ਨਿਗਮ ਅਧਿਕਾਰੀਆਂ ਨੂੰ ਘੂਰੀ ਦੇ ਕੇ ਹੋ ਗਿਆ ਨਾਜਾਇਜ਼ ਕਮਰਸ਼ੀਅਲ ਨਿਰਮਾਣ!
Thursday, Feb 01, 2018 - 08:01 AM (IST)
ਪਟਿਆਲਾ (ਜੋਸਨ) - ਸੀ. ਐੱਮ. ਸਿਟੀ ਵਿਚ ਕਮਾਲ ਹੋਣੇ ਸੁਰੂ ਹੋ ਗਏ ਹਨ, ਇਥੇ ਸਥਾਨਕ ਦਵਾਈਆਂ ਵਾਲੀ ਮਾਰਕੀਟ ਵਿਖੇ ਸਥਿਤ ਰਿਹਾਇਸ਼ੀ ਘਰ ਨੂੰ ਵੱਡੇ ਕਮਰਸ਼ੀਅਲ ਸ਼ੋਅਰੂਮ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਇਥੇ ਹੀ ਬਸ ਨਹੀ ਇਸ ਸ਼ੋਅਰੂਮ ਨੂੰ ਬਣਾਉਣ ਲਈ ਇਕ ਕਾਂਗਰਸੀ ਨੇਤਾ ਨੇ ਨਿਗਮ ਅਧਿਕਾਰੀਆਂ ਨੂੰ ਘੂਰ ਦਿੱਤਾ, ਜਿਸ ਕਾਰਨ ਨਿਗਮ ਦੇ ਅਫਸਰ ਵੀ ਚੁੱਪ ਕਰ ਗਏ ਹਨ।
ਦਵਾਈਆਂ ਵਾਲੀ ਮਾਰਕੀਟ ਵਿਖੇ ਇਕ ਵਿਅਕਤੀ ਨੇ ਲਗਭਗ 1 ਸਾਲ ਪਹਿਲਾਂ ਇਕ ਕਮਰਾ ਬਣਾਇਆ ਸੀ ਅਤੇ ਬਕਾਇਦਾ ਰਿਹਾਇਸ਼ੀ ਨਕਸ਼ਾ ਵੀ ਪਾਸ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਉਸ ਵਿਅਕਤੀ ਨੇ ਜਦੋਂ ਇਸ ਕਮਰੇ ਨੂੰ ਸ਼ੋਅਰੂਮ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ। ਲੰਬੀ ਜਾਂਚ ਤੋਂ ਬਾਅਦ ਉਕਤ ਕਮਰੇ ਦੇ ਮਾਲਕ ਨੇ ਨਗਰ ਨਿਗਮ ਪਟਿਆਲਾ ਵਿਖੇ ਬਕਾਇਦਾ ਹਲਫੀਆ ਬਿਆਨ ਦਿੱਤਾ ਕਿ ਅੱਜ ਤੋਂ ਬਾਅਦ ਉਹ ਇਥੇ ਕਮਰਸ਼ੀਅਲ ਗਤੀਵਿਧੀਆਂ ਨਹੀਂ ਕਰੇਗਾ, ਬਲਕਿ ਰਿਹਾਇਸ਼ ਹੀ ਕੀਤੀ ਜਾਏਗੀ। ਹੁਣ ਫਿਰ ਉਸ ਵਿਅਕਤੀ ਨੇ ਇਥੇ ਸ਼ੋਅਰੂਮ ਬਣਾ ਕੇ ਦਵਾਈਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ।
ਸ਼ੋਅਰੂਮ ਨੂੰ ਬਨਾਉਣ ਲਈ ਫਿਰ ਰਾਜਨੀਤਕ ਖੇਡ ਵਰਤੀ ਗਈ, ਨਿਗਮ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸਾਰੀ ਕਰਤਾ ਨੇ ਇਥੇ ਸਾਨਦਾਰ ਸ਼ੋਅਰੂਮ ਉਸਾਰ ਲਿਆ ਤੇ ਨਿਗਮ ਤੇ ਅਧਿਕਾਰੀ ਕਾਂਗਰਸੀ ਨੇਤਾ ਤੋਂ ਡਰਦੇ ਮਾਰੇ ਚੁੱਪ ਕਰ ਗਏ ਹਨ, ਜਿਸ ਤੋਂ ਲੋਕ ਪ੍ਰੇਸ਼ਾਨ ਹਨ। ਲੋਕ ਸੋਚ ਰਹੇ ਸਨ ਕਿ ਪਟਿਆਲਾ ਦਾ ਮੁੱਖ ਮੰਤਰੀ ਬਣਨ ਤੋ ਬਾਅਦ ਸਾਇਦ ਇਹੋ ਜਿਹੇ ਨਾਜਾਇਜ਼ ਨਿਰਮਾਣਾਂ 'ਤੇ ਰੋਕ ਲੱਗ ਜਾਵੇਗੀ ਪਰ ਇਸ ਦੇ ਉਲਟ ਸਭ ਕੁਝ ਵਾਪਰ ਰਿਹਾ ਹੈ ਤੇ ਇਹੋ ਜਿਹੇ ਨਾਜਾਇਜ਼ ਨਿਰਮਾਣ ਹੋ ਰਹੇ ਹਨ।
ਸਖਤ ਕਾਰਵਾਈ ਹੋਵੇਗੀ : ਏ. ਟੀ. ਪੀ.
ਪਟਿਆਲਾ (ਜੋਸਨ) - ਇਸ ਸਬੰਧੀ ਨਗਰ ਨਿਗਮ ਦੇ ਅਸਿਸਟੈਂਟ ਟਾਊਨ ਪਲਾਨਰ ਨਰੇਸ਼ ਕੁਮਾਰ ਨੇ ਕਿਹਾ ਕਿ ਇਹ ਸ਼ੋਅਰੂਮ ਅਸੀਂ ਸੀਲ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਇਸ ਦਾ ਮਾਲਕ ਇਹ ਹਲਫੀਆ ਬਿਆਨ ਦੇ ਕੇ ਗਿਆ ਸੀ ਕਿ ਉਹ ਕਮਰਸ਼ੀਅਲ ਨਿਰਮਾਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮੈ ਇਸ ਸਬੰਧੀ ਇੰਸਪੈਕਟਰ ਦੀ ਡਿਊੂਟੀ ਲਾ ਦਿੱਤੀ ਹੈ ਤੇ ਇਸ ਨੂੰ ਜਲਦ ਹੀ ਮੁੜ ਸੀਲ ਕਰ ਦਿੱਤਾ ਜਾਵੇਗਾ
ਲੋਕ ਜਾਣਗੇ ਡੀ. ਸੀ. ਦੇ ਦਰਬਾਰ
ਪਟਿਆਲਾ (ਜੋਸਨ) - ਨਿਗਮ ਵੱਲੋਂ ਕੋਈ ਠੋਸ ਸੁਣਵਾਈ ਨਾ ਹੋਣ ਕਾਰਨ ਇਸ ਮਾਮਲੇ ਨੂੰ ਲੈ ਕੇ ਲੋਕ ਹੁਣ ਡੀ. ਸੀ. ਪਟਿਆਲਾ ਕੁਮਾਰ ਅਮਿਤ ਨੂੰ ਮਿਲਣ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਇਸ ਸਬੰਧੀ ਸਾਰੀ ਡਿਟੇਲ ਡੀ. ਸੀ. ਪਟਿਆਲਾ ਦੇ ਧਿਆਨ ਵਿਚ ਲਿਆਂਦੀ ਜਾਵੇਗੀ।