158 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਸਮੱਗਲਰ ਕਾਬੂ
Sunday, Jun 10, 2018 - 03:54 AM (IST)
ਹੁਸ਼ਿਆਰਪੁਰ, (ਅਮਰਿੰਦਰ)- ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਦੀ ਟੀਮ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਅੱਜ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਦੋਸਡ਼ਕਾ ਨੇੜੇ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਮੇਤ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗਡ਼੍ਹ ਤੋਂ ਭਾਰੀ ਮਾਤਰਾ ’ਚ ਸ਼ਰਾਬ ਟਾਂਡਾ ਵੱਲ ਲਿਜਾਈ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਟੀਮ ਨੇ ਦੋਸਡ਼ਕਾ ਅੱਡੇ ਤੋਂ ਪਹਿਲਾਂ ਹੀ ਨਾਕਾਬੰਦੀ ਦੌਰਾਨ ਇਕ ਵਾਹਨ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 158 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਉਕਤ ਸਮੱਗਲਰ ਨੂੰ ਕਾਬੂ ਕਰ ਲਿਆ। ਦੋਸ਼ੀ ਦੀ ਪਛਾਣ ਅਵਨੀਸ਼ ਕੁਮਾਰ ਉਰਫ ਸੰਨੀ ਪੁੱਤਰ ਜੋਗਿੰਦਰ ਪਾਲ ਵਾਸੀ ਨਿਊ ਮੋਦੀ ਨਗਰ ਲੁਧਿਆਣਾ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
