ਮੁੱਖ ਮੰਤਰੀ ਨੂੰ ਬੇਅਦਬੀ ਦੇ ਕੇਸਾਂ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦੀ ਕਰਾਂਗੇ ਸਿਫਾਰਸ਼: ਸਿੰਗਲਾ

Tuesday, Jun 29, 2021 - 09:59 PM (IST)

ਭਵਾਨੀਗੜ੍ਹ(ਵਿਕਾਸ)- ਪਿਛਲੇ ਦਿਨੀਂ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਦੇ ਗੁਰੂ ਘਰ ਵਿੱਚ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਸਮਾਨ ਨੂੰ ਅੱਗ ਲਗਾਉਣ ਦੀ ਵਾਪਰੀ ਮੰਦਭਾਗੀ ਘਟਨਾ ਸਬੰਧੀ ਸੰਗਤਾਂ ਨਾਲ ਅਫਸੋਸ ਪ੍ਰਗਟ ਕਰਨ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅੱਜ ਜੌਲੀਆਂ ਗੁਰੂ ਘਰ ਵਿਖੇ ਪਹੁੰਚੇ। ਇਸ ਦੌਰਾਨ ਸਿੰਗਲਾ ਨੇ ਅਗਨ ਭੇਟ ਹੋਏ ਪਾਵਨ ਸਰੂਪ ਜੀ ਦੇ ਦਰਸ਼ਨ ਕੀਤੇ ਅਤੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ’ਤੇ ਸਿੰਗਲਾ ਨੇ ਕਿਹਾ ਕਿ ਪ੍ਰਸਾਸ਼ਨ ਦੀ ਸੂਝਬੂਝ ਨਾਲ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ- ਖੰਨਾ ਨੇ ਆਪਣੀ ਕਿਤਾਬ ‘ਆਈ ਐਮ ਏ ਕੋਰੋਨਾ ਸਰਵਾਇਵਰ’ ਪੰਜਾਬ ਦੇ ਗਵਰਨਰ ਨੂੰ ਕੀਤੀ ਭੇਂਟ

ਜ਼ਿਲ੍ਹਾ ਪੁਲਸ ਮੁਖੀ ਸਮੇਤ ਹੋਰ ਪੁਲਸ ਦੇ ਆਲਾ ਅਫ਼ਸਰ ਗੰਭੀਰਤਾ ਨਾਲ ਨਿਗਰਾਨੀ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਘਟਨਾ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਇਸ ਤੋਂ ਇਲਾਵਾ ਸਿੰਗਲਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਸੂਬੇ 'ਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦੀ ਸਿਫਾਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਕਿਸੇ ਵੀ ਭੜਕਾਹਟ ਵਿੱਚ ਨਹੀਂ ਆਉਣਾ ਚਾਹੀਦਾ ਤੇ ਪ੍ਰਸਾਸ਼ਨ ਵਲੋਂ ਕੀਤੀ ਜਾ ਰਹੀ ਜਾਂਚ ਵਿੱਚ ਹਰ ਪੱਧਰ ’ਤੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਅੱਗ ਦੀ ਘਟਨਾ ਸਮੇਂ ਗੁਰੂ ਘਰ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6 ਸਰੂਪ ਜੋ ਸੱਚਖੰਡ ਵਿਚ ਪਏ ਸਨ, ਨੂੰ ਬਚਾਉਣ ਵਾਲੇ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ।

ਪੜ੍ਹੋ ਇਹ ਵੀ ਖ਼ਬਰ- ਬੇਅਦਬੀ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਵੱਲੋਂ ਜੌਲੀਆਂ ਗੁਰੂ ਘਰ ਦਾ ਦੌਰਾ

ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ, ਐੱਸ.ਐੱਸ.ਪੀ. ਸੰਗਰੂਰ ਵਿਵੇਕਸ਼ੀਲ ਸੋਨੀ, ਐਸ.ਡੀ.ਐਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ, ਡੀ.ਐਸ.ਪੀ ਸੁਖਰਾਜ ਸਿੰਘ ਘੁੰਮਣ, ਥਾਣਾ ਮੁਖੀ ਗੁਰਦੀਪ ਸਿੰਘ ਸੰਧੂ, ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਤੋੰ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦੀਪ ਕੱਦ, ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ, ਰਣਜੀਤ ਸਿੰਘ ਤੂਰ, ਸਾਬਕਾ ਕੌਂਸਲਰ ਫ਼ਕੀਰ ਚੰਦ ਸਿੰਗਲਾ, ਜਗਤਾਰ ਨਮਾਦਾ, ਕੁਲਵੰਤ ਸਿੰਘ ਜੌਲੀਆਂ ਸਾਬਕਾ ਸਰਪੰਚ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸੀ।


Bharat Thapa

Content Editor

Related News