ਸੀਨੀਅਰ IAS ਦੀ ਚਹੇਤੀ ਮਹਿਲਾ ਦਾ ਮਾਮਲਾ ਵਿਜੀਲੈਂਸ ਦੇ ਰਡਾਰ ’ਤੇ, ਜਿੱਥੇ ਹੋਈ ਤਾਇਨਾਤੀ, ਉੱਥੇ ਹੀ ਮਿਲਦੀ ਰਹੀ
Monday, Oct 09, 2023 - 11:58 AM (IST)

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਅਧੀਨ ਤਾਇਨਾਤ ਸੀਨੀਅਰ ਆਈ. ਏ. ਐੱਸ. ਦੀ ਚਹੇਤੀ ਤੇ ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਦੇ ਨਾਂ ਨਾਲ ਮਿਲਦੇ-ਜੁਲਦੇ ਨਾਂ ਦੀ ਔਰਤ ਦੀ ਵਾਰ-ਵਾਰ ਵੱਖ-ਵੱਖ ਵਿਭਾਗਾਂ 'ਚ ਹੋਈ ਆਊਟਸੋਰਸ ਜਾਂ ਫਿਰ ਥਰਡ ਪਾਰਟੀ ਅਪੁਆਇੰਟਮੈਂਟ ਦਾ ਮਾਮਲਾ ਵਿਜੀਲੈਂਸ ਦੇ ਰਡਾਰ ’ਤੇ ਹੈ। ਮਾਮਲੇ ਦੀ ਸ਼ਿਕਾਇਤ 2 ਮਹੀਨੇ ਪਹਿਲਾਂ ਮੁੱਖ ਮੰਤਰੀ ਦਫ਼ਤਰ ਤੇ ਵਿਜੀਲੈਂਸ ਵਿਭਾਗ ਨੂੰ ਹੋਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਤੱਥ ਇਕੱਠੇ ਕਰਨ 'ਚ ਲੱਗੀ ਹੋਈ ਹੈ। ਫਿਲਹਾਲ ਇਹ ਖ਼ੁਲਾਸਾ ਹੋਇਆ ਹੈ ਕਿ ਉਕਤ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੇ ਨਾ ਸਿਰਫ਼ ਆਪਣੀ ਚਹੇਤੀ ਮਹਿਲਾ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਆਊਟਸੋਰਸ ਤਰੀਕੇ ਨਾਲ ਮੋਟੀ ਤਨਖ਼ਾਹ ’ਤੇ ਨੌਕਰੀ ’ਤੇ ਲਵਾ ਕੇ ਰੱਖਿਆ, ਸਗੋਂ ਜਦੋਂ ਉਕਤ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਡੈਪੂਟੇਸ਼ਨ ਕੇਂਦਰ ਸਰਕਾਰ ਦੇ ਅਧੀਨ ਇਕ ਅਤਿ ਮਹੱਤਵਪੂਰਨ ਵਿਭਾਗ 'ਚ ਹੋਈ, ਉਦੋਂ ਉਸ ਨੇ ਉਕਤ ਮਹਿਲਾ ਨੂੰ ਉਸੇ ਸੰਵੇਦਨਸ਼ੀਲ ਵਿਭਾਗ 'ਚ ਵੀ ਆਊਟਸੋਰਸ ਤਰੀਕੇ ਨਾਲ ਅਪੁਆਇੰਟ ਕਰਵਾ ਲਿਆ। ਪੰਜਾਬ ਵਾਪਸ ਆਉਣ ’ਤੇ ਫਿਰ ਉਹ ਚੰਡੀਗੜ੍ਹ ਵਾਪਸ ਆਈ ਤੇ ਕਰੀਬ ਸਵਾ ਲੱਖ ਰੁਪਏ ਪ੍ਰਤੀ ਮਹੀਨੇ ਦੀ ਤਨਖ਼ਾਹ ਦੀ ਨੌਕਰੀ ’ਤੇ ਸਿਹਤ ਵਿਭਾਗ 'ਚ ‘ਫਿੱਟ’ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਆਈ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ
ਵਿਜੀਲੈਂਸ ਵਲੋਂ ਇਸ ਸਬੰਧੀ ਉਕਤ ਸੀਨੀਅਰ ਆਈ. ਏ. ਐੱਸ. ਅਧਿਕਾਰੀ ਤੇ ਸਿਹਤ ਵਿਭਾਗ ਨੂੰ ਪੱਤਰ ਭੇਜ ਕੇ 3 ਅਕਤੂਬਰ 2023 ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ ਪਰ ਅਜੇ ਤੱਕ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਆ ਹੈ, ਜਿਸ ਤੋਂ ਬਾਅਦ ਵਿਜੀਲੈਂਸ ਵਲੋਂ ਸਖ਼ਤੀ ਕਰਨ ਦੀ ਸੰਭਾਵਨਾ ਵੱਧ ਰਹੀ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਬੀਤੇ ਸਾਲ ਸਿਹਤ ਵਿਭਾਗ 'ਚ ਹੋਈ ਨਿਯੁਕਤੀ ਤੋਂ ਬਾਅਦ ਤੋਂ ਹੀ ਉਕਤ ਔਰਤ ਦੀ ਚਰਚਾ ਨਾ ਸਿਰਫ਼ ਸਿਹਤ ਵਿਭਾਗ 'ਚ ਸਗੋਂ ਹੋਰ ਵਿਭਾਗਾਂ 'ਚ ਵੀ ਹੋਣ ਲੱਗੀ ਕਿਉਂਕਿ ਹਰ ਵਾਰ ਉਕਤ ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਲੋਂ ਔਰਤ ਨੂੰ ਨੌਕਰੀ ’ਤੇ ਰੱਖਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਰਹੇ, ਜੋ ਕਿ ਖ਼ੁਦ ਨੂੰ ਚਲਾਕ ਮੰਨਣ ਵਾਲੇ ਸਰਕਾਰੀ ਬਾਬੂਆਂ ਦੇ ਵੀ ਹੋਸ਼ ਉਡਾਉਂਦੇ ਰਹੇ। ਹੁਣ ਤੱਕ ਦੀ ਜਾਂਚ 'ਚ ਜੋ ਸਾਹਮਣੇ ਆਇਆ ਹੈ, ਉਸ ਮੁਤਾਬਕ ਇਸ ਸਭ ਦੀ ਸ਼ੁਰੂਆਤ 2015 'ਚ ਉਦੋਂ ਹੋਈ ਸੀ, ਜਦੋਂ ਉਕਤ ਸੀਨੀਅਰ ਆਈ. ਏ. ਐੱਸ. ਅਧਿਕਾਰੀ ਪੰਜਾਬ ਦੇ ਢਾਂਚਾਗਤ ਵਿਕਾਸ ਨਾਲ ਜੁੜੇ ਵਿਭਾਗ 'ਚ ਤਾਇਨਾਤ ਸੀ। ਉੱਥੇ ਇਕ ਜੂਨੀਅਰ ਅਧਿਕਾਰੀ ਵਲੋਂ ਪਹਿਲੀ ਵਾਰ ਉਕਤ ਔਰਤ ਨੂੰ ਸੀਨੀਅਰ ਆਈ. ਏ. ਐੱਸ. ਦੇ ਰੂਬਰੂ ਕੀਤਾ ਗਿਆ ਤੇ ਬੇਨਤੀ ਕੀਤੀ ਕਿ ਉਸ ਨੂੰ ਆਊਟਸੋਰਸ ’ਤੇ ਰੱਖ ਲਿਆ ਜਾਵੇ। ਕੁੱਝ ਜਾਂਚ ਪਰਖ ਤੋਂ ਬਾਅਦ ਉਕਤ ਔਰਤ ਨੂੰ ਨੌਕਰੀ ’ਤੇ ਰੱਖ ਲਿਆ ਗਿਆ। ਜਾਂਚ ਮੁਤਾਬਕ ਉਸ ਤੋਂ ਬਾਅਦ ਉਕਤ ਅਧਿਕਾਰੀ ਦੀ ਟਰਾਂਸਫਰ ਸਮਾਜਿਕ ਸੁਰੱਖਿਆ ਵਿਭਾਗ 'ਚ ਹੋਈ ਤਾਂ ਔਰਤ ਨੂੰ ਵੀ ਆਊਟਸੋਰਸ ਦੇ ਆਧਾਰ ’ਤੇ ਸਮਾਜਿਕ ਸੁਰੱਖਿਆ ਵਿਭਾਗ 'ਚ ਤਾਇਨਾਤ ਕਰ ਲਿਆ ਗਿਆ।
ਕਈ ਮਹੀਨਿਆਂ ਬਾਅਦ ਉਕਤ ਆਈ. ਏ. ਐੱਸ. ਅਧਿਕਾਰੀ ਨੂੰ ਡੈਪੂਟੇਸ਼ਨ ’ਤੇ ਕੇਂਦਰ ਸਰਕਾਰ 'ਚ ਇਕ ਬਹੁਤ ਮਹੱਤਵਪੂਰਨ ਅਹੁਦੇ ’ਤੇ ਨਿਯੁਕਤੀ ਮਿਲੀ, ਜੋ ਕਿ ਭਾਰਤ ਸਰਕਾਰ ਦੇ ਇਕ ਬਹੁਤ ਹੀ ਸੰਵੇਦਨਸ਼ੀਲ ਵਿਭਾਗ ਦੇ ਅਧੀਨ ਸੀ। ਬਸ ਉਥੇ ਵੀ ਉਕਤ ਆਈ. ਏ. ਐੱਸ. ਅਧਿਕਾਰੀ ਨੇ ਆਪਣੀ ‘ਤਾਕਤ’ ਦੀ ਵਰਤੋਂ ਕਰਦਿਆਂ ਆਪਣੀ ਚਹੇਤੀ ਔਰਤ ਨੂੰ ਪੰਜਾਬ ਸਰਕਾਰ ਦੇ ਵਿਭਾਗ ਤੋਂ ਹਟਵਾ ਕੇ ਆਪਣੇ ਅਧੀਨ ਕੇਂਦਰ ਸਰਕਾਰ ਦੇ ਵਿਭਾਗ ਵਿਚ ਨਿਯੁਕਤ ਕਰਵਾ ਲਿਆ। ਕੁੱਝ ਸਾਲ ਬਾਅਦ ਜਦ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੂੰ ਵਾਪਸ ਆਪਣੇ ਪੰਜਾਬ ਕੇਡਰ 'ਚ ਪੰਜਾਬ ਦੇ ਅਧੀਨ ਸਿਹਤ ਵਿਭਾਗ ਦਾ ਕੰਮਕਾਜ ਦੇਖਣ ਲਈ ਕਿਹਾ ਗਿਆ ਤਾਂ ਅਧਿਕਾਰੀ ਵਲੋਂ ਆਪਣੀ ਚਹੇਤੀ ਔਰਤ ਨੂੰ ਵੀ ਸਿਹਤ ਵਿਭਾਗ 'ਚ ਹੀ ਫਿੱਟ ਕਰਨ ਦੀ ਤਿਕੜਮ ਲਾਈ ਗਈ। ਪਤਾ ਲੱਗਿਆ ਹੈ ਕਿ ਸਿਹਤ ਵਿਭਾਗ ਦੇ ਅਧੀਨ ਚੱਲਣ ਵਾਲੇ ਕਈ ਤਰ੍ਹਾਂ ਦੇ ਪ੍ਰਾਜੈਕਟਾਂ 'ਚ ਵੱਖ-ਵੱਖ ਤਰ੍ਹਾਂ ਦੀ ਮਹਾਰਤ ਰੱਖਣ ਵਾਲੇ ਲੋਕਾਂ ਦੀ ਲੋੜ ਪੈਂਦੀ ਰਹਿੰਦੀ ਹੈ ਤੇ ਇਸ ਲਈ ਕਈ ਵਾਰ ਪ੍ਰਾਈਵੇਟ ਕੰਪਨੀਆਂ ਵਲੋਂ ਵੀ ਸਟਾਫ਼ ਡੈਪਿਊਟ ਕੀਤਾ ਜਾਂਦਾ ਹੈ। ਇਸੇ ਤਰੀਕੇ ਦਾ ਫਾਇਦਾ ਉਠਾਉਂਦਿਆਂ ਆਈ. ਏ. ਐੱਸ. ਅਧਿਕਾਰੀ ਨੇ ਆਪਣੀ ਚਹੇਤੀ ਔਰਤ ਨੂੰ ਸਿਹਤ ਵਿਭਾਗ 'ਚ ਬਹੁਤ ਵੱਡਾ ਕਾਂਟ੍ਰੈਕਟ ਹਾਸਲ ਕਰਨ ਵਾਲੀ ਪ੍ਰਾਈਵੇਟ ਕੰਪਨੀ 'ਚ ਨਿਯੁਕਤ ਕਰਵਾ ਦਿੱਤਾ ਤੇ ਉਸ ਦੀ ਤਾਇਨਾਤੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਕਰਵਾ ਲਈ।
