ਨਾਜਾਇਜ਼ ਅਸਲੇ ਦੇ ਕਾਰੋਬਾਰੀ ਬਣ ਰਹੇ ਕ੍ਰਿਮੀਨਲ ਕੇਸਾਂ ’ਚ ਭਗੌੜੇ, ਫੇਸਬੁੱਕ ਜ਼ਰੀਏ ਇੰਝ ਵੇਚ ਰਹੇ ਨੇ ਹਥਿਆਰ

04/17/2022 4:34:41 PM

ਜਲੰਧਰ (ਜ. ਬ.)– ਪੰਜਾਬ ਵਿਚ ਲਗਾਤਾਰ ਹੋ ਰਹੇ ਕਤਲ ਅਤੇ ਗੋਲ਼ੀਕਾਂਡ ਪੁਲਸ ਲਈ ਸਿਰਦਰਦ ਬਣ ਰਹੇ ਹਨ। ਵਧੇਰੇ ਕਤਲਾਂ ਵਿਚ ਦੇਸੀ ਹਥਿਆਰ ਹੀ ਵਰਤੇ ਗਏ। ਪੰਜਾਬ ਵਿਚ ਦੇਸੀ ਹਥਿਆਰ ਵਧੇਰੇ ਉੱਤਰ ਪ੍ਰਦੇਸ਼ (ਯੂ. ਪੀ.) ਅਤੇ ਮੱਧ ਪ੍ਰਦੇਸ਼ (ਐੱਮ. ਪੀ.) ਤੋਂ ਆ ਰਹੇ ਹਨ। ਇਨ੍ਹਾਂ ਦੀ ਖ਼ਪਤ ਕੁਝ ਸਮੇਂ ਵਿਚ ਇੰਨੀ ਵਧ ਗਈ ਹੈ ਕਿ ਜਿਹੜਾ ਹਥਿਆਰ ਪਹਿਲਾਂ 15 ਤੋਂ 20 ਹਜ਼ਾਰ ਰੁਪਏ ਦਾ ਖ਼ਰੀਦ ਕੇ ਪੰਜਾਬ ਵਿਚ 25 ਤੋਂ 30 ਹਜ਼ਾਰ ਵਿਚ ਵੇਚਿਆ ਜਾਂਦਾ ਸੀ, ਉਸ ਦੀ ਖ਼ਰੀਦ ਹੁਣ 30 ਤੋਂ 35 ਹਜ਼ਾਰ ਰੁਪਏ ਹੋ ਗਈ ਹੈ। ਪੰਜਾਬ ਦੇ ਅੰਦਰ ਵਧੇਰੇ ਕ੍ਰਿਮੀਨਲ ਕੇਸਾਂ ਵਿਚ ਭਗੌੜੇ ਐਲਾਨੇ ਮੁਲਜ਼ਮ ਹੀ ਆਪਣਾ ਖ਼ਰਚਾ ਕੱਢਣ ਲਈ ਯੂ. ਪੀ./ਐੱਮ. ਪੀ. ਤੋਂ ਹਥਿਆਰ ਖ਼ਰੀਦ ਕੇ ਪੰਜਾਬ ਵਿਚ ਸਪਲਾਈ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਥਿਆਰ ਉਹ ਬੱਸਾਂ ਅਤੇ ਟਰੇਨਾਂ ਵਿਚ ਲਿਆਉਂਦੇ ਹਨ। ਜਿਉਂ ਹੀ ਹਥਿਆਰ ਪੰਜਾਬ ਵਿਚ ਆਉਂਦਾ ਹੈ ਤਾਂ ਵੱਖ-ਵੱਖ ਦੇਸੀ ਹਥਿਆਰਾਂ ਦੀਆਂ ਤਸਵੀਰਾਂ ਖਿੱਚ ਕੇ ਜਾਅਲੀ ਆਈ. ਡੀ. ਤਿਆਰ ਕਰਕੇ ਫੇਸਬੁੱਕ ’ਤੇ ਪਾ ਦਿੱਤੀਆਂ ਜਾਂਦੀਆਂ ਹਨ। ਫੇਸਬੁੱਕ ਜ਼ਰੀਏ ਹਥਿਆਰ ਵੇਚ ਦਿੱਤੇ ਜਾਂਦੇ ਹਨ।

