੰਦੇ ਵਿਚ ਹਾਲ ਹੀ ਵਿਚ ਅੰਮ੍ਰਿਤਸਰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਕਪੂਰਥਲਾ ਦਾ ਅੰਕਿਤ ਡੌਂਕਰ ਵੀ ਸ਼ਾਮਲ ਹੈ, ਜਿਸ ਦੇ ਲਿੰਕ ਪਾਕਿਸਤਾਨੀ ਡੌਂਕਰਾਂ ਨਾਲ ਨਿਕਲੇ ਹਨ।
ਪਾਕਿਸਤਾਨੀ ਡੌਂਕਰਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਉਹ ਪੰਜਾਬੀਆਂ ਸਮੇਤ ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਨੰਗਾ ਕਰ ਕੇ ਉਨ੍ਹਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜਣ ਲਈ ਕਹਾ ਰਹੇ ਹਨ ਅਤੇ ਨਾਲ-ਨਾਲ ਵੀਡੀਓ ਵਿਚ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਵੀ ਜਾ ਰਿਹਾ ਹੈ। ਖੁਲਾਸਾ ਹੋਇਆ ਹੈ ਕਿ ਜਿਹੜੇ ਲੋਕ ਇਨ੍ਹਾਂ ਨੂੰ ਪੈਸੇ ਭੇਜ ਦਿੰਦੇ ਹਨ, ਉਨ੍ਹਾਂ ਵਿਚੋਂ ਕੁਝ ਨੂੰ ਤਾਂ ਉਹ ਛੱਡ ਦਿੰਦੇ ਹਨ ਪਰ ਵਧੇਰੇ ਲੋਕਾਂ ਨੂੰ ਉਹ ਬੇਲਾਰੂਸ ਦੇ ਜੰਗਲਾਂ ਵਿਚ ਛੱਡ ਦਿੰਦੇ ਹਨ।
ਜੇਕਰ ਪੁਲਸ ਉਨ੍ਹਾਂ ਨੂੰ ਜੰਗਲਾਂ ਵਿਚ ਮਿਲ ਜਾਵੇ ਤਾਂ ਠੀਕ, ਨਹੀਂ ਤਾਂ ਉਨ੍ਹਾਂ ਦਾ ਬਚਣਾ ਅਸੰਭਵ ਹੁੰਦਾ ਹੈ। ਹਾਲ ਹੀ ਵਿਚ 12 ਪਰਿਵਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਮਿਲ ਕੇ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਰੂਸ ਤੋਂ ਵਾਪਸ ਲਿਆਉਣ ਦੀ ਮੰਗ ਕਰ ਚੁੱਕੇ ਹਨ ਪਰ ਇਨਸਾਫ ਨਾ ਮਿਲਣ ’ਤੇ ਹੁਣ 4 ਨੌਜਵਾਨਾਂ ਦੇ ਪਰਿਵਾਰਕ ਮੈਂਬਰ ਖੁਦ 17 ਜਨਵਰੀ ਨੂੰ ਰੂਸ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਲੱਭਿਆ ਜਾ ਸਕੇ।
ਸਬ-ਏਜੰਟ ਅੰਕਿਤ ਨਿਵਾਸੀ ਲਿੱਟਾਂ (ਕਪੂਰਥਲਾ) ਲੋਕਾਂ ਨੂੰ ਰੂਸ ਅਤੇ ਪੋਲੈਂਡ ਵਿਚ ਵਧੀਆ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਦਿੱਲੀ ਦੇ ਏਜੰਟਾਂ ਨਾਲ ਮਿਲ ਕੇ ਉਨ੍ਹਾਂ ਨੂੰ ਰੂਸ ਭੇਜਦਾ ਹੈ, ਜਿਥੇ ਪਹਿਲਾਂ ਤੋਂ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਪਾਕਿਸਤਾਨੀ ਡੌਂਕਰ ਹੈਪੀ ਪ੍ਰਿੰਸ ਜੱਟ, ਅਲੀ ਜਾਇਨ, ਅਲੀ ਚੀਮਾ ਭੱਟ ਆਦਿ ਜਾਂਦੇ ਹੀ ਉਨ੍ਹਾਂ ਨੂੰ ਅਗਵਾ ਕਰ ਕੇ ਬੇਲਾਰੂਸ ਵਿਚ ਆਪਣੇ ਟਿਕਾਣਿਆਂ ’ਤੇ ਬੰਦੀ ਬਣਾ ਲੈਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ। ਉਨ੍ਹਾਂ ਕੋਲ ਜੋ ਕੁਝ ਵੀ ਹੁੰਦਾ ਹੈ, ਉਹ ਸਭ ਕੁਝ ਲੁੱਟ ਕੇ ਉਨ੍ਹਾਂ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਪਰਿਵਾਰਕ ਮੈਂਬਰਾਂ ਤੋਂ 4 ਤੋਂ 8 ਲੱਖ ਰੁਪਏ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ- CBSE ਦੀ ਨਿਵੇਕਲੀ ਪਹਿਲਕਦਮੀ ; ਵਿਦਿਆਰਥੀ ਹੁਣ ਬੋਰਡ ਕਲਾਸਾਂ 'ਚੋਂ ਨਹੀਂ ਹੋਣਗੇ Fail !
