ਪੰਜਾਬ 'ਚੋਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ, ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕੀਤੇ ਵੱਡੇ ਖ਼ੁਲਾਸੇ

Thursday, Mar 23, 2023 - 06:44 PM (IST)

ਪੰਜਾਬ 'ਚੋਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ, ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕੀਤੇ ਵੱਡੇ ਖ਼ੁਲਾਸੇ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਈ. ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਨੇ ਅਹਿਮ ਖ਼ੁਲਾਸੇ ਕੀਤੇ ਹਨ। ਸੁਖਚੈਨ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਦਾ ਪਤਾ ਲੱਗਾ ਹੈ। ਨਵੀਂ ਲੋਕੇਸ਼ਨ ਮੁਤਾਬਕ ਅੰਮ੍ਰਿਤਪਾਲ ਪੰਜਾਬ ਤੋਂ ਬਾਹਰ ਜਾ ਚੁੱਕਾ ਹੈ। ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਹਰਿਆਣਾ ਦੀ ਮਿਲੀ ਹੈ, ਜਿੱਥੇ 19 ਤਾਰੀਖ਼ ਨੂੰ ਅੰਮ੍ਰਿਤਪਾਲ ਹਰਿਆਣਾ ਦੇ ਸ਼ਾਹਬਾਦ ਪਹੁੰਚਿਆ। ਇਥੇ ਉਹ ਆਪਣੇ ਸਾਥੀ ਪਪਲਪ੍ਰੀਤ ਦੇ ਨਾਲ ਇਕ ਔਰਤ ਦੇ ਘਰ 19 ਅਤੇ 20 ਤਾਰੀਖ਼ ਨੂੰ ਰੁਕਿਆ ਸੀ। ਪਪਲਪ੍ਰੀਤ ਮਹਿਲਾ ਨੂੰ ਕਰੀਬ ਢਾਈ ਸਾਲ ਤੋਂ ਜਾਣਦਾ ਸੀ। ਸੁਖਚੈਨ ਸਿੰਘ ਨੇ ਕਿਹਾ ਕਿ ਆਪਰੇਸ਼ਨ ਅੰਮ੍ਰਿਤਪਾਲ ਵਿਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਜਾ ਚੁੱਕੇ ਹਨ। 30 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ, ਜੋਕਿ ਕ੍ਰਿਮੀਨਲ ਕੇਸਾਂ ਵਿਚ ਸ਼ਾਮਲ ਹਨ, ਜਦਕਿ ਬਾਕੀ 177 ਲੋਕਾਂ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।। ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਹੈ, ਕਾਨੂੰਨ ਦੇ ਮੁਤਾਬਕ ਸਭ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਉਨ੍ਹਾਂ ਦੱਸਿਆ ਕਿ ਜਿਹੜੇ ਮੋਟਰਸਾਈਕਲ 'ਤੇ ਅੰਮ੍ਰਿਤਪਾਲ ਪਹਿਲਾਂ ਬੈਠਾ ਸੀ, ਉਸ ਵਿਚ ਪਪਲਪ੍ਰੀਤ ਨਾਲ ਸੀ। ਹਰਿਆਣਾ ਪੁਲਸ ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਮਹਿਲਾ ਬਲਜੀਤ ਕੌਰ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਨੇ ਪੁੱਛਗਿੱਛ ਵਿਚ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਅੱਗੇ ਉਤਰਾਖੰਡ ਜਾਣ ਦੀ ਗੱਲ ਕਹੀ ਸੀ। ਉਤਰਾਖੰਡ ਵਿਚ ਵੀ ਬਾਰਡਰ ਸੀਲ ਕਰ ਦਿੱਤੇ ਗਏ ਹਨ। ਉਤਰਾਖੰਡ ਦੇ ਨਾਲ ਲੱਗਦੇ ਨੇਪਾਲ ਬਾਰਡਰ 'ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਆਪਣਾ ਹੁਲੀਆ ਨਹੀਂ ਬਦਲਿਆ ਹੈ, ਉਸ ਨੇ ਮੁੱਛਾਂ ਦਾੜੀ ਸੈੱਟ ਕੀਤੀ ਹੋਈ ਹੈ ਅਤੇ ਪੱਗ ਵੀ ਬੰਨ੍ਹੀ ਹੋਈ ਹੈ।  ਉਥੇ ਹੀ ਪੰਜਾਬ ਦੇ ਮਾਹੌਲ ਬਾਰੇ ਸੁਖਚੈਨ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਪੰਜਾਬ ਪੁਲਸ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲਗਾਤਾਰ ਰਾਬਤਾ ਕਾਇਮ ਹੈ।  ਜਿਹੜੇ ਮੋਟਰਸਾਈਕਲ ਉਸ ਨੇ ਵਰਤੇ ਹਨ, ਉਹ ਸਾਰੇ ਬਰਾਮਦ ਕਰ ਲਏ ਗਏ ਹਨ ਅਤੇ ਕਾਨੂੰਨ ਮੁਤਾਬਕ ਸਾਰੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਮਰਸਡੀਜ਼ ਤੋਂ ਰੇਹੜੇ ’ਤੇ ਪਹੁੰਚਿਆ ‘ਭਗੌੜਾ ਅੰਮ੍ਰਿਤਪਾਲ’, ਵਾਇਰਲ ਹੋਈ ਤਸਵੀਰ

