ਕੋਰੋਨਾ ਤੋਂ ਬਚਾ ਲਈ IKGPTU ਦਾ ਸਲਾਘਾਯੋਗ ਕਦਮ, ਫੇਸ ਸ਼ੀਲਡਸ ਦਾ ਕੀਤਾ ਨਿਰਮਾਣ

Wednesday, Apr 08, 2020 - 12:43 AM (IST)

ਕੋਰੋਨਾ ਤੋਂ ਬਚਾ ਲਈ IKGPTU ਦਾ ਸਲਾਘਾਯੋਗ ਕਦਮ, ਫੇਸ ਸ਼ੀਲਡਸ ਦਾ ਕੀਤਾ ਨਿਰਮਾਣ

ਕਪੂਰਥਲਾ, (ਮਹਾਜਨ)- ਕੋਰੋਨਾ ਤੋਂ ਬਚਾਅ ਲਈ ਮਾਨਵਤਾ ਦੀ ਸੇਵਾ 'ਚ ਲੱਗੇ ਮੈਡੀਕਲ ਸਟਾਫ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਪਹਿਲ ਕੀਤੀ ਹੈ। ਯੂਨੀਵਰਸਿਟੀ ਵਲੋਂ ਆਪਣੇ ਸੀ. ਆਈ. ਆਈ. ਆਈ. ਟੀ. (ਸੈਂਟਰ ਫਾਰ ਇਨੋਵੇਸ਼ਨ, ਇਨਵੈਂਸ਼ਨ ਐਂਡ ਇਨਕਿਊਬੇਸ਼ਨ) 'ਚ ਮੈਡੀਕਲ ਸਟਾਫ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਫੇਸ ਸ਼ੀਲਡਸ ਦਾ ਨਿਰਮਾਣ ਕੀਤਾ ਹੈ। ਫੇਸ ਸ਼ੀਲਡਸ ਦੀ ਸਪਲਾਈ ਯੂਨੀਵਰਸਿਟੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਸ਼ੁਰੂ ਵੀ ਕਰ ਦਿੱਤੀ ਹੈ। ਇਹ ਪਹਿਲ ਡਾਕਟਰਾਂ ਅਤੇ ਨਰਸਾਂ ਲਈ ਇੰਡੀਅਨ ਮੈਡੀਕਲ ਰਿਸਰਚ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਤਤਕਾਲ ਜ਼ਰੂਰਤ ਨੂੰ ਪੂਰਾ ਕਰੇਗੀ। ਇਹ ਜਾਣਕਾਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸੂਬੇ 'ਚ ਤਕਨੀਕੀ ਵਿਕਾਸ ਦੀ ਇਕ ਨਵੀਂ ਪਹਿਲ ਹੈ, ਜੋ ਭਵਿੱਖ 'ਚ ਹਰ ਖੇਤਰ ਨੂੰ ਸਕਸ਼ਮ ਬਣਾਵੇਗੀ। ਇਹ ਖੋਜ ਇਸ ਸੈਂਟਰ ਦੀ ਪਹਿਲ ਹੈ, ਜੋ ਮੈਡੀਕਲ ਸਟਾਫ ਦੇ ਚਿਹਰੇ ਦੇ ਭਾਗ ਨੂੰ ਵਾਇਰਸ ਤੋਂ ਬਚਾਵੇਗੀ।
ਮੰਤਰੀ ਚੰਨੀ ਨੇ ਕਿਹਾ ਕਿ ਭਵਿੱਖ 'ਚ ਸੈਂਟਰ ਫਾਰ ਇਨੋਵੇਸ਼ਨ, ਇਨਵੈਂਸ਼ਨ ਐਂਡ ਇਨਕਿਊਬੇਸ਼ਨ ਤੋਂ ਰਾਜ ਦੇ ਵੱਧ ਤੋਂ ਵੱਧ ਹੋਰ ਖੇਤਰਾਂ ਨੂੰ ਵੀ ਲਾਭ ਪ੍ਰਦਾਨ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਅਜੇ ਕੁਮਾਰ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਪਹਿਲੇ ਚਰਨ 