ਚੰਨੀ ਭਾਣਜੇ ਜਾਂ ਭਤੀਜੇ ਕੋਲੋਂ ਪੁੱਛ ਲੈਣ ਨਹੀਂ ਤਾਂ ਮੈਂ ਖਿਡਾਰੀ ਨੂੰ ਸਾਹਮਣੇ ਲੈ ਆਵਾਂਗਾ : ਭਗਵੰਤ ਮਾਨ
Wednesday, May 24, 2023 - 01:28 PM (IST)
ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕਿ ਜਾਂ ਤਾਂ ਚੰਨੀ ਆਪਣੇ ਭਾਣਜੇ ਜਾਂ ਭਤੀਜੇ ਕੋਲੋਂ ਪੁੱਛ ਲੈਣ ਕਿ ਉਨ੍ਹਾਂ ਨੇ ਕਿਸ ਕੋਲੋਂ ਰਿਸ਼ਵਤ ਮੰਗੀ ਸੀ, ਨਹੀਂ ਤਾਂ ਉਹ ਉਸ ਖਿਡਾਰੀ ਨੂੰ ਜਨਤਕ ਤੌਰ ’ਤੇ ਪੇਸ਼ ਕਰ ਦੇਣਗੇ, ਜਿਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਨੀ ਭਾਵੇਂ ਗੁਰਦੁਆਰਾ ਸਾਹਿਬ ਵਿਚ ਜਾ ਕੇ ਖੁਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਰਿਸ਼ਵਤ ਮੰਗਣ ਦੀ ਗੱਲ ਖਿਡਾਰੀ ਨੇ ਆਪ ਦੱਸੀ ਸੀ। ਉਨ੍ਹਾਂ ਕਿਹਾ ਕਿ ਜਾਂ ਤਾਂ ਚੰਨੀ ਦਾ ਆਪਣੇ ਭਾਣਜੇ ਜਾਂ ਭਤੀਜੇ ’ਤੇ ਕੰਟਰੋਲ ਨਹੀਂ ਸੀ ਜਾਂ ਫਿਰ ਉਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਈ. ਡੀ. ਨੇ ਜਦੋਂ ਚੰਨੀ ਦੇ ਰਿਸ਼ਤੇਦਾਰ ’ਤੇ ਛਾਪਾ ਮਾਰਿਆ ਸੀ ਤਾਂ ਕਰੋਡ਼ਾਂ ਰੁਪਏ ਦੀ ਰਕਮ ਫੜੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਨੂੰ ਪਰਦੇ ’ਚ ਢਕਿਆ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਗੱਲਾਂ ਖੁੱਲ੍ਹੀਆਂ ਤਾਂ ਦੂਰ ਤਕ ਜਾਣਗੀਆਂ। ਪੰਜਾਬ ਵਿਚ ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ ਜਾਂ ਜਿਸ ਨੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ ਹਨ, ਉਨ੍ਹਾਂ ਖਿਲਾਫ ਕੇਸ ਜ਼ਰੂਰ ਦਰਜ ਕੀਤੇ ਜਾਣਗੇ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕਰ ਰਹੀ। ਸਾਬਕਾ ਸਰਕਾਰਾਂ ਭਾਵੇਂ ਉਹ ਅਕਾਲੀ ਦਲ ਦੀ ਸੀ ਜਾਂ ਫਿਰ ਕਾਂਗਰਸ ਦੀ, ਉਨ੍ਹਾਂ ਨੇ ਬਦਲੇ ਦੀ ਭਾਵਨਾ ਨਾਲ ਝੂਠੇ ਕੇਸ ਦਰਜ ਕੀਤੇ ਸਨ। ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆਪਣੇ ਵਿਰੋਧੀ ਸ਼ਾਸਨ ਵਾਲੇ ਸੂਬਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਰਾਜਪਾਲਾਂ ਜਾਂ ਲੈਫਟੀਨੈਂਟ ਗਵਰਨਰ ਦੀ ਮਾਰਫ਼ਤ ਆਪਣੀ ਖੇਡ, ਖੇਡ ਰਹੀ ਹੈ।
ਇਹ ਵੀ ਪੜ੍ਹੋ : ਮੈਂ ਅੱਜ ਤੱਕ ਕਿਸੇ ਤੋਂ ਰਿਸ਼ਵਤ ਦਾ ਇਕ ਰੁਪਿਆ ਨਹੀਂ ਖਾਧਾ : ਚੰਨੀ
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਚੁਣੀ ਗਈ ਸਰਕਾਰ ਨੂੰ ਜਾਣ-ਬੁੱਝ ਕੇ ਤੰਗ ਕੀਤਾ ਜਾਂਦਾ ਰਿਹਾ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਅਧਿਕਾਰੀਆਂ ਦੀਆਂ ਨਿਯੁਕਤੀਆਂ ਤੇ ਤਬਾਦਲੇ ਸੂਬਾ ਸਰਕਾਰ ਕਰ ਸਕਦੀ ਹੈ ਪਰ ਕੇਂਦਰ ਸਰਕਾਰ ਨੇ ਰਾਤੋ-ਰਾਤ ਨਵਾਂ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਰੋਕ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਮਾਮਲੇ ’ਤੇ ਚੁੱਪ ਕਰ ਕੇ ਬੈਠਣ ਵਾਲੀ ਨਹੀਂ। ਉਹ ਇਸ ਸਬੰਧੀ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਜਾਵੇਗੀ। ਮਹਾਰਾਸ਼ਟਰ ਵਿਚ ਵੀ ਸਮਾਨ ਵਿਚਾਰਧਾਰਾ ਵਾਲੇ ਨੇਤਾਵਾਂ ਨਾਲ ਮੁਲਾਕਾਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਨੂੰ 18,000 ਕਿਊਸਿਕ ਪਾਣੀ ਜਾ ਰਿਹਾ ਹੈ। ਸਰਹਿੰਦ ਨਹਿਰ ਵਿਚ 5200 ਕਿਊਸਿਕ ਪਾਣੀ ਹੈ। ਗਹਿਲੋਤ ਸਰਕਾਰ ਨੇ ਮਈ-ਜੂਨ ਮਹੀਨੇ ਵਿਚ ਨਹਿਰ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਨਾਲ ਸਰਹਿੰਦ ਨਹਿਰ ਤੋਂ ਮਾਲਵੇ ਦੇ ਖੇਤਰਾਂ ਵਿਚ ਪਾਣੀ ਭੇਜਣ ’ਚ ਮੁਸ਼ਕਲ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਦੇਸ਼ ਵਿਚ ਸਭ ਤੋਂ ਬਿਹਤਰ ਹੈ ਅਤੇ ਕਾਨੂੰਨ ਦੇ ਸ਼ਾਸਨ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ। ਪੰਜਾਬ ਪੁਲਸ ਆਉਣ ਵਾਲੇ ਸਮੇਂ ਵਿਚ ਸਾਈਬਰ ਅਪਰਾਧਾਂ ’ਤੇ ਹੋਰ ਮਜ਼ਬੂਤੀ ਨਾਲ ਕਾਬੂ ਪਾਏਗੀ।
ਇਹ ਵੀ ਪੜ੍ਹੋ : ਦੋ ਵਾਰ ਜ਼ਮੀਨ ਦਾ ਮੁਆਵਜ਼ਾ ਨਾ ਲੈ ਜਾਏ ਕੋਈ, ਤੁਰੰਤ ਕਰੋ ਇੰਤਕਾਲ, ਜਾਰੀ ਕੀਤੇ ਨਿਰਦੇਸ਼
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