ਠੇਕਾ ਲੈਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਬਦਲਦੀਆਂ ਰਹੀਆਂ ਪਰ ਆਈ. ਏ. ਐੱਸ. ਅਧਿਕਾਰੀ ਦੇ ਦਬਾਅ 'ਚ ਹਰ ਵਾਰ ਨਵੀਂ ਕੰਪਨੀ ਆਉਣ ’ਤੇ ਵੀ ਉਕਤ ਔਰਤ ਨੂੰ ਉਸੇ ਅਹੁਦੇ ’ਤੇ ਤਾਇਨਾਤ ਕੀਤਾ ਜਾਂਦਾ ਰਿਹਾ ਤੇ ਹਰ ਵਾਰ ਤਨਖਾਹ ਵੀ ਵੱਧਦੀ ਰਹੀ। ਸ਼ਿਕਾਇਤ 'ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸਿਹਤ ਵਿਭਾਗ ’ਤੇ ਆਪਣੀ ਪਕੜ ਮਜਬੂਤ ਕਰਦਿਆਂ ਉਕਤ ਆਈ. ਏ. ਐੱਸ. ਅਧਿਕਾਰੀ ਵਲੋਂ ਆਪਣੀ ਚਹੇਤੀ ਔਰਤ ਨੂੰ ਪੂਰੇ ਸੂਬੇ ਦੇ ਹਸਪਤਾਲਾਂ ’ਤੇ ਨਜ਼ਰ ਰੱਖਣ ਸਬੰਧੀ ਇਕ ਮਹੱਤਵਪੂਰਨ ਵਿੰਗ ਵਿਚ ਤਾਇਨਾਤ ਕਰ ਦਿੱਤਾ ਗਿਆ। ਹਾਲਾਂਕਿ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਦੀ ਸੰਸਥਾ ਵਲੋਂ ਉਕਤ ਔਰਤ ਖਿਲਾਫ਼ ਸ਼ਿਕਾਇਤ ਵੀ ਕੀਤੀ ਗਈ ਤੇ ਰਾਸ਼ਟਰੀ ਸਿਹਤ ਸੰਸਥਾ ਵਲੋਂ ਵੀ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਗਿਆ ਕਿ ਉਕਤ ਅਹੁਦੇ ’ਤੇ ਸਿਰਫ਼ ਰੈਗੂਲਰ ਤੌਰ ’ਤੇ ਤਾਇਨਾਤ ਡਾਇਰੈਕਟਰ ਪੱਧਰ ਦਾ ਅਧਿਕਾਰੀ ਹੀ ਤਾਇਨਾਤ ਕੀਤਾ ਜਾ ਸਕਦਾ ਹੈ ਪਰ ਇਸ ਦੇ ਬਾਵਜੂਦ ਵੀ ਉਕਤ ਆਊਟਸੋਰਸ ਔਰਤ ਨੂੰ ਤਾਇਨਾਤ ਰੱਖਿਆ ਗਿਆ। ਵਿਜੀਲੈਂਸ ਇਨ੍ਹਾਂ ਹੀ ਤੱਥਾਂ ਦੀ ਜਾਂਚ ਕਰ ਰਹੀ ਹੈ ਕਿ ਇਸ ਤਰੀਕੇ ਨਾਲ ਸੰਵੇਦਨਸ਼ੀਲ ਅਹੁਦਿਆਂ ’ਤੇ ਹੋਣ ਵਾਲੀ ਆਊਟਸੋਰਸ ਤਾਇਨਾਤੀ ਰਾਹੀਂ ਕਿਤੇ ਭ੍ਰਿਸ਼ਟਾਚਾਰ ਨੂੰ ਤਾਂ ਅੰਜਾਮ ਨਹੀਂ ਦਿੱਤਾ ਗਿਆ ਤੇ ਕਿਤੇ ਮੋਟੀ ਤਨਖ਼ਾਹ ਰਾਸ਼ੀ ਹਰ ਮਹੀਨੇ ਰਿਸ਼ਵਤ ਦਾ ਹਿੱਸਾ ਲੈਣ ਦਾ ਨਵਾਂ ਤਰੀਕਾ ਤਾਂ ਨਹੀਂ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8