ਇੱਟਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ''ਤੇ ਵਿਭਾਗ ਦਾ ਸ਼ਿਕੰਜਾ

Saturday, Jan 13, 2018 - 05:19 AM (IST)

ਲੁਧਿਆਣਾ(ਖੁਰਾਣਾ)-ਮਹਾਨਗਰ ਵਿਚ ਇੱਟਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਦਲਾਲਾਂ 'ਤੇ ਸ਼ਿਕੰਜਾ ਕੱਸਦੇ ਹੋਏ ਫੂਡ ਸਪਲਾਈ ਵਿਭਾਗ ਨੇ ਅੱਜ ਸ਼ਹਿਰ ਦੇ ਕਈ ਇਲਾਕਿਆਂ 'ਚ ਸਰਵੇ ਕਰ ਕੇ ਦਲਾਲਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ।  ਵਿਭਾਗੀ ਅਧਿਕਾਰੀਆਂ ਦੀ ਇਕ ਟੀਮ ਨੇ ਏ. ਐੱਫ. ਐੱਸ. ਓ. ਸਾਹਨੇਵਾਲ ਦੀ ਅਗਵਾਈ 'ਚ 33 ਫੁੱਟਾ ਰੋਡ, ਗਿਆਸਪੁਰਾ, ਹੈਬੋਵਾਲ ਅਤੇ ਪੱਖੋਵਾਲ ਆਦਿ ਇਲਾਕਿਆਂ 'ਚ ਦੌਰਾ ਕਰ ਕੇ ਇੱਟਾਂ ਦੀ ਨਾਜਾਇਜ਼ ਵਿਕਰੀ ਕਰ ਰਹੇ ਦਲਾਲਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਗੈਰ-ਕਾਨੂੰਨੀ ਕਾਰੋਬਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਿਯਮਾਂ ਦੇ ਮੁਤਾਬਕ ਇੱਟਾਂ ਦੀ ਵਿਕਰੀ ਦਾ ਕੰਮ ਕੇਵਲ ਭੱਠਾ ਮਾਲਕਾਂ ਵਲੋਂ ਹੀ ਆਪਣੇ ਰਜਿਸਟਰਡ ਦਫਤਰ ਤੋਂ ਹੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਬਾਕਾਇਦਾ ਵਿਭਾਗ ਤੋਂ ਲਾਇਸੈਂਸ ਲੈਣਾ ਪੈਂਦਾ ਹੈ ਪਰ ਨਗਰ 'ਚ ਸਰਗਰਮ ਇੱਟ ਮਾਫੀਆ ਵਲੋਂ ਨਿਯਮਾਂ ਨੂੰ ਦਰ ਕਿਨਾਰ ਕਰਦੇ ਹੋਏ ਖੁੱਲ੍ਹੇਆਮ ਗਲੀ-ਮੁਹੱਲਿਆਂ 'ਚ ਇੱਟਾਂ ਦੀ ਗੈਰ-ਕਾਨੂੰਨੀ ਵਿਕਰੀ ਕੀਤੀ ਜਾ ਰਹੀ ਹੈ। ਹਾਲਾਂਕਿ ਦਲਾਲਾਂ ਦੇ ਖਿਲਾਫ ਵਿਭਾਗ ਵਲੋਂ ਕੰਟਰੋਲ ਐਕਟ 1958 ਦੀ ਧਾਰਾ 3 ਦੇ ਅਧੀਨ ਪਰਚਾ ਵੀ ਦਰਜ ਕੀਤਾ ਜਾ ਸਕਦਾ ਹੈ, ਉਥੇ ਮੌਕੇ 'ਤੇ ਪਈਆਂ ਇੱਟਾਂ ਨੂੰ ਕਬਜ਼ੇ 'ਚ ਲਿਆ ਜਾ ਸਕਦਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਵਿਭਾਗ ਵਲੋਂ ਹੁਣ ਤੱਕ ਇਸ ਤਰ੍ਹਾਂ ਦਾ ਇਕ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਇੱਟ ਭੱਠਾ ਮਾਲਕ ਐਸੋਸੀਏਸ਼ਨ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਦਿੱਤੀ ਸੀ।
60 ਭੱਠਾ ਮਾਲਕਾਂ ਨੇ ਬੰਦ ਕੀਤਾ ਕਾਰੋਬਾਰ 
ਲੁਧਿਆਣਾ ਇੱਟ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਹੀ ਨੇ ਦੱਸਿਆ ਕਿ ਲੁਧਿਆਣਾ 'ਚ ਇੱਟਾਂ ਦੀ ਨਾਜਾਇਜ਼ ਵਿਕਰੀ ਕਰ ਰਹੇ ਸਰਗਰਮ ਦਲਾਲਾਂ ਤੋਂ ਦੁਖੀ ਹੋ ਕੇ ਪਿਛਲੇ ਕੁਝ ਸਮੇਂ ਦੇ ਦੌਰਾਨ 60 ਦੇ ਲਗਭਗ ਭੱਠਾ ਮਾਲਕਾਂ ਨੇ ਆਪਣੇ ਭੱਠੇ ਬੰਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਨਗਰ 'ਚ ਸਰਗਰਮ ਦਲਾਲਾਂ ਵਲੋਂ ਰਾਜਸਥਾਨ, ਗੰਗਾਨਗਰ, ਹਰਿਆਣਾ ਅਤੇ ਹੋਰ ਗੁਆਂਢੀ ਰਾਜਾਂ ਤੋਂ ਇੱਟਾਂ ਲਿਆ ਕੇ ਇਥੇ ਨਾਜਾਇਜ਼ ਵਿਕਰੀ ਕੀਤੀ ਜਾ ਰਹੀ ਹੈ। ਮੋਹੀ ਨੇ ਕਿਹਾ ਕਿ ਵਿਭਾਗ ਦੀ ਅੱਜ ਦੀ ਕਾਰਵਾਈ ਜੇਕਰ ਇਸ ਤਰ੍ਹਾਂ ਹੀ ਚਲਦੀ ਰਹੀ ਤਾਂ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ, ਜਿਸ ਦਾ ਭੱਠਾ ਮਾਲਕਾਂ ਨੂੰ ਲਾਭ ਮਿਲੇਗਾ। 
ਚਿਤਾਵਨੀ ਹੀ ਨਹੀਂ, ਕਾਰਵਾਈ ਵੀ ਹੋਵੇਗੀ : ਕੰਟਰੋਲਰ 
ਖਾਦ ਅਤੇ ਅਪੂਰਤੀ ਵਿਭਾਗ ਦੇ ਕੰਟਰੋਲਰ ਸੁਰਿੰਦਰ ਬੇਰੀ ਨੇ ਕਿਹਾ ਕਿ ਉਹ ਜ਼ਿਲੇ 'ਚ ਇੱਟਾਂ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਦਲਾਲਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨਗੇ। ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਚਿਤਾਵਨੀ ਹੀ ਨਹੀਂ, ਬਣਦੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਵੇਗੀ।
 


Related News