ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ, ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ : ਸੁਨੀਲ ਜਾਖੜ
Tuesday, Jul 18, 2023 - 06:35 PM (IST)
ਜਲੰਧਰ (ਗੁਲਸ਼ਨ ਅਰੋੜਾ, ਰਮਨਦੀਪ ਸੋਢੀ) : ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਨੇ ‘ਪੰਜਾਬ ਕੇਸਰੀ/ਜਗ ਬਾਣੀ/ਨਵੋਦਿਆ ਟਾਈਮਜ਼ ਅਤੇ ਹਿੰਦ ਸਮਾਚਾਰ ਲਈ ਪਹਿਲੀ ਇੰਟਰਵਿਊ ਦਿੱਤੀ, ਜਿਸ ’ਚ ਉਨ੍ਹਾਂ ਪ੍ਰਤੀਨਿਧੀ ਗੁਲਸ਼ਨ ਅਰੋੜਾ ਅਤੇ ਰਮਨਦੀਪ ਸੋਢੀ ਨਾਲ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬੇਬਾਕੀ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
ਸਵਾਲ : ਕਾਂਗਰਸ ਤੋਂ ਬਾਅਦ ਹੁਣ ਭਾਜਪਾ ’ਚ ਵੀ ਪ੍ਰਧਾਨਗੀ ਦਾ ਮੌਕਾ ਮਿਲਿਆ, ਕਿਵੇਂ ਲੱਗ ਰਿਹੈ?
ਜਵਾਬ : ਪ੍ਰਧਾਨਗੀ ਨਹੀਂ, ਮੈਨੂੰ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ ਹੈ। ਜਦੋਂ ਜ਼ਿੰਮੇਵਾਰੀ ਮੋਢਿਆਂ ’ਤੇ ਆਉਂਦੀ ਹੈ ਤਾਂ ਝੁਕ ਕੇ ਚੱਲਣਾ ਪੈਂਦਾ ਹੈ। ਮੇਰੀ ਟੀਚਾ ਸਿਰਫ਼ ਸੇਵਾ ਹੈ। ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਛੱਡ ਦਿੱਤਾ। ਮੈਂ ਕਹਿੰਦਾ ਹਾਂ ਕਿ ਸੁਨੀਲ ਜਾਖੜ ਉਥੇ ਹੀ ਖੜ੍ਹਾ ਹੈ। ਮੇਰੀ ਸੋਚ ਨਹੀਂ ਬਦਲੀ, ਜਿਹੜੇ ਲੋਕ ਸਵਾਲ ਪੁੱਛਦੇ ਸਨ, ਉਹ ਖੁਦ ਬਦਲ ਗਏ ਹਨ।
ਸਵਾਲ : ਭਾਜਪਾ ’ਚ ਰਹਿ ਕੇ ਕੰਮ ਕਰਨਾ ਕਿਵੇਂ ਆਸਾਨ ਹੋਵੇਗਾ?
ਜਵਾਬ : ਮੇਰੀ ਸੋਚ ਤਾਂ ਉਥੇ ਹੀ ਖੜ੍ਹੀ ਹੈ। ਭਾਜਪਾ ਲੀਡਰਸ਼ਿਪ ਨੇ ਕੁਝ ਸੋਚ ਕੇ ਹੀ ਸੁਨੀਲ ਜਾਖੜ ਨੂੰ ਮੌਕਾ ਦਿੱਤਾ ਹੋਵੇਗਾ। ਉਹ ਮੇਰੇ ਤੋਂ ਕਾਫੀ ਸਿਆਣੇ ਹਨ। ਉਨ੍ਹਾਂ ਨੂੰ ਸੁਨੀਲ ਜਾਖੜ ਦੇ ਪਿਛੋਕੜ ਦਾ ਪਤਾ ਹੈ। ਇਹ ਸਭ ਅਫਵਾਹਾਂ ਹਨ। ਇਨ੍ਹਾਂ ਸਭ ਨੂੰ ਦੂਰ ਕਰਾਂਗੇ। ਜਿਹੜੇ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਦੇ ਹਨ ਪਰ ਉਹ ਵੀ ਪੰਜਾਬੀਆਂ ਨੂੰ ਸਮਝ ਨਹੀਂ ਸਕੇ।
ਇਹ ਵੀ ਪੜ੍ਹੋ : ਪੰਜਾਬ ਦਾ ਨਵਾਂ ਕਾਂਗਰਸ ਪ੍ਰਧਾਨ ਬਣਨ ਲਈ ਦੌੜ ਸ਼ੁਰੂ : ਬਿੱਟੂ, ਤਿਵਾੜੀ, ਸਿੱਧੂ, ਰੰਧਾਵਾ ਪ੍ਰਧਾਨਗੀ ਦੀ ਦੌੜ ’ਚ!
