ਜਦੋਂ ਤੱਕ ਬੇਟਾ ਆਪਣੇ ਜ਼ੋਰ ’ਤੇ ਟਿਕਟ ਨਹੀਂ ਲੈ ਲੈਂਦਾ, ਓਦੋਂ ਤੱਕ ਸੁਲਤਾਨਪੁਰ ਲੋਧੀ ਨਹੀਂ ਜਾਵਾਂਗਾ : ਰਾਣਾ ਗੁਰਜੀਤ

12/11/2021 4:13:29 PM

ਜਲੰਧਰ (ਰਮਨਦੀਪ ਸਿੰਘ ਸੋਢੀ) : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅੱਜਕਲ ਕੁਝ ਸਿਆਸੀ ਮਸਲਿਆਂ ਨੂੰ ਲੈ ਕੇ ਬਹੁਤ ਚਰਚਾ ਵਿਚ ਹੈ। ਪਹਿਲਾ ਮਸਲਾ ਉਨ੍ਹਾਂ ਦੀ ਗੁਆਂਢੀ ਹਲਕਿਆਂ ਵਿਚ ਵਧ ਰਹੀ ਦਿਲਚਸਪੀ ਦਾ ਹੈ ਅਤੇ ਦੂਸਰਾ ਬੀਤੇ ਦਿਨ ਪੰਜਾਬ ਦੇ ਹੋਮ ਮਨਿਸਟਰ ਸੁਖਜਿੰਦਰ ਰੰਧਾਵਾ ਦੇ ਨਾਲ ਹੋਈ ਤਲਖ਼ੀ ਦਾ ਹੈ। ਇਨ੍ਹਾਂ ਦੋਨਾਂ ਮਸਲਿਆਂ ਸਮੇਤ ਪੰਜਾਬ ਦੀ ਸਿਆਸਤ ਅਤੇ ਰਾਣਾ ਗੁਰਜੀਤ ਦੀ ਨਿੱਜੀ ਜ਼ਿੰਦਗੀ ਅਤੇ ਕਾਰੋਬਾਰ ’ਤੇ ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਰਾਣਾ ਨੇ ਕਿਹਾ ਕਿ ਟਿਕਟ ਮੰਗਣਾ ਸਾਰਿਆਂ ਦਾ ਅਧਿਕਾਰ ਹੈ, ਇਸੇ ਲਈ ਉਨ੍ਹਾਂ ਦਾ ਬੇਟਾ ਆਪਣਾ ਕੰਮ ਕਰ ਰਿਹਾ ਹੈ, ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦਾ ਫੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਓਦੋਂ ਤੱਕ ਸੁਲਤਾਨਪੁਰ ਲੋਧੀ ਨਹੀਂ ਜਾਵਾਂਗਾ, ਜਦੋਂ ਤੱਕ ਬੇਟਾ ਆਪਣੇ ਜ਼ੋਰ ’ਤੇ ਟਿਕਟ ਨਹੀਂ ਲੈ ਲੈਂਦਾ। ਪੇਸ਼ ਹੈ ਪੂਰੀ ਗੱਲਬਾਤ।

ਚਰਚਾ ਹੈ ਕਿ ਤੁਸੀਂ ਸੁਲਤਾਨਪੁਰ ਤੇ ਭੁਲੱਥ ’ਚ ਖੁੱਲ੍ਹਕੇ ਦਖ਼ਲਅੰਦਾਜ਼ੀ ਕਰ ਰਹੇ ਹੋ?
ਦੇਖੋ, ਲੋਕ ਮੈਨੂੰ ਪਸੰਦ ਕਰ ਹਨ, ਮੈਂ ਜਿੱਥੇ ਵੀ ਜਾਂਦਾ ਹਾਂ ਲੋਕ ਮੇਰੀ ਇੱਜ਼ਤ ਕਰਦੇ ਹਨ। ਰਹੀ ਗੱਲ ਸੁਲਤਾਨਪੁਰ ਲੋਧੀ, ਤਾਂ ਅੱਜਕੱਲ ਬੱਚਿਆਂ ਦੀ ਆਪਣੀ ਦਿਲਚਸਪੀ ਹੈ। ਪਹਿਲਾਂ ਜਦੋਂ ਮੈਂ ਆਪਣੇ ਬੇਟੇ ਨੂੰ ਕਹਿੰਦਾ ਸੀ ਕਿ ਰਾਜਨੀਤੀ ਵਿਚ ਆਓ, ਤਾਂ ਉਹ ਨਹੀਂ ਮੰਨਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਕਾਰੋਬਾਰ ਕਰਨਾ ਚਾਹੁੰਦਾ ਹਾਂ। ਪਰ ਅੱਜ ਉਸ ਦਾ ਮਨ ਹੈ, ਇਸ ਲਈ ਉਹ ਜਾਂ ਤਾਂ ਮੇਰੀ ਸੀਟ ਲਵੇਗਾ, ਜਾਂ ਉਹ ਗੁਆਂਢੀਆਂ ਵੱਲ ਜਾਏਗਾ। ਰਹੀ ਗੱਲ ਮੇਰੇ ਬੇਟੇ ਦੇ ਸੁਲਤਾਨਪੁਰ ਹਲਕੇ ਵਿਚ ਜਾਣ ਦੀ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸ ਨੂੰ ਟਿਕਟ ਮਿਲ ਗਈ ਹੈ, ਇਹ ਪਾਰਟੀ ਤੈਅ ਕਰੇਗੀ ਕਿ ਉੱਥੋਂ ਕੌਣ ਜਿੱਤੇਗਾ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਪਿਛਲੇ 5 ਸਾਲਾਂ ਵਿਚ ਜੋ ਵੀ ਕੀਤਾ ਹੈ, ਉਹ ਸਭ ਦੇ ਸਾਹਮਣੇ ਆ ਜਾਵੇਗਾ। ਜੇਕਰ ਕੋਈ ਮੇਰੇ ਹਲਕੇ ਵਿਚ ਆ ਕੇ ਟਿਕਟ ਦੀ ਮੰਗ ਕਰਦਾ ਹੈ ਤਾਂ ਮੈਂ ਉਨ੍ਹਾਂ ਦਾ ਸੁਆਗਤ ਕਰਦਾ ਹਾਂ।

ਚੀਮਾ ਕਹਿੰਦੇ ਹਨ ਕਿ