'ਚ ਯੂਨੀਵਰਸਿਟੀ ਦਾ ਟੀਚਾ ਕਪੂਰਥਲਾ, ਜਲੰਧਰ ਅਤੇ ਹੋਰ ਆਸ-ਪਾਸ ਦੇ ਜ਼ਿਲਿਆਂ ਲਈ 2000 ਫੇਸ ਸ਼ੀਲਡਸ ਦਾ ਨਿਰਮਾਣ ਕਰਨਾ ਹੈ। ਭਵਿੱਖ 'ਚ ਯੂਨੀਵਰਸਿਟੀ ਹੋਰ ਰਾਜਾਂ ਨੂੰ ਵੀ ਉਤਪਾਦ ਜ਼ਰੂਰਤ ਅਨੁਸਾਰ ਪ੍ਰਦਾਨ ਕਰੇਗੀ। ਵੀ. ਸੀ. ਪ੍ਰੋ. ਡਾ. ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਚਰਨ 'ਚ ਯੂਨੀਵਰਸਿਟੀ ਨੇ 50 ਪ੍ਰੋਡਕਟ ਦਾ ਨਿਰਮਾਣ ਕੀਤਾ ਅਤੇ ਜ਼ਿਲਾ ਕਪੂਰਥਲਾ ਪ੍ਰਸ਼ਾਸਨ ਦੇ ਰਾਹੀਂ ਕਰਮਚਾਰੀਆਂ ਨੂੰ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਇਸ ਖੋਜ ਨੂੰ ਕਪੂਰਥਲਾ ਜ਼ਿਲੇ ਦੇ ਲਈ ਮਾਣ ਦੀ ਗੱਲ ਦੱਸੀ।
ਵੀ. ਸੀ. ਪ੍ਰੋ. ਡਾ. ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨੋਵੇਸ਼ਨ, ਇਨਵੈਂਸ਼ਨ ਐਂਡ ਇਨਕਿਊਬੇਸ਼ਨ ਜੋ ਕਿ ਮੁੱਖ ਪਰੀਸਰ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ 'ਚ ਟਾਟਾ ਟੈਕਨਾਲੋਜੀਸ ਦੇ ਨਾਲ ਮਿਲ ਕੇ ਚੱਲ ਰਿਹਾ ਹੈ 'ਚ ਇਹ ਉਤਪਾਦਨ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟਾਕਾ ਟੈਕਨਾਲੋਜੀਸ ਨੇ ਉਤਪਾਦ ਦੇ ਡਿਜ਼ਾਈਨ ਅਤੇ ਵਿਕਾਸ ਦੇ ਲਈ ਮਦਦ ਕੀਤੀ, ਹੁਣ ਕੁੱਲ 2 ਕੇਂਦਰਾਂ 'ਚ ਹਰੇਕ 'ਚ ਰੋਜ਼ਾਨਾ 45 ਫੇਸ ਸ਼ੀਲਡਸ ਤਿਆਰ ਹੋਣਗੇ। ਪ੍ਰਸਿੱਧ ਵਿਗਿਆਨਕ ਅਤੇ ਯੂਨੀਵਰਸਿਟੀ ਬੋਰਡ ਆਫ ਗਵਰਨਰ ਦੇ ਪ੍ਰਧਾਨ ਡਾ. ਐੱਸ. ਕੇ. ਸਲਵਾਨ ਨੇ ਯੂਨੀਵਰਸਿਟੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀਜ਼ ਦਾ ਕੰਮ ਦੇਸ਼ ਭਰ ਨੂੰ ਸਮਰਿੱਧ ਬਣਾਉਣਾ ਹੁੰਦਾ ਹੈ, ਜਿਸ ਮੁਤਾਬਿਕ ਇਹ ਸੋਧ ਬਹੁਤ ਬਿਹਤਰ ਕੰਮ ਹੈ। ਇਸ ਪਹਿਲ 'ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਇਹ ਬਹੁਤ ਹੀ ਬਿਹਤਰ ਪਹਿਲ ਹੈ।


author

Bharat Thapa

Content Editor

Related News