ਉਨ੍ਹਾਂ ਨੂੰ ਇੰਨਾ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਖੁਦ ਉਨ੍ਹਾਂ ਤੋਂ ਮੌਤ ਦੀ ਭੀਖ ਮੰਗਦੇ ਹਨ। ਕੁਝ ਅਜਿਹੇ ਏਜੰਟ ਵੀ ਹਨ, ਜਿਨ੍ਹਾਂ ਨੇ ਇਨ੍ਹਾਂ ਡੌਂਕਰਾਂ ਅਤੇ ਸਬ-ਏਜੰਟਾਂ ਦੇ ਧੰਦੇ ਤੋਂ ਪ੍ਰੇਸ਼ਾਨ ਹੋ ਕੇ ਇਕ ਗਰੁੱਪ ਬਣਾਇਆ ਹੈ, ਜੋ ਭਾਰਤ ਵਿਚ ਬੈਠੇ-ਬੈਠੇ ਉਥੋਂ ਦੀ ਪੁਲਸ ਨੂੰ ਇਨਪੁੱਟ ਦੇ ਕੇ ਬੰਦੀਆਂ ਨੂੰ ਛੁਡਵਾਉਣ ਦਾ ਯਤਨ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਲੰਧਰ ਜ਼ਿਲ੍ਹੇ ਵਿਚ ਵੀ ਅੰਕਿਤ ਡੌਂਕਰ ਖ਼ਿਲਾਫ਼ ਸ਼ਿਕਾਇਤਾਂ ਦਰਜ ਹਨ, ਜੋ ਇਸ ਦੇ ਬਾਵਜੂਦ ਕਪੂਰਥਲਾ ਆਦਿ ਇਲਾਕੇ ਵਿਚ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਰਿਹਾ। ਇਕ ਸਾਲ ਤੋਂ ਬੰਦੀ ਬਣਾਏ ਹੋਏ ਭਾਰਤ ਦੇ 12 ਲੋਕਾਂ ਦੇ ਗਰੁੱਪ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
ਕਈਆਂ ਨੂੰ ਰੂਸੀ ਫੌਜ ’ਚ ਜ਼ਬਰਦਸਤੀ ਭਰਤੀ ਕਰਵਾਇਆ, ਉਹ ਵੀ ਲਾਪਤਾ
ਭਾਰਤ ਤੋਂ ਰੂਸ ਗਏ ਕਈ ਲੋਕਾਂ ਨੂੰ ਵਧੀਆ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿਚ ਭਰਤੀ ਕਰਵਾਇਆ ਗਿਆ। 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਰੂਸੀ ਫੌਜ ਵਿਚ ਭਰਤੀ ਕਰ ਕੇ ਉਨ੍ਹਾਂ ਦੇ ਹੱਥਾਂ ਵਿਚ ਆਟੋਮੈਟਿਕ ਗੰਨਜ਼ ਫੜਾ ਦਿੱਤੀਆਂ ਗਈਆਂ ਅਤੇ ਲੜਨ ਲਈ ਜੰਗ ਵਿਚ ਭੇਜਿਆ ਗਿਆ। ਫੌਜ ਵਿਚ ਭਰਤੀ ਹੋਣ ਤੋਂ ਬਾਅਦ ਕੁਝ ਦਿਨਾਂ ਤਕ ਉਨ੍ਹਾਂ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਹੁੰਦੀ ਰਹੀ ਪਰ ਹੁਣ ਉਨ੍ਹਾਂ ਦਾ ਕੋਈ ਪਤਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ ਸੀ।
ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਥਾਈਂ ਹੋ ਗਈ ਮੌਤ
ਅੰਕਿਤ ਡੌਂਕਰ ਨੇ ਸ਼੍ਰੀਲੰਕਾ ਦੇ ਲੋਕਾਂ ਨੂੰ ਬਣਾਇਆ ਸੀ ਬੰਦੀ
ਹਾਲ ਹੀ ਵਿਚ ਅੰਕਿਤ ਡੌਂਕਰ ਨੇ ਆਪਣੇ ਸਾਥੀ ਇੰਦਰਜੀਤ ਨਿਵਾਸੀ ਚੰਦਪੁਰ ਅਤੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ 2 ਦਸੰਬਰ ਨੂੰ ਭਾਰਤ ਘੁੰਮਣ ਆਏ 6 ਸ਼੍ਰੀਲੰਕਾ ਦੇ ਲੋਕਾਂ ਵਿਚੋਂ 2 ਨੂੰ ਅਲਬਾਨੀਆ ਦਾ ਵੀਜ਼ਾ ਲੁਆਉਣ ਦਾ ਕਹਿ ਕੇ ਉਨ੍ਹਾਂ ਤੋਂ ਪਹਿਲਾਂ ਤਾਂ 3000 ਯੂ.ਐੱਸ. ਡਾਲਰ ਲੈ ਲਏ ਅਤੇ ਫਿਰ ਕੁਝ ਸਮੇਂ ਬਾਅਦ ਉਨ੍ਹਾਂ ਦਾ ਵੀਜ਼ਾ ਆਉਣ ਦਾ ਕਹਿ ਕੇ ਸ਼੍ਰੀਲੰਕਾ ਤੋਂ ਅੰਮ੍ਰਿਤਸਰ ਬੁਲਾ ਲਿਆ। ਜਿਉਂ ਹੀ ਉਹ ਲੋਕ ਆਏ ਤਾਂ ਅੰਕਿਤ ਡੌਂਕਰ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਬਾਅਦ ਵਿਚ ਵੀਡੀਓ ਕਾਲ ਕਰ ਕੇ ਉਨ੍ਹਾਂ ਦੇ ਸਾਥੀਆਂ ਨੂੰ ਅਗਵਾ ਹੋਣ ਦਾ ਕਹਿ ਕੇ 8 ਹਜ਼ਾਰ ਯੂਰੋ ਮੰਗਣ ਲੱਗੇ।