ਸਵਾਲ : ਕੀ ਤੁਸੀਂ ਮੰਨਦੇ ਹੋ ਕਿ ਪਿੰਡਾਂ ਵਿਚ ਭਾਜਪਾ ਦੀ ਹਾਲਤ ਪਤਲੀ ਹੈ?
ਜਵਾਬ : ਬਿਲਕੁਲ, ਇਹ ਇਕ ਚੁਣੌਤੀ ਭਰਿਆ ਸਮਾਂ ਹੈ। ਅਸੀਂ ਲੋਕਾਂ ਦੇ ਵਿਚਕਾਰ ਜਾਵਾਂਗੇ ਅਤੇ ਉਨ੍ਹਾਂ ਨੂੰ ਦੱਸਾਂਗੇ ਕਿ ਅਸੀਂ ਇਹ ਕੰਮ ਕੀਤੇ ਹਨ ਅਤੇ ਅੱਗੇ ਇਹ ਕੰਮ ਕਰਾਂਗੇ। ਲੋਕਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ। ਜੇਕਰ ਲੋਕ ਇਸਨੂੰ ਸਵੀਕਾਰ ਕਰਨਗੇ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। ਅਸੀਂ 23 ਸੀਟਾਂ ਤੋਂ 117 ’ਤੇ ਚੋਣ ਲਡ਼ਨ ਜਾ ਰਹੇ ਹਾਂ। ਮੇਰੇ ਕੋਲ ਕੋਈ ਗਿੱਦੜਸਿੰਙੀ ਨਹੀਂ ਹੈ। ਅਸੀਂ ਲੋਕਾਂ ਦਾ ਦਿਲ ਜਿੱਤਾਂਗੇ। ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ। ਅਸੀਂ ਉਹ ਕੰਮ ਨਹੀਂ ਕਰਾਂਗੇ, ਜੋ ਪੰਜਾਬ ਵਿਚ ਅੱਗ ਲਾ ਕੇ ਸੀਟਾਂ ਜਿੱਤ ਰਹੇ ਹਨ।
ਸਵਾਲ : ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੈਰ-ਮੌਜੂਦਗੀ ਅਤੇ ਅਰੁਣ ਨਾਰੰਗ ਦੇ ਅਸਤੀਫੇ ਨੂੰ ਕਿਵੇਂ ਦੇਖਦੇ ਹੋ?
