ਲੋਕਪਾਲ ਦੀ ਟੀਮ ਵੱਲੋਂ ਅੱਜ 15 ਨਾਜਾਇਜ਼ ਬਿਲਡਿੰਗਾਂ ਦੀ ਕੀਤੀ ਜਾਵੇਗੀ ਜਾਂਚ

Thursday, Feb 08, 2018 - 10:50 AM (IST)

ਲੋਕਪਾਲ ਦੀ ਟੀਮ ਵੱਲੋਂ ਅੱਜ 15 ਨਾਜਾਇਜ਼ ਬਿਲਡਿੰਗਾਂ ਦੀ ਕੀਤੀ ਜਾਵੇਗੀ ਜਾਂਚ

ਜਲੰਧਰ (ਖੁਰਾਣਾ)— ਲੋਕਪਾਲ ਪੰਜਾਬ ਦੇ ਇਨਵੈਸਟੀਗੇਸ਼ਨ ਵਿੰਗ ਦੀ ਟੀਮ 8 ਫਰਵਰੀ ਨੂੰ ਜਲੰਧਰ ਨਗਰ ਨਿਗਮ ਆ ਕੇ ਸਲੇਮਪੁਰ ਮੁਸਲਮਾਨਾਂ ਨੇੜੇ ਕੱਟੀ ਤੂਰ ਇਨਕਲੇਵ ਫੇਸ-3, ਸ਼ਿਵ ਵਿਹਾਰ ਕਾਲੋਨੀ ਅਤੇ ਗੁਲਮਰਗ ਸਿਟੀ ਦੇ ਪਿੱਛੇ ਨਾਜਾਇਜ਼ ਤੌਰ 'ਤੇ ਕੱਟੀ ਕਾਲੋਨੀ ਦੀ ਜਿੱਥੇ ਜਾਂਚ ਕਰੇਗੀ, ਉਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ 15 ਨਾਜਾਇਜ਼ ਉਸਾਰੀਆਂ ਦੀ ਜਾਂਚ ਵੀ ਇਹ ਟੀਮ ਕਰੇਗੀ। ਇਸ ਟੀਮ ਨੂੰ ਲੈ ਕੇ ਕਾਲੋਨਾਈਜ਼ਰਾਂ 'ਤੇ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਭੜਥੂ ਪਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਐਕਟੀਵਿਸਟ ਅਤੇ ਹੋਰ ਸ਼ਿਕਾਇਤ ਕਰਨ ਵਾਲਿਆਂ ਨੇ 2015 ਵਿਚ ਤੂਰ ਇਨਕਲੇਵ ਅਤੇ ਹੋਰ ਕਾਲੋਨੀਆਂ ਤੇ 15 ਉਸਾਰੀਆਂ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ ਪਰ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਨਿਗਮ ਨੇ ਨੋਟਿਸ ਜਾਰੀ ਕਰਨ ਤੋਂ ਇਲਾਵਾ ਇਨ੍ਹਾਂ ਕਾਲੋਨੀਆਂ ਜਾਂ ਬਿਲਡਿੰਗਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਲਗਾਤਾਰ ਤਿੰਨ ਸਾਲ ਲੋਕਪਾਲ ਦਫਤਰ ਵਿਚ ਇਨ੍ਹਾਂ ਬਾਰੇ ਕੇਸ ਚਲਦਾ ਰਿਹਾ। ਹੁਣ ਲੋਕਪਾਲ ਦੀ ਟੀਮ ਵੀਰਵਾਰ ਨੂੰ ਸ਼ਹਿਰ ਆ ਕੇ ਇਨ੍ਹਾਂ ਨਾਜਾਇਜ਼ ਉਸਾਰੀਆਂ ਦੀ ਜਾਂਚ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਜੇਕਰ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਬਤ ਹੁੰਦੀ ਹੈ ਤਾਂ ਉਨ੍ਹਾਂ 'ਤੇ ਵੀ ਸਖਤ ਕਾਰਵਾਈ ਦੀ ਸਿਫਾਰਸ਼ ਲੋਕਪਾਲ ਵੱਲੋਂ ਕੀਤੀ ਜਾ ਸਕਦੀ ਹੈ।
ਇਨ੍ਹਾਂ ਸ਼ਿਕਾਇਤਾਂ ਵਿਚ ਮੋਤਾ ਸਿੰਘ ਨਗਰ ਮਾਰਕੀਟ ਵਿਚ ਬਣਿਆ ਸ਼ਾਹ ਹੋਟਲ ਵੀ ਹੈ, ਜਿਸ ਬਾਰੇ ਲਗਾਤਾਰ 2-3 ਸਾਲ ਤੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਉਥੇ ਮਾਰਕੀਟ ਦੀ ਸਭ ਤੋਂ ਉੱਚੀ ਬਿਲਡਿੰਗ ਬਣ ਕੇ ਤਿਆਰ ਹੋ ਗਈ ਅਤੇ ਕਿਸੇ ਨਿਗਮ ਅਧਿਕਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। 

