ਜ਼ਿਲੇ ''ਚ ਗੈਰ-ਕਾਨੂੰਨੀ ਨਿਕਾਸੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਡੀ. ਸੀ.

Tuesday, Mar 13, 2018 - 06:44 AM (IST)

ਜ਼ਿਲੇ ''ਚ ਗੈਰ-ਕਾਨੂੰਨੀ ਨਿਕਾਸੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਡੀ. ਸੀ.

ਕਪੂਰਥਲਾ, (ਗੁਰਵਿੰਦਰ ਕੌਰ, ਜ. ਬ)– ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲ ਰਹੀ ਹੈ ਤੇ ਇਸ ਸਬੰਧੀ ਗਠਿਤ ਕੀਤੀਆਂ ਸੰਯੁਕਤ ਟੀਮਾਂ ਵੱਲੋਂ ਬੀਤੇ ਇਕ ਹਫ਼ਤੇ ਦੌਰਾਨ ਪੰਜ ਥਾਵਾਂ 'ਤੇ ਨਾਜਾਇਜ਼ ਨਿਕਾਸੀ ਦੇ ਕੇਸ ਫੜ ਕੇ ਇਕ ਖੁਦਾਈ ਮਸ਼ੀਨ ਤੇ 8 ਟਰੈਕਟਰ-ਟਰਾਲੀਆਂ ਜ਼ਬਤ ਕੀਤੀਆਂ ਗਈਆਂ ਹਨ। 
ਇਹ ਜਾਣਕਾਰੀ ਏ. ਡੀ. ਸੀ. (ਜ) ਰਾਹੁਲ ਚਾਬਾ ਨੇ ਅੱਜ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਗਠਿਤ ਕੀਤੀਆਂ ਗਈਆਂ ਅੰਤਰ-ਵਿਭਾਗੀ ਸੰਯੁਕਤ ਟੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਵਿੱਢੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕਾਰਵਾਈ ਕੀਤੀ ਗਈ ਹੈ ਤੇ ਇਸੇ ਲੜੀ ਤਹਿਤ ਬੀਤੇ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਢੁੱਡੀਆਂਵਾਲ ਵਿਖੇ ਗੁਰਚਰਨ ਸਿੰਘ ਨਾਂ ਦਾ ਵਿਅਕਤੀ ਦੋ ਟ੍ਰੈਕਟਰ-ਟਰਾਲੀਆਂ ਸਮੇਤ ਖੁਦਾਈ ਕਰਦਾ ਪਾਇਆ ਗਿਆ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਪੁਲਸ ਚੌਕੀ ਭੁਲਾਣਾ ਭੇਜ ਦਿੱਤਾ ਗਿਆ। 
ਇਸ ਮੌਕੇ ਡੀ. ਸੀ. ਮੁਹੰਮਦ ਤਇਅਬ ਨੇ ਦੱਸਿਆ ਕਿ ਜ਼ਿਲੇ 'ਚ ਗੈਰ-ਕਾਨੂੰਨੀ ਨਿਕਾਸੀ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਲਈ ਮੁੱਖ ਸਕੱਤਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰੇਕ ਸਬ-ਡਵੀਜ਼ਨ ਲਈ ਚਾਰ ਅੰਤਰ-ਵਿਭਾਗੀ ਸੰਯੁਕਤ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਟੀਮ 'ਚ ਮਾਲ, ਪੁਲਸ, ਆਬਕਾਰੀ ਤੇ ਕਰ, ਡਰੇਨੇਜ ਤੇ ਮਾਈਨਿੰਗ ਵਿਭਾਗਾਂ ਨਾਲ ਸਬੰਧ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਜ਼ਿਲਾ ਪੱਧਰੀ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਡੀ. ਸੀ. ਨੇ ਕਿਹਾ ਕਿ ਜ਼ਿਲੇ 'ਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਾਜਾਇਜ਼ ਮਾਈਨਿੰਗ ਖਿਲਾਫ਼ ਖੁੱਲ੍ਹ ਕੇ ਅੱਗੇ ਆਉਣ। 


Related News