ਇਗਨੂੰ ਵਲੋਂ ਪੰਜਾਬ ਦੇ ਵਾਲੰਟੀਅਰ ਅਧਿਆਪਕਾਂ ਨੂੰ ਰਾਹਤ
Wednesday, Oct 09, 2019 - 12:24 PM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪਿਛਲੇ 10-12 ਸਾਲਾਂ ਤੋਂ ਵੱਖ-ਵੱਖ ਸ਼੍ਰੇਣੀਆਂ ਤਹਿਤ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਦੀ ਘੱਟ ਤਨਖਾਹ 'ਤੇ ਕੰਮ ਕਰ ਰਹੇ 13 ਹਜ਼ਾਰ ਵਾਲੰਟੀਅਰ ਅਧਿਆਪਕਾਂ ਨੂੰ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਨੇ ਐੱਨ. ਟੀ. ਟੀ. ਦਾ ਟੈਸਟ ਦੇਣ ਲਈ ਰਾਹਤ ਪ੍ਰਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਟੈਸਟ ਲਈ ਮਿਤੀ ਲੰਘ ਚੁੱਕੀ ਸੀ ਪਰ ਵਾਲੰਟੀਅਰ ਅਧਿਆਪਕਾਂ ਦੀ ਮੰਗ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਪੰਜਾਬ ਵਲੋਂ ਐੱਨ. ਟੀ. ਟੀ. ਲਈ ਅਰਜ਼ੀਆਂ ਲੈਣ ਦੀ ਮਿਤੀ ਵਧਾਉਣ ਲਈ ਇਗਨੂੰ ਨੂੰ ਪੱਤਰ ਲਿਖਿਆ ਗਿਆ ਸੀ। ਇਸ 'ਤੇ ਵਿਚਾਰ ਕਰਨ ਤੋਂ ਬਾਅਦ ਇਗਨੂੰ ਵਲੋਂ ਐੱਨ.ਟੀ.ਟੀ. ਲਈ ਪੰਜਾਬ ਦੇ ਵਾਲੰਟੀਅਰ ਅਧਿਆਪਕਾਂ ਲਈ ਅਰਜ਼ੀਆਂ ਦੇਣ ਦੀ ਮਿਤੀ ਵਧਾ ਕੇ 10 ਅਕਤੂਬਰ ਕਰ ਦਿੱਤੀ।
ਇਗਨੂੰ ਨੂੰ ਪੰਜਾਬ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਐੱਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਵਲੋਂ ਲਿਖੇ ਪੱਤਰ 'ਚ ਦੱਸਿਆ ਗਿਆ ਸੀ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਰਹੀ ਹੈ। ਪ੍ਰੀ ਪ੍ਰਾਇਮਰੀ ਕਲਾਸਾਂ ਲਈ ਰਾਜ ਵਿਚ ਅਸਥਾਈ ਤੌਰ 'ਤੇ ਕੰਮ ਕਰ ਰਹੇ ਵਾਲੰਟੀਅਰ ਅਧਿਆਪਕਾਂ ਨੂੰ ਰੈਗੂਲਰ ਪੋਸਟਾਂ 'ਤੇ ਭਰਤੀ ਕਰਨ ਦੀ ਯੋਜਨਾ ਹੈ। ਪੱਤਰ 'ਚ ਕਿਹਾ ਗਿਆ ਕਿ ਰੈਗੂਲਰ ਪੋਸਟਾਂ 'ਤੇ ਭਰਤੀ ਲਈ ਵਾਲੰਟੀਅਰ ਅਧਿਆਪਕਾਂ ਨੂੰ ਆਪਣੇ ਸਕਿਲ 'ਚ ਵਾਧਾ ਕਰਨ ਲਈ ਐੱਨ.ਟੀ.ਟੀ. ਪਾਸ ਕਰਨ ਦੀ ਸ਼ਰਤ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਵਾਲੰਟੀਅਰ ਅਧਿਆਪਕਾਂ ਦੀਆਂ ਯੂਨੀਅਨਾਂ ਦੀ ਪਿਛਲੇ ਦਿਨੀਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਮੀਟਿੰਗ ਹੋਈ ਸੀ, ਜਿਸ 'ਚ ਪ੍ਰੀ ਪ੍ਰਾਇਮਰੀ ਕਲਾਸਾਂ 'ਚ ਇਨ੍ਹਾਂ ਅਧਿਆਪਕਾਂ ਦਾ ਸਕੇਲ ਵਧਾ ਕੇ ਰੈਗੂਲਰ ਪੋਸਟਾਂ 'ਤੇ ਭਰਤੀ ਕਰਨ ਦਾ ਫੈਸਲਾ ਹੋਇਆ ਸੀ।