ਜਲੰਧਰ ਦੀ ਗੱਲ ਕਰੀਏ ਤਾਂ ਸ਼ਹਿਰ ਵਿਚ ਕੁਝ ਸਮੇਂ ਅੰਦਰ ਜਿੰਨੇ ਵੀ ਕਤਲ ਜਾਂ ਗੋਲ਼ੀਕਾਂਡ ਹੋਏ, ਉਨ੍ਹਾਂ ਸਾਰਿਆਂ ਵਿਚ ਦੇਸੀ ਹਥਿਆਰ ਹੀ ਵਰਤੇ ਗਏ। ਭਗੌੜਿਆਂ ਤੋਂ ਇਲਾਵਾ ਯੂ. ਪੀ. ਅਤੇ ਐੱਮ. ਪੀ. ਦੇ ਲੋਕ ਵੀ ਪੰਜਾਬ ਵਿਚ ਹਥਿਆਰ ਸਪਲਾਈ ਕਰਨ ਦਾ ਕੰਮ ਕਰ ਰਹੇ ਹਨ। ਲਗਭਗ ਡੇਢ ਸਾਲ ਪਹਿਲਾਂ ਸੀ. ਆਈ. ਏ. ਸਟਾਫ਼-1 ਨੇ ਬਸਤੀ ਬਾਵਾ ਖੇਲ ਵਿਚ ਰਹਿੰਦੇ ਸੂਰਜ ਨੂੰ ਕਾਬੂ ਕੀਤਾ ਸੀ। ਪੁਲਸ ਨੇ ਉਸ ਦੀ ਚੇਨ ਬ੍ਰੇਕ ਕਰਕੇ ਕੁੱਲ 17 ਹਥਿਆਰ ਬਰਾਮਦ ਕੀਤੇ ਸਨ। ਸੂਰਜ ਜਲੰਧਰ ਹੀ ਨਹੀਂ, ਸਗੋਂ ਗੁਰਦਾਸਪੁਰ, ਪਠਾਨਕੋਟ ਸਮੇਤ ਕਈ ਸ਼ਹਿਰਾਂ ਵਿਚ ਹਥਿਆਰ ਸਪਲਾਈ ਕਰ ਚੁੱਕਾ ਸੀ।
ਇਸੇ ਤਰ੍ਹਾਂ ਕਿਸ਼ਨਪੁਰਾ ਦੇ ਅਭੀ ਨਾਂ ਦੇ ਨੌਜਵਾਨ ਨੂੰ ਵੀ ਸੀ. ਆਈ. ਏ. ਸਟਾਫ-1 ਨੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੇਸੀ ਹਥਿਆਰ ਬਰਾਮਦ ਕੀਤੇ ਸਨ। ਉਹ ਵੀ ਫੇਸਬੁੱਕ ਜ਼ਰੀਏ ਹੀ ਪੰਜਾਬ ਵਿਚ ਦੇਸੀ ਹਥਿਆਰ ਵੇਚਦਾ ਸੀ। ਸੀ. ਆਈ. ਏ. ਸਟਾਫ਼ ਦੀ ਇਨਵੈਸਟੀਗੇਸ਼ਨ ਵਿਚ ਵੀ ਇਹੀ ਗੱਲ ਸਾਹਮਣੇ ਆਈ ਸੀ ਕਿ ਉਹ ਟਰੇਨਾਂ ਅਤੇ ਬੱਸਾਂ ਜ਼ਰੀਏ ਹੀ ਅਸਲਾ ਲਿਆਉਂਦੇ ਸਨ। ਯੂ. ਪੀ. ਅਤੇ ਐੱਮ. ਪੀ. ਤੋਂ ਆਸਾਨੀ ਨਾਲ ਆਟੋਮੈਟਿਕ ਸਮੇਤ ਹਰ ਤਰ੍ਹਾਂ ਦਾ ਦੇਸੀ ਹਥਿਆਰ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ:  ਰੂਪਨਗਰ ਵਿਖੇ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ 5 ਭੈਣਾਂ ਦੇ ਭਰਾ ਦੀ ਡੁੱਬਣ ਕਾਰਨ ਮੌਤ

ਪਹਿਲੀ ਮੀਟਿੰਗ ਵਿਚ ਨਹੀਂ ਦਿੰਦੇ ਸਨ ਦੇਸੀ ਹਥਿਆਰ
ਸੂਰਜ ਅਤੇ ਅਭੀ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਕਦੀ ਵੀ ਪਹਿਲੀ ਮੀਟਿੰਗ ਵਿਚ ਡੀਲ ਨਹੀਂ ਕੀਤੀ। ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਕਿਤੇ ਪੁਲਸ ਦਾ ਟਰੈਪ ਨਾ ਲੱਗਾ ਹੋਵੇ। ਇਸ ਲਈ ਉਹ ਪਹਿਲੀ ਮੀਟਿੰਗ ਵਿਚ ਗਾਹਕ ਨੂੰ ਵਾਚ ਕਰਦੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਪ੍ਰੋਫ਼ਾਈਲ ਵੇਖੀ ਜਾਂਦੀ ਸੀ। ਐਡਵਾਂਸ ਲੈਣ ਤੋਂ ਬਾਅਦ ਫਿਰ ਦੂਜੀ ਮੀਟਿੰਗ ਵਿਚ ਉਹ ਹਥਿਆਰ ਵੇਚ ਦਿੰਦੇ ਸਨ।

