ICSE Result : ਟ੍ਰਾਈਸਿਟੀ ’ਚ 10ਵੀਂ ’ਚ 2 ਅਤੇ 12 ਵੀਂ ’ਚ 4 ਵਿਦਿਆਰਥੀ ਰਹੇ ਟਾਪਰ
Tuesday, May 07, 2024 - 04:35 PM (IST)
ਚੰਡੀਗੜ੍ਹ (ਆਸ਼ੀਸ਼) : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਸੋਮਵਾਰ ਨੂੰ ਆਈ. ਸੀ. ਐੱਸ. ਈ. 10ਵੀਂ ਤੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ 10ਵੀਂ ’ਚ 2 ਅਤੇ 12ਵੀਂ ’ਚ 4 ਵਿਦਿਆਰਥੀਆਂ ਨੇ ਟ੍ਰਾਈਸਿਟੀ ’ਚ ਟਾਪ ਕੀਤਾ। 10ਵੀਂ ’ਚ ਸੈਕਟਰ-33 ਸਥਿਤ ਟੈਂਡਰ ਹਾਰਟ ਸਕੂਲ ਦੀ ਸ੍ਰਿਸ਼ਟੀ ਜੋਸ਼ੀ ਤੇ ਪੰਚਕੂਲਾ ਦੇ ਲਿਟਲ ਫਲਾਵਰ ਸਕੂਲ ਦੇ ਨੈਵ ਗੁਪਤਾ ਨੇ 99.2 ਫ਼ੀਸਦੀ ਨੰਬਰ ਨਾਲ ਟ੍ਰਾਈਸਿਟੀ ਵਿਚ ਟਾਪ ਕੀਤਾ ਹੈ। ਉੱਥੇ ਹੀ 12ਵੀਂ ਜਮਾਤ ’ਚ ਵਿਦੁਲਾ ਕੂਪਰ ਨੇ ਮੈਡੀਕਲ ’ਚ 96.50, ਨਾਨ ਮੈਡੀਕਲ ’ਚ ਰਵਲੀਨ ਕੌਰ ਨੇ 97.2, ਕਾਮਰਸ ’ਚ ਸੋਮਿਯਾ ਨੇ 93.5 ਤੇ ਆਰਟਸ ’ਚ ਸਵਲੀਨ ਕੌਰ ਨੇ 98.7 ਫ਼ੀਸਦੀ ਅੰਕ ਲੈ ਕੇ ਟ੍ਰਾਈਸਿਟੀ ਵਿਚ ਟਾਪ ਕੀਤਾ ਹੈ।
ਜੀਵ ਵਿਗਿਆਨ ਵਿਚ ਖੋਜ ਖੇਤਰ ਵਿਚ ਕਰੀਅਰ ਬਣਾਉਣ ਦਾ ਸੁਫ਼ਨਾ
ਸੈਕਟਰ-33 ਸਥਿਤ ਟੈਂਡਰ ਹਾਰਟ ਸਕੂਲ ਦੀ ਸ੍ਰਿਸ਼ਟੀ ਜੋਸ਼ੀ 99.2 ਫ਼ੀਸਦੀ ਅੰਕ ਲੈ ਕੇ 10ਵੀਂ ਜਮਾਤ ’ਚੋਂ ਟਾਪਰ ਬਣੀ ਹੈ। ਪਿਤਾ ਤੇਜਿੰਦਰ ਜੋਸ਼ੀ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਵਕੀਲ ਹਨ ਅਤੇ ਮਾਤਾ ਰਜਨੀ ਜੋਸ਼ੀ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-20 ’ਚ ਅਧਿਆਪਕ ਹਨ। ਸ੍ਰਿਸ਼ਟੀ ਦਾ ਸੁਫ਼ਨਾ ਜੀਵ ਵਿਗਿਆਨ ’ਚ ਖੋਜ ਖੇਤਰ ’ਚ ਕਰੀਅਰ ਬਣਾਉਣਾ ਹੈ।
ਉਸ ਨੇ ਕਦੇ ਟਿਊਸ਼ਨ ਦਾ ਸਹਾਰਾ ਨਹੀਂ ਲਿਆ, ਸਗੋਂ ਸਕੂਲ ’ਚ ਪੜ੍ਹਾਏ ਗਏ ਵਿਸ਼ਿਆਂ ਦੀ ਘਰ ’ਚ ਹੀ ਤਿਆਰੀ ਕੀਤੀ। ਉਸ ਦਾ ਕਹਿਣਾ ਹੈ ਕਿ ਆਪਣੇ ਅੰਦਰ ਆਤਮ-ਵਿਸ਼ਵਾਸ ਵਧਾਉਣਾ ਹੋਵੇਗਾ ਤਾਂ ਹੀ ਜਿੱਤ ਹਾਸਲ ਹੋ ਸਕਦੀ ਹੈ। ਉਹ ਕੁੱਤਿਆਂ ਨੂੰ ਪ੍ਰੇਮ ਕਰਦੀ ਹੈ ਤੇ ਆਰਟ ਕਰਾਫਟ ਦੇ ਕੰਮ ’ਚ ਵਧੇਰੇ ਦਿਲਚਸਪੀ ਰੱਖਦੀ ਹੈ। ਸਫਲਤਾ ਲਈ ਮੰਤਰ ਪੜ੍ਹਾਈ ’ਚ ਖ਼ੁਦ ’ਤੇ ਵਿਸ਼ਵਾਸ ਕਰਨਾ ਹੈ।