ਜੇਕਰ ਕਾਂਗਰਸ ਨੇ ਕੇਸ ਦਰਜ ਕਰਨੇ ਹਨ ਤਾਂ ਮੇਰੇ ''ਤੇ ਕਰੇ : ਸੁਖਬੀਰ

Thursday, Aug 03, 2017 - 01:14 AM (IST)

ਜੇਕਰ ਕਾਂਗਰਸ ਨੇ ਕੇਸ ਦਰਜ ਕਰਨੇ ਹਨ ਤਾਂ ਮੇਰੇ ''ਤੇ ਕਰੇ : ਸੁਖਬੀਰ

ਬਟਾਲਾ (ਬੇਰੀ, ਸੈਂਡੀ, ਮਠਾਰੂ, ਕਲਸੀ, ਸਾਹਿਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਕਾਂਗਰਸ ਸਰਕਾਰ ਵਿਰੁੱਧ 'ਜਬਰ ਵਿਰੋਧੀ ਲਹਿਰ' ਦੀ ਲੜੀ ਤਹਿਤ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਆਪਣੀ ਬਟਾਲਾ ਫੇਰੀ ਦੌਰਾਨ ਸਥਾਨਕ ਡਾਇਮੰਡ ਰਿਜ਼ਾਰਟ ਵਿਖੇ ਜੁੜੇ ਅਕਾਲੀ ਵਰਕਰਾਂ ਦੇ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਕਾਂਗਰਸੀ ਅਕਾਲੀਆਂ 'ਤੇ ਪਰਚੇ ਦਰਜ ਕਰ ਰਹੇ ਹਨ, ਉਹ ਗਲਤ ਹੈ ਅਤੇ ਜੇਕਰ ਕਾਂਗਰਸ ਨੇ ਕੇਸ ਦਰਜ ਕਰਨੇ ਹੀ ਹਨ ਤਾਂ ਉਹ ਮੇਰੇ 'ਤੇ ਕਰੇ ਤਾਂ ਜੋ ਇੱਟ ਦਾ ਜੁਆਬ ਪੱਥਰ ਨਾਲ ਦਿੱਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਮੁਫਤ ਬਿਜਲੀ ਸਹੂਲਤ, ਸ਼ਗਨ ਸਕੀਮ, ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ, ਆਟਾ-ਦਾਲ ਸਕੀਮ ਤੇ ਬੀਮਾ ਸਕੀਮ ਸ਼ਾਮਲ ਹਨ ਅਤੇ ਇਨ੍ਹਾਂ ਸਕੀਮਾਂ ਨੂੰ ਮੌਜੂਦਾ ਸੂਬਾ ਸਰਕਾਰ ਨੇ ਬੰਦ ਕਰ ਦਿੱਤਾ ਹੈ, ਜਿਸਦੇ ਕਾਰਨ ਜ਼ਰੂਰਤਮੰਦ ਲੋਕ ਸਹੂਲਤਾਂ ਦਾ ਲਾਭ ਲੈਣ ਤੋਂ ਵਾਂਝੇ ਹੋ ਕੇ ਰਹਿ ਗਏ ਹਨ।
ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਇਸ ਮੁਸ਼ਕਿਲ ਦੀ ਘੜੀ ਵਿਚ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ। ਇਸ ਮੌਕੇ ਬੋਲਦਿਆਂ ਵਿਧਾਇਕ ਹਲਕਾ ਮਜੀਠਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਰੌਲਾ ਪਾ ਰਹੀ ਹੈ, ਉਹ ਕਰਜ਼ਾ ਅਜੇ ਤੱਕ ਕਿਸੇ ਵੀ ਕਿਸਾਨ ਦਾ ਮੁਆਫ ਨਹੀਂ ਹੋਇਆ ਜੋ ਕਿ ਕਿਸਾਨਾਂ ਨਾਲ ਵੱਡਾ ਧੋਖਾ ਹੈ, ਜਿਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਮੇਜਰ ਸਿੰਘ ਵਾਸੀ ਅਜਨਾਲਾ ਜਿਸ ਨੇ ਆਤਮਹੱਤਿਆ ਕੀਤੀ ਹੈ, ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਸ ਨੇ ਕਾਂਗਰਸ ਨੂੰ ਵੋਟ ਪਾਈ ਸੀ ਪਰ ਕਾਂਗਰਸ ਨੇ ਕਰਜ਼ਾ ਮੁਆਫੀ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਉਸ ਨੇ ਆਤਮਹੱਤਿਆ ਕਰ ਲਈ।
ਇਸ ਮੌਕੇ ਹਲਕਾ ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਜ. ਸੇਵਾ ਸਿੰਘ ਸੇਖਵਾਂ, ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਸੁਰੇਸ਼ ਭਾਟੀਆ, ਸੁਭਾਸ਼ ਓਹਰੀ ਜ਼ਿਲਾ ਪ੍ਰਧਾਨ ਅਕਾਲੀ ਦਲ ਬਾਦਲ ਸ਼ਹਿਰੀ ਗੁਰਦਾਸਪੁਰ, ਮੰਗਲ ਸਿੰਘ ਅਕਾਲੀ ਆਗੂ, ਕੁਲਵੰਤ ਸਿੰਘ ਚੀਮਾ, ਬਲਬੀਰ ਸਿੰਘ ਬਿੱਟੂ, ਰੋਬੀ ਵਾਲੀਆ, ਸੰਮੀ ਕਪੂਰ, ਕੰਵਲਜੀਤ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਪਹੁੰਚੇ ਹੋਏ ਸਨ।


Related News