ਪੰਜਾਬੀਆਂ ਨਾਲ ਦੋਸਤੀ ਵਧਾ ਕੇ ਸ਼ੁਰੂ ਕਰਦੇ ਹਨ ਦੇਸੀ ਹਥਿਆਰਾਂ ਦਾ ਕਾਰੋਬਾਰ
ਪੁਲਸ ਦੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਯੂ. ਪੀ. ਅਤੇ ਐੱਮ. ਪੀ. ਦੇ ਜਿਹੜੇ ਲੋਕ ਦੇਸੀ ਹਥਿਆਰ ਸਪਲਾਈ ਕਰਦੇ ਹਨ, ਉਹ ਪੰਜਾਬ ਵਿਚ ਕਾਫ਼ੀ ਲੰਮੇ ਸਮੇਂ ਤੱਕ ਰਹਿ ਚੁੱਕੇ ਹੁੰਦੇ ਹਨ। ਉਹ ਪਹਿਲਾਂ ਪੰਜਾਬੀਆਂ ਨਾਲ ਦੋਸਤੀ ਕਰਦੇ ਹਨ। ਦੋਸਤੀ ਉਹ ਸਿਰਫ਼ ਉਨ੍ਹਾਂ ਲੋਕਾਂ ਨਾਲ ਕਰਦੇ ਹਨ, ਜਿਹੜੇ ਕ੍ਰਿਮੀਨਲ ਮਾਈਂਡ ਦੇ ਹੋਣ। ਉਸ ਤੋਂ ਬਾਅਦ ਉਨ੍ਹਾਂ ਦਾ ਸਹਾਰਾ ਲੈ ਕੇ ਵੀ ਹਥਿਆਰਾਂ ਦੀ ਸਪਲਾਈ ਕਰਦੇ ਹਨ। ਇਸ ਤੋਂ ਪਹਿਲਾਂ ਯੂ. ਪੀ. ਦਾ ਜੰਗਲੀ ਨਾਂ ਦਾ ਅਸਲਾ ਸਮੱਗਲਰ ਕਾਫ਼ੀ ਮਸ਼ਹੂਰ ਹੁੰਦਾ ਸੀ। ਦੱਸਦੇ ਹਨ ਕਿ ਹੁਣ ਜੰਗਲੀ ਮਾਰਿਆ ਜਾ ਚੁੱਕਾ ਹੈ। ਜੰਗਲੀ ਕਾਫ਼ੀ ਸਮਾਂ ਪਹਿਲਾਂ ਪੰਜਾਬ ਵਿਚ ਦੇਸੀ ਪਿਸਤੌਲ ਖ਼ਰੀਦ ਕੇ ਲਿਆਉਂਦਾ ਸੀ ਅਤੇ ਗੈਂਗਸਟਰਾਂ ਨੂੰ ਹੀ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ

ਯੂ. ਪੀ. ’ਚ ਮਿੰਨੀ ਪਾਕਿਸਤਾਨ ਦੇ ਨਾਂ ਨਾਲ ਮਸ਼ਹੂਰ ਪਿੰਡ ਤੋਂ ਹੁੰਦੀ ਹੈ ਸਪਲਾਈ
ਸੂਤਰਾਂ ਦੀ ਮੰਨੀਏ ਤਾਂ ਯੂ. ਪੀ. ਵਿਚ ਸਥਿਤ ਇਕ ਪਿੰਡ ਨੂੰ ਨਾਜਾਇਜ਼ ਅਸਲਾ ਕਾਰੋਬਾਰੀ ਮਿੰਨੀ ਪਾਕਿਸਤਾਨ ਦਾ ਨਾਂ ਦੇ ਕੇ ਬੁਲਾਉਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਥੋਂ ਹੀ ਸਭ ਤੋਂ ਜ਼ਿਆਦਾ ਦੇਸੀ ਹਥਿਆਰ ਤਿਆਰ ਕਰਕੇ ਕਿਸੇ ਨੂੰ ਵੀ ਵੇਚੇ ਜਾ ਸਕਦੇ ਹਨ। ਇਸ ਪਿੰਡ ਨੂੰ ਮਿੰਨੀ ਪਾਕਿਸਤਾਨ ਬੁਲਾਉਣ ਦੀ ਗੱਲ ਵੀ ਪੁਲਸ ਦੀ ਹੀ ਇਨਵੈਸਟੀਗੇਸ਼ਨ ਵਿਚ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਜਨਤਾ ’ਤੇ ਕੋਈ ਅਹਿਸਾਨ ਨਹੀਂ: ਰਾਜਾ ਵੜਿੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News