ਦੋਰਾਹਾ ਦੇ ਹਰਪ੍ਰੀਤ ਨੇ ਆਈ. ਏ. ਐੱਸ. ਪ੍ਰੀਖਿਆ ''ਚ ਮਾਰੀ ਬਾਜ਼ੀ, ਸੂਬੇ ''ਚੋਂ ਪਹਿਲੇ ਸਥਾਨ ''ਤੇ

04/06/2019 2:11:49 PM

ਦੋਰਾਹਾ (ਸੁਖਵੀਰ) : ਯੂ. ਪੀ. ਐੱਸ. ਸੀ. ਪ੍ਰੀਖਿਆ ਵਿਚ ਦੋਰਾਹਾ ਦੇ ਜੰਮਪਲ ਹਰਪ੍ਰੀਤ ਸਿੰਘ ਪੁੱਤਰ ਮਲਵਿੰਦਰ ਸਿੰਘ ਨੇ ਜਿੱਥੇ ਦੇਸ਼ ਭਰ 'ਚੋਂ 19ਵਾਂ ਤੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਰਪ੍ਰੀਤ ਸਿੰਘ ਨੇ ਦੋਰਾਹਾ ਸ਼ਹਿਰ ਲਈ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਨ ਵਾਲਾ ਉਹ ਦੋਰਾਹਾ ਸ਼ਹਿਰ ਦਾ ਪਹਿਲਾ ਨੌਜਵਾਨ ਹੈ। ਜਿਸ ਨਾਲ ਸਮੁੱਚੇ ਇਲਾਕੇ ਦਾ ਸਿਰ ਫਖਰ ਨਾਲ ਉੱਚਾ ਹੋਇਆ ਹੈ। ਇਸ ਸਮੇਂ 'ਜਗ ਬਾਣੀ' ਨਾਲ ਖੁਸ਼ੀ ਸਾਂਝੀ ਕਰਦਿਆਂ ਦਸ਼ਮੇਸ਼ ਨਗਰ ਦੋਰਾਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਪਿਤਾ ਮਲਵਿੰਦਰ ਸਿੰਘ ਨੇ ਆਪਣੇ ਪੁੱਤਰ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆ ਦੱਸਿਆ ਕਿ ਉਹ ਪਹਿਲਾਂ ਬੀ. ਐੱਸ. ਐੱਫ਼. 'ਚ ਬਤੌਰ ਏ. ਸੀ. ਪੀ. ਸੇਵਾ ਨਿਭਾਅ ਚੁੱਕਾ ਹੈ ਅਤੇ ਪਿਛਲੇ ਸਾਲ ਉਸਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਵਿਚ 454ਵਾਂ ਸਥਾਨ ਹਾਸਿਲ ਕਰਕੇ ਆਈ. ਟੀ. ਐੱਸ. ਵਿਭਾਗ 'ਚ ਬਤੌਰ ਅਸਿਸਟੈਂਟ ਡਾਇਰੈਕਟਰ ਜਨਰਲ ਫ਼ੌਰਨ ਟਰੇਡ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। 
ਉਨ੍ਹਾਂ ਦੱਸਿਆ ਕਿ ਥਾਪਰ ਕਾਲਜ ਪਟਿਆਲਾ ਤੋਂ ਬੀ ਟੈੱਕ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ 28 ਸਾਲਾਂ ਹਰਪ੍ਰੀਤ ਸਿੰਘ ਹਰ ਕੰਮ ਮਿਹਨਤ ਤੇ ਲਗਨ ਨਾਲ ਕਰਦਾ ਹੈ ਅਤੇ ਉਸਦਾ ਸੁਪਨਾ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕਰਕੇ ਉੱਚ ਅਹੁਦੇ 'ਤੇ ਪੁੱਜਣਾ ਸੀ, ਜਿਸ ਵਿਚ ਉਹ ਸਫ਼ਲ ਰਿਹਾ ਹੈ ਅਤੇ ਹੁਣ ਉਹ ਆਈ ਏ ਐਸ ਵਜੋਂ ਦੇਸ਼ ਵਿਚ ਸੇਵਾ ਕਰੇਗਾ।


Gurminder Singh

Content Editor

Related News