PunjabKesari
ਇਸੇ ਤਰ੍ਹਾਂ ਕੋਠੀ ਨੰਬਰ-400, ਮਾਡਲ ਟਾਊਨ, ਈ. ਕੇ. 188 ਫਗਵਾੜਾ ਗੇਟ, ਦੁਕਾਨ ਨੰਬਰ 40 ਮਾਡਲ ਟਾਊਨ, ਗੋਲਡਨ ਹਸਪਤਾਲ ਅਤੇ ਜੇ. ਐੱਸ. ਟ੍ਰੇਡਰ ਮਾਡਲ ਟਾਊਨ, ਹਾਊਸਿੰਗ ਬੋਰਡ ਕਾਲੋਨੀ ਵਿਚ ਸ਼ੋਅਰੂਮ, ਮੇਅਰ ਹਾਊਸ ਦੇ ਸਾਹਮਣੇ ਰੈਸਟੋਰੈਂਟ, ਕੁਲਦੀਪ ਸਿੰਘ ਓਬਰਾਏ ਵਲੋਂ ਰੈਣਕ ਬਾਜ਼ਾਰ ਵਿਚ ਬਣਾਈ ਗਈ ਬਿਲਡਿੰਗ, ਰਿਲਾਇੰਸ ਫੁੱਟਵੀਅਰ ਵਾਲੀ ਬਿਲਡਿੰਗ, ਨਕੋਦਰ ਰੋਡ ਸਥਿਤ ਹਰਨਾਮ ਸਿੰਘ ਦੀ ਬਿਲਡਿੰਗ ਅਤੇ ਹੋਟਲ ਇੰਦਰਪ੍ਰਸਤ ਨੇੜੇ ਬਣੀਆਂ ਨਾਜਾਇਜ਼ ਦੁਕਾਨਾਂ ਬਾਰੇ ਵੀ ਲੋਕਪਾਲ ਨੂੰ ਕਈ ਸਾਲ ਪਹਿਲਾਂ ਜੋ ਸ਼ਿਕਾਇਤਾਂ ਕੀਤੀਆਂ ਗਈਆਂ। ਉਨ੍ਹਾਂ 'ਤੇ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਦੇਖਣਾ ਹੈ ਕਿ ਲੋਕਪਾਲ ਦੀ ਟੀਮ ਇਨ੍ਹਾਂ ਨਾਜਾਇਜ਼ ਉਸਾਰੀਆਂ ਬਾਰੇ ਕੀ ਰਿਪੋਰਟ ਤਿਆਰ ਕਰਕੇ ਦਿੰਦੀ ਹੈ।
ਲੋਕਪਾਲ ਦੇ ਤੇਵਰ ਦੇਖ ਹਰਕਤ ਵਿਚ ਆਇਆ ਨਿਗਮ
ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਨਿਰਮਾਣ ਪ੍ਰਤੀ ਲੋਕਪਾਲ ਪੰਜਾਬ ਦੇ ਤੇਵਰਾਂ ਨੂੰ ਦੇਖ ਨਗਰ ਨਿਗਮ ਪ੍ਰਸ਼ਾਸਨ ਅਚਾਨਕ ਹਰਕਤ ਵਿਚ ਆ ਗਿਆ ਹੈ। ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਵੱਡੀ ਕਾਰਵਾਈ ਕਰਦਿਆਂ ਇਕੋ ਵੇਲੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਹ ਸਾਰੀਆਂ ਦੁਕਾਨਾਂ ਬਿਨਾਂ ਨਕਸ਼ੇ ਦੇ ਬਣਾਈਆਂ ਗਈਆਂ ਸਨ। ਇੰਸ. ਨਿਰਮਲਜੀਤ ਸਿੰਘ ਵਰਮਾ ਦੀ ਅਗਵਾਈ ਵਿਚ ਨਰਿੰਦਰ ਸਿਨੇਮਾ ਪਿਛੇ ਨਾਜਾਇਜ਼ ਤੌਰ 'ਤੇ ਬਣੀ ਕਮਰਸ਼ੀਅਲ ਬਿਲਡਿੰਗ ਨੂੰ ਸੀਲ ਲਾ ਦਿੱਤੀ ਗਈ। ਇਸ ਤੋਂ ਇਲਾਵਾ 3-ਬੀ ਮਾਡਲ ਟਾਊਨ ਤੇ 4-ਬੀ ਮਾਡਲ ਟਾਊਨ ਸਥਿਤ ਪ੍ਰਾਪਰਟੀਆਂ ਨੂੰ ਵੀ ਸੀਲ ਕਰ ਦਿੱਤਾ ਗਿਆ, ਜਿਨ੍ਹਾਂ ਬਾਰੇ ਕਾਫੀ ਦੇਰ ਤੋਂ ਵਿਵਾਦ ਚੱਲ ਰਿਹਾ ਹੈ। ਗੋਲ ਮਾਰਕੀਟ ਮਾਡਲ ਟਾਊਨ ਤੋਂ ਥੋੜ੍ਹਾ ਪਹਿਲਾਂ ਬਣੀਆਂ ਨਾਜਾਇਜ਼ ਬਿਲਡਿੰਗਾਂ ਨੂੰ ਵੀ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਵਡਾਲਾ ਰੋਡ 'ਤੇ ਪ੍ਰਤਾਪ ਨਗਰ ਵਿਚ ਨਾਜਾਇਜ਼ ਤੌਰ 'ਤੇ ਬਣੀ ਇਕ ਮਾਰਕੀਟ ਦੀਆਂ 5 ਦੁਕਾਨਾਂ ਨੂੰ ਨਿਗਮ ਨੇ ਸੀਲ ਕਰ ਦਿੱਤਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਕਿਸੇ ਕੀਮਤ 'ਤੇ ਨਹੀਂ ਕੀਤੀਆਂ ਜਾਣਗੀਆਂ ਤੇ ਸੀਲਿੰਗ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।


Related News