ਇੰਝ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ 
ਅੰਮ੍ਰਿਤਪਾਲ ਬਿਲਗਾ ਦੇ ਸ਼ੇਖੂਵਾਲ ਦੇ ਗੁਰਦੁਆਰੇ ਤੋਂ ਲਾਡੋਵਾਲ ਗਿਆ ਸੀ। ਉੱਥੇ ਦਰਿਆ ਪਾਰ ਕਰਨ ਲਈ ਕਿਸ਼ਤੀ ਦੀ ਤਲਾਸ਼ ਕਰ ਰਿਹਾ ਸੀ, ਪਰ ਨਹੀਂ ਮਿਲੀ ਤਾਂ ਪੁਰਾਣੇ ਪੁਲ ਨੂੰ ਪਾਰ ਕਰਕੇ ਹਾਰਡੀਜ਼ ਵਰਲਡ ਨੂੰ ਚਲਾ ਗਿਆ। ਉਥੋਂ ਆਟੋ ਲੈ ਕੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਆਇਆ। ਅੰਮ੍ਰਿਤਪਾਲ 19 ਮਾਰਚ ਦੀ ਰਾਤ ਨੂੰ ਸ਼ਾਹਬਾਦ ਵਿੱਚ ਬਲਜੀਤ ਕੌਰ ਦੇ ਘਰ ਠਹਿਰਿਆ ਸੀ। ਔਰਤ ਉਸ ਨੂੰ ਢਾਈ ਸਾਲਾਂ ਤੋਂ ਜਾਣਦੀ ਸੀ। ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਔਰਤ ਐੱਸ. ਡੀ. ਐੱਮ. ਦੇ ਰੀਡਰ ਦੀ ਭੈਣ ਹੈ।

ਪੰਜਾਬ ਪੁਲਸ ਦੇ ਆਈ. ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਖੰਨਾ ਪੁਲਸ ਵੱਲੋਂ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ਼ ਗੋਰਖ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੇਜਿੰਦਰ ਸਿੰਘ ਖੰਨਾ 'ਚ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕਿ ਅਕਸਰ ਹੀ ਅੰਮ੍ਰਿਤਪਾਲ ਸਿੰਘ ਨਾਲ ਰਹਿੰਦਾ ਸੀ ਅਤੇ ਅਜਨਾਲਾ ਕਾਂਡ 'ਚ ਵੀ ਇਸ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੇ ਗੰਨਮੈਨ ਗੋਰਖਾ ਬਾਬਾ ਦੇ ਫ਼ੋਨ ਦੀ ਜਾਂਚ ਕੀਤੀ ਗਈ। ਇਸ ਵਿਚ ਸਬੂਤ ਮਿਲੇ ਹਨ ਕਿ ਇਹ ਲੋਕ ਜੱਲੂਪੁਰ ਖੇੜਾ ਨੇੜੇ ਫਾਇਰਿੰਗ ਰੇਂਜ ਬਣਾ ਕੇ ਹਥਿਆਰਾਂ ਦੀ ਵਰਤੋਂ ਕਰਨ ਦਾ ਅਭਿਆਸ ਕਰ ਰਹੇ ਸਨ। ਆਨੰਦਪੁਰ ਖ਼ਾਲਸਾ ਫੋਰਸ ਦੇ ਹੋਲੋਗ੍ਰਾਮ ਬਣਾ ਰੱਖੇ ਸਨ। ਇਸ ਤੋਂ ਇਲਾਵਾ ਹਥਿਆਰ ਖੋਲ੍ਹਣ ਅਤੇ ਇਕੱਠੇ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News