ਮੋਦੀ ਕੋਲ ਜੇ ਮਨਮੋਹਨ ਸਿੰਘ ਵਿਰੁੱਧ ਸਬੂਤ ਹਨ ਤਾਂ ਕੇਸ ਦਰਜ ਕਰਵਾਉਣ : ਜਾਖੜ

Wednesday, Dec 20, 2017 - 06:39 AM (IST)

ਮੋਦੀ ਕੋਲ ਜੇ ਮਨਮੋਹਨ ਸਿੰਘ ਵਿਰੁੱਧ ਸਬੂਤ ਹਨ ਤਾਂ ਕੇਸ ਦਰਜ ਕਰਵਾਉਣ : ਜਾਖੜ

ਜਲੰਧਰ  (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ।ਉਨ੍ਹਾਂ ਮੰਗਲਵਾਰ ਲੋਕ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਜੇ ਮੋਦੀ ਕੋਲ ਮਨਮੋਹਨ ਸਿੰਘ ਵਿਰੁੱਧ ਸਬੂਤ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਉਣਾ ਚਾਹੀਦਾ ਹੈ।ਸਿਰਫ ਗੁਜਰਾਤ ਵਿਧਾਨ ਸਭਾ ਚੋਣਾਂ ਕਾਰਨ ਮਨਮੋਹਨ ਸਿੰਘ ਵਿਰੁੱਧ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ, ਲਈ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਪੰਜਾਬੀਆਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਮੋਦੀ ਨੇ ਇਕ ਪੰਜਾਬੀ ਨੇਤਾ ਮਨਮੋਹਨ ਸਿੰਘ ਵਿਰੁੱਧ ਬਿਆਨਬਾਜ਼ੀ ਕਰ ਕੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ।
ਮੋਦੀ ਨੂੰ ਹਾਊਸ ਅੰਦਰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਅਸਲ 'ਚ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਤੋੜਿਆ ਹੈ। ਸਿਆਸੀ ਬਿਆਨਬਾਜ਼ੀ ਜਾਂ ਲਾਭ ਲਈ ਮਨਮੋਹਨ ਸਿੰਘ ਨੇ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਅਜਿਹੀ ਬਿਆਨਬਾਜ਼ੀ ਨਹੀਂ ਕੀਤੀ ਸੀ। ਗੁਜਰਾਤ ਚੋਣ ਨਤੀਜਿਆਂ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਦੀ ਅਗਵਾਈ 'ਚ ਕਾਂਗਰਸ ਨੇ ਭਾਜਪਾ ਨੂੰ ਗੁਜਰਾਤ 'ਚ ਜ਼ੋਰਦਾਰ ਟੱਕਰ ਦੇ ਕੇ ਦੱਸ ਦਿੱਤਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਮੁਕਾਬਲਾ ਸੌਖਾ ਨਹੀਂ ਹੋਵੇਗਾ।


Related News