ਜਵਾਬ : ਇਹ ਸੁਭਾਵਿਕ ਹੈ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਮੈਂ ਅਰੁਣ ਨਾਰੰਗ ਦੀ ਜਗ੍ਹਾ ’ਤੇ ਹੁੰਦਾ ਤਾਂ ਸ਼ਾਇਦ ਮੈਂ ਵੀ ਇਸੇ ਤਰ੍ਹਾਂ ਰਿਐਕਟ ਕਰਦਾ। ਉਨ੍ਹਾਂ ਦੀ ਮੇਰੇ ਨਾਲ ਨਹੀਂ, ਕਿਸੇ ਹੋਰ ਮੁੱਦੇ ’ਤੇ ਕੋਈ ਗੱਲ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਨੇ ਸੁਨੀਲ ’ਤੇ ਭਰੋਸਾ ਨਹੀਂ ਜਤਾਇਆ, ਸਗੋਂ ਆਪਣੇ ਵਰਕਰਾਂ ’ਤੇ ਜਤਾਇਆ ਹੈ ਕਿ ਸਾਡਾ ਵਰਕਰ ਪੰਜਾਬ ਅਤੇ ਪਾਰਟੀ ਦੀ ਬਿਹਤਰੀ ਲਈ ਅੱਗੇ ਚੱਲ ਸਕਦਾ ਹੈ।
ਸਵਾਲ : ਪੁਰਾਣੇ ਭਾਜਪਾਈਆਂ ਨੂੰ ਨਾਲ ਕਿਵੇਂ ਲੈ ਕੇ ਚੱਲੋਗੇ?
ਜਵਾਬ : ਮਿਲ ਕੇ ਚੱਲਾਂਗੇ। ਇਹ ਕਹਿਣ ਵਿਚ ਮੈਨੂੰ ਕੋਈ ਸੰਕੋਚ ਨਹੀਂ ਹੈ। ਅੱਜਕਲ ਦੇ ਜ਼ਮਾਨੇ ’ਚ ਸਿਆਸਤ ਧੰਦਾ ਬਣ ਚੁੱਕੀ ਹੈ। ਮੈਂ ਸੇਵਾ ਦੀ ਭਾਵਨਾ ਲੈ ਕੇ ਸਿਆਸਤ ਕਰਦਾ ਆਇਆ ਹਾਂ। 2002 ਵਿਚ ਵਿਧਾਇਕ ਚੁਣਿਆ ਗਿਆ ਸੀ। ਉਦੋਂ ਤੋਂ ਪੰਜਾਬ ਦੇ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਮੈਂ ਉਸਨੂੰ ਕਦੀ ਨਹੀਂ ਭੁੱਲ ਸਕਦਾ। ਇਹੀ ਪਿਆਰ ਲੈ ਕੇ ਮੈਂ ਲੋਕਾਂ ਦੇ ਵਿਚਕਾਰ ਜਾਵਾਂਗਾ।
ਸਵਾਲ : ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਕਹੋਗੇ?
ਜਵਾਬ : ਗੱਠਜੋੜ ਦਾ ਤਾਂ ਪਤਾ ਨਹੀਂ ਪਰ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਕਿ ਪੰਜਾਬ ਦੇ ਹਰ ਕੋਨੇ ਵਿਚ ਭਾਜਪਾ ਦਾ ਝੰਡਾ ਹੋਣਾ ਚਾਹੀਦਾ ਹੈ। ਸਾਨੂੰ ਛੋਟੇ-ਵੱਡੇ ਦੀ ਸੋਚ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਸਾਡੇ ਪਰਿਵਾਰਾਂ ਵਿਚ ਪਹਿਲਾਂ ਕਿਹਾ ਜਾਂਦਾ ਹੈ ਕਿ ਜਦੋਂ ਤਕ ਵੱਡਾ ਬੈਠਾ ਹੈ, ਉਹ ਜ਼ਿੰਮੇਵਾਰੀ ਸੰਭਾਲ ਲਵੇਗਾ ਪਰ ਹੁਣ ਸਾਡੇ ’ਤੇ ਜ਼ਿੰਮੇਵਾਰੀ ਆਈ ਹੈ, ਅਸੀਂ ਉਸਨੂੰ ਕਿਵੇਂ ਨਿਭਾਉਣਾ ਹੈ, ਇਹ ਦੇਖਣਾ ਹੈ। ਪਹਿਲਾਂ ਬਾਦਲ ਸਾਹਿਬ ਸਨ ਤਾਂ ਉਹ ਦਿੱਲੀ ਜਾ ਕੇ ਕਹਿ ਦਿੰਦੇ ਸਨ ਕਿ ਪਿੰਡਾਂ ਦੇ ਮਸਲੇ ਮੇਰੇ ’ਤੇ ਛੱਡ ਦਿਓ, ਮੈਂ ਖੁਦ ਦੇਖ ਲਵਾਂਗਾ, ਜਿਸ ਦਾ ਨੁਕਸਾਨ ਭਾਜਪਾ ਨੂੰ ਹੋਇਆ ਹੈ। ਕਿਸਾਨਾਂ ਦੀਆਂ ਭਾਵਨਾਵਾਂ ਨੂੰ ਵੀ ਸਹੀ ਢੰਗ ਨਾਲ ਕੇਂਦਰ ਤਕ ਨਹੀਂ ਪਹੁੰਚਾਇਆ ਗਿਆ, ਜਿਸ ਦਾ ਨੁਕਸਾਨ ਭਾਜਪਾ ਨੂੰ ਤਾਂ ਹੋਇਆ ਹੈ, ਅਕਾਲੀ ਦਲ ਨੂੰ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਅਸੀਂ ਲੋਕਾਂ ਦੇ ਵਿਚਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਿਜਾਵਾਂਗੇ। ਅੱਜ ਲਗਭਗ 22 ਲੱਖ ਘਰਾਂ ਵਿਚ ਕਿਸਾਨ ਨਿਧੀ ਆਉਂਦੀ ਹੈ। 3.50 ਲੱਖ ਕਰੋੜ ਰੁਪਏ ਖਾਦ ’ਤੇ ਸਬਸਿਡੀ ਆਉਂਦੀ ਹੈ, ਜਦੋਂ ਕਿ 2014 ਤਕ ਇਹ 80 ਲੱਖ ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਮਾਮਲਾ ਬੀਬੀਆਂ ਦੇ ਅਸਤੀਫੇ ਦਾ : ਸੁਖਬੀਰ ਆਪਣੇ ਫੈਸਲੇ ’ਤੇ ਮੁੜ ਕਰਨਗੇ ਵਿਚਾਰ?
ਸਵਾਲ : ਦੱਸਿਆ ਜਾ ਰਿਹਾ ਸੀ ਕਿ ਜਾਖੜ ਗੱਠਜੋੜ ’ਚ ਸੂਤਰਧਾਰ ਬਣਨਗੇ?
ਜਵਾਬ : ਨਹੀਂ, ਅਜਿਹਾ ਨਹੀਂ ਹੈ, ਇਸ ਵਿਚ ਮੇਰੀ ਲੋੜ ਨਹੀਂ ਹੈ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਚੰਦੂਮਾਜਰਾ ਵਰਗੇ ਸੀਨੀਅਰ ਅਾਗੂਆਂ ਦੇ ਆਪਣੇ ਹੀ ਕਾਫੀ ਲਿੰਕ ਹਨ। ਮੇਰਾ ਤਾਂ ਕੰਮ ਸਿਰਫ ਇੰਨਾ ਹੈ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸਨੂੰ ਵਧੀਆ ਢੰਗ ਨਾਲ ਪੂਰੀ ਕਰਾਂ। ਮੇਰਾ ਮੰਨਣਾ ਹੈ ਕਿ ਭਾਜਪਾ ਹਰ ਪਿੰਡ ਅਤੇ ਇਲਾਕੇ ਵਿਚ ਮਜ਼ਦੂਰਾਂ ਦੀ ਪਾਰਟੀ ਬਣੇ। ਹਰ ਵਰਗ ਦੀ ਪਾਰਟੀ ਬਣੇ। ਜੇਕਰ ਕਿਤੇ ਸਮਝੌਤੇ ਦੀ ਗੱਲ ਆਉਂਦੀ ਹੈ ਤਾਂ ਘੱਟ ਤੋਂ ਘੱਟ ਬਰਾਬਰ ਬੈਠ ਕੇ ਗੱਲ ਤਾਂ ਕਰ ਸਕੀਏ। ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਜੇਕਰ ਦੋਵੇਂ ਇਕੱਠੇ ਹੁੰਦੇ ਹਨ ਤਾਂ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਮੌਕਾ ਮਿਲ ਸਕਦਾ ਹੈ, ਜਿਹੜੇ ਇਕ ਵਾਰ ਮੌਕਾ ਮੰਗ ਰਹੇ ਸਨ। ਨਹੀਂ ਤਾਂ ਭਾਜਪਾ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਵਿਚ ਸਮਾਂ ਲੱਗੇਗਾ।
ਸਵਾਲ : ਅਸ਼ਵਨੀ ਸੇਖੜੀ ਤੋਂ ਬਾਅਦ ਹੋਰ ਵੀ ਲੀਡਰ ਭਾਜਪਾ ਵਿਚ ਸ਼ਾਮਲ ਹੋਣਗੇ?
ਜਵਾਬ : ਹਰ ਲੀਡਰ ਦਾ ਆਪਣਾ ਨਜ਼ਰੀਆ ਹੁੰਦਾ ਹੈ। ਹਰ ਕੋਈ ਸਿਆਸਤ ਨੂੰ ਆਪਣੇ ਹਿਸਾਬ ਨਾਲ ਦੇਖਦਾ ਹੈ। ਸਾਰੇ ਸੀਨੀਅਰ ਆਗੂ ਹਨ। ਅੱਜ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਹਾਲਤ ਕਾਫੀ ਖ਼ਰਾਬ ਹੈ। ਜੇਕਰ ਉਹ ਸਮਝਦੇ ਹਨ ਤਾਂ ਭਾਜਪਾ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਅਤੇ ਸਿੱਖ ਧਰਮ ਦੇ ਮਸਲਿਆਂ ਦਾ ਹੱਲ ਕਰ ਸਕਦੀ ਹੈ ਤਾਂ ਉਹ ਜ਼ਰੂਰ ਸੋਚਣਗੇ। ਮੇਰੇ ਆਉਣ ਨਾਲ ਕੋਈ ਪਾਰਟੀ ਵਿਚ ਨਹੀਂ ਆਵੇਗਾ, ਸਗੋਂ ਚੰਗੇ-ਬੁਰੇ ਨੂੰ ਦੇਖ ਕੇ ਫੈਸਲਾ ਲੈਣਗੇ। ਉਂਝ ਹਾਲਾਤ ਇਸ ਸਮੇਂ ਭਾਜਪਾ ਦੇ ਪੱਖ ਵਿਚ ਹਨ।
ਸਵਾਲ : ਭਗਵੰਤ ਮਾਨ, ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ ’ਤੇ ਤੁਸੀਂ ਕੀ ਕਹਿੰਦੇ ਹੋ?
ਜਵਾਬ : ਕੁਝ ਕਹਿੰਦੇ ਹਨ ਕਿ ਮੇਰੇ ਹਲਕੇ ਵਿਚ ਤਾਂ ਹਿੰਦੂ ਹੈ ਹੀ ਨਹੀਂ। ਕੁਝ ਪਤਾ ਨਹੀਂ ਕਿਸ ਵਹਿਮ ਵਿਚ ਹੈ ਕਿ ਇਹ ਹਿੰਦੂ ਬਣ ਗਿਆ ਹੈ। ਇਸ ਦੇ ਆਉਣ ਨਾਲ ਪੰਜਾਬ ਵਿਚ ਅੱਗ ਲੱਗ ਜਾਵੇਗੀ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਇਹ ਲੋਕ ਅੰਦਰੋਂ ਬੁਰੇ ਹਨ। ਮੈਂ ਪੰਜਾਬ ਅਤੇ ਪੰਜਾਬੀਅਤ ’ਤੇ ਪਹਿਰਾ ਦੇ ਰਿਹਾ ਹਾਂ। ਇਨ੍ਹਾਂ ਮੈਨੂੰ ਹੀ ਦੁਤਕਾਰ ਦਿੱਤਾ। ਪਹਿਲਾਂ ਸੁਨੀਲ ਬਹੁਤ ਵਧੀਆ ਸੀ।
ਸਵਾਲ : ਭਗਵੰਤ ਮਾਨ ਲਈ ਤੁਹਾਡਾ ਕੀ ਕਹਿਣਾ ਹੈ?
ਜਵਾਬ : ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪੰਜਾਬ ਵਿਚ ਹੜ੍ਹ ਆਇਆ ਹੋਇਆ ਹੈ ਅਤੇ ਭਗਵੰਤ ਮਾਨ ਬੈਂਗਲੁਰੂ ਚਲੇ ਗਏ। ਜਲੰਧਰ ਦੇ ਵੀ ਕਈ ਇਲਾਕੇ ਪ੍ਰਭਾਵਿਤ ਹੋਏ ਹਨ, ਜਦੋਂ ਪਹਿਲੇ ਦਿਨ ਖਰੜ, ਡੇਰਾਬੱਸੀ, ਪਟਿਆਲਾ ਅਤੇ ਰੋਪੜ ਵਰਗੇ ਇਲਾਕੇ ਪਾਣੀ ਵਿਚ ਡੁੱਬੇ, ਉਦੋਂ ਭਗਵੰਤ ਮਾਨ ਪੰਚਕੂਲਾ ’ਚ ਵੋਟਾਂ ਮੰਗ ਰਹੇ ਸਨ। 4 ਜੁਲਾਈ ਨੂੰ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਖਦਸ਼ਾ ਜਤਾਇਆ ਸੀ। 2 ਦਿਨਾਂ ਬਾਅਦ ਉਨ੍ਹਾਂ 8 ਜੁਲਾਈ ਲਈ ਆਰੇਂਜ ਅਲਰਟ ਐਲਾਨ ਕਰ ਦਿੱਤਾ ਪਰ ਸੀ. ਐੱਮ. ਆਪਣੀ ਵਰ੍ਹੇਗੰਢ ਮਨਾ ਰਹੇ ਸਨ। ਜੇਕਰ ਸੀ. ਐੱਮ. ਬਿਜ਼ੀ ਸਨ ਪਰ ਸਰਕਾਰ ਤਾਂ ਜਾਗ ਰਹੀ ਸੀ। ਫਿਰ ਵੀ ਕੋਈ ਉਚਿਤ ਕਦਮ ਨਹੀਂ ਚੁੱਕੇ ਗਏ। ਸ਼ਾਹਕੋਟ ਨੇੜੇ ਇਕ ਪਿੰਡ ਵਿਚ ਇਕ ਮਜ਼ਦੂਰ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਇਸ ਮਜ਼ਦੂਰ ਦੀ ਇਸ ਕਾਰਨ ਮੌਤ ਹੋ ਗਈ ਕਿ ਪੁਲਸ ਨੇ ਸੀ. ਐੱਮ. ਦੇ ਆਉਣ ਕਾਰਨ ਰੋਡ ਬਲਾਕ ਕੀਤੀ ਹੋਈ ਸੀ, ਜਿਸ ਕਾਰਨ ਐਂਬੂਲੈਂਸ ਨਹੀਂ ਪੁੱਜੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਸੈਂਟਰਾਂ ਦੀਆਂ ਬੁਨਿਆਦੀ ਸਹੂਲਤਾਂ ਲਈ ਚੁੱਕ ਰਹੀ ਹੈ ਠੋਸ ਕਦਮ : ਡਾ. ਬਲਜੀਤ ਕੌਰ
ਸਵਾਲ : ਐੱਨ. ਡੀ. ਏ. ਖ਼ਿਲਾਫ਼ ਮਹਾਗੱਠਜੋੜ ਕੀ ਭਾਜਪਾ ਲਈ ਚੁਣੌਤੀ ਸਾਬਿਤ ਹੋਵੇਗਾ?
ਜਵਾਬ : ਕਿਹੜੀ ਚੋਣ ਬਿਨਾਂ ਚੁਣੌਤੀ ਦੇ ਹੁੰਦੀ ਹੈ। ਚੁਣੌਤੀ ਤਾਂ ਹਰ ਥਾਂ ਹੁੰਦੀ ਹੈ। 10 ਸਾਲ ਕੀਤੇ ਕੰਮਾਂ ਨੂੰ ਜਨਤਾ ਦੇ ਵਿਚਕਾਰ ਲਿਜਾਵਾਂਗੇ। ਜੇਕਰ ਗੱਠਜੋੜ ਨਾ ਹੁੰਦਾ ਤਾਂ ਚੁਣੌਤੀ ਤਾਂ ਫਿਰ ਵੀ ਹੁੰਦੀ ਪਰ ਉਸਦੀ ਤਿਆਰੀ ਵੀ ਉਸੇ ਹਿਸਾਬ ਨਾਲ ਕੀਤੀ ਜਾਂਦੀ ਹੈ ਅਤੇ ਅਸੀਂ ਡਟ ਕੇ ਕਰਾਂਗੇ।
ਸਵਾਲ : ਯੂ. ਸੀ. ਸੀ. ਅਤੇ ਹਰਿਆਣਾ ਵਿਧਾਨ ਸਭਾ ਲਈ ਜਗ੍ਹਾ ਦੇਣ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਮੇਰਾ ਮੰਨਣਾ ਹੈ ਕਿ ਯੂ. ਸੀ. ਸੀ. ਦਾ ਡਰਾਫਟ ਕਿਸੇ ਨੇ ਪੜ੍ਹਿਆ ਨਹੀਂ ਹੈ। ਸਭ ਇਸਦੀ ਨਿਖੇਧੀ ਕਰ ਰਹੇ ਹਨ। ਜੇਕਰ ਦੇਸ਼ ਵਿਚ ਦਾਜ ਪ੍ਰਥਾ ਅਤੇ ਬਾਲ ਵਿਆਹ ਪ੍ਰਥਾ ਬੰਦ ਹੋਈ ਤਾਂ ਉਸ ਨਾਲ ਕੀ ਕੋਈ ਹਿੰਦੂਆਂ ਨੂੰ ਫਰਕ ਪਿਆ ਹੈ। ਡਰਾਫਟ ਆਉਣ ਦਿਓ, ਉਸਨੂੰ ਪੜ੍ਹਨ ਤੋਂ ਬਾਅਦ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਦੂਜਾ ਸਵਾਲ ਚੰਡੀਗੜ੍ਹ ਸਾਡਾ ਹੈ, ਉਸਦੀ ਇਕ ਇੰਚ ਵੀ ਜ਼ਮੀਨ ਜਾਣ ਨਹੀਂ ਦਿਆਂਗੇ।
ਸਵਾਲ : ਰਾਜਪਾਲ ਅਤੇ ਸੀ. ਐੱਮ. ਵਿਵਾਦ ਨੂੰ ਲੈ ਕੇ ਤੁਸੀਂ ਕੀ ਕਹੋਗੇ?
ਜਵਾਬ : ਮੈਂ ਪਹਿਲਾਂ ਵੀ ਕਿਹਾ ਸੀ ਕਿ ਦਰਬਾਰ ਸਾਹਿਬ ਅੰਦਰ ਕਿਸੇ ਵੀ ਚੈਨਲ ਦੀ ਮਨਾਪਲੀ ਬੰਦ ਹੋਣੀ ਚਾਹੀਦੀ ਹੈ। ਮੈਂ ਇਹ ਵੀ ਕਿਹਾ ਸੀ ਕਿ ਕਿਸੇ ਵੀ ਧਾਰਮਿਕ ਭਾਵਨਾ ਦੇ ਅੰਦਰ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : 1.80 ਕਰੋੜ ਦੀ ਲਾਗਤ ਨਾਲ ਨਵੀਆਂ ਲਾਈਨਾਂ ਵਿਛਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਨਿਰਵਿਘਨ ਬਿਜਲੀ ਸਪਲਾਈ ਕੀਤੀ ਬਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8