ਮਾਮਲਾ ਅੰਮ੍ਰਿਤਸਰ ਪੁਲਸ ਦੇ ਧਿਆਨ ਵਿਚ ਆਇਆ ਤਾਂ ਉਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਅੰਕਿਤ ਡੌਂਕਰ ਅਤੇ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਗੁਰਪ੍ਰੀਤ ਸਿੰਘ ਗੋਪੀ ਫ਼ਰਾਰ ਹੋ ਗਿਆ ਸੀ। ਇਸ ਮਾਮਲੇ ਵਿਚ ਜਸ਼ਨ ਨਾਂ ਦੇ ਨੌਜਵਾਨ ਦਾ ਵੀ ਨਾਂ ਸਾਹਮਣੇ ਆਇਆ ਸੀ। ਅੰਕਿਤ ਡੌਂਕਰ ਅਤੇ ਉਸ ਦੇ ਸਾਥੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਪਰ ਪੁਲਸ ਹੁਣ ਦੁਬਾਰਾ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ।
ਕਈ ਲੋਕ ਅਜੇ ਵੀ ਬੇਲਾਰੂਸ ’ਚ ਫਸੇ
ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਬੇਲਾਰੂਸ ਵਿਚ ਅਜੇ ਵੀ ਕਈ ਲੋਕ ਫਸੇ ਹੋਏ ਹਨ। ਕੁਝ ਲੋਕਾਂ ਨੂੰ ਤਾਂ ਪਾਕਿਸਤਾਨ ਦੇ ਡੌਂਕਰਾਂ ਨੇ ਬੰਦੀ ਬਣਾਇਆ ਹੋਇਆ ਹੈ, ਜਦੋਂ ਕਿ ਕਈ ਲੋਕ ਬੇਲਾਰੂਸ ਦੇ ਜੰਗਲਾਂ ਵਿਚ ਭਟਕ ਰਹੇ ਹਨ, ਹਾਲਾਂਕਿ ਜਿਹੜਾ ਗਰੁੱਪ ਇਨ੍ਹਾਂ ਡੌਂਕਰਾਂ ਖ਼ਿਲਾਫ਼ ਖੜ੍ਹੇ ਹੋ ਕੇ ਉਨ੍ਹਾਂ ਨੂੰ ਫੜਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਬੇਲਾਰੂਸ ਦੀ ਪੁਲਸ ਨਾਲ ਮਿਲ ਕੇ ਵੀ ਕੰਮ ਕਰ ਰਿਹਾ ਹੈ ਅਤੇ ਜਿਥੇ-ਜਿਥੇ ਭਾਰਤੀ ਲੋਕਾਂ ਨੂੰ ਅਗਵਾ ਕਰਨ ਦੀ ਉਨ੍ਹਾਂ ਕੋਲ ਸੂਚਨਾ ਆਉਂਦੀ ਹੈ, ਉਹ ਇਨਪੁੱਟ ਬੇਲਾਰੂਸ ਦੀ ਪੁਲਸ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਇਸ ਗਰੁੱਪ ਦੀ ਮਦਦ ਨਾਲ ਕਈ ਛੋਟੇ ਡੌਂਕਰ ਫੜੇ ਜਾ ਚੁੱਕੇ ਹਨ ਅਤੇ ਇਕ ਮਾਰਿਆ ਵੀ ਜਾ ਚੁੱਕਾ ਹੈ ਪਰ ਇਹ ਮੇਨ ਡੌਂਕਰ ਅਜੇ ਵੀ ਭਾਰਤੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਗਵਾ ਕਰ ਕੇ ਅਤੇ ਭੁੱਖਾ ਰੱਖ ਕੇ ਕੁੱਟਿਆ-ਮਾਰਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ ; ਬਦਲ ਗਈ ਪ੍ਰੀਖਿਆਵਾਂ ਦੀ ਡੇਟਸ਼ੀਟ, ਨਵੀਆਂ ਤਰੀਕਾਂ ਦਾ ਹੋ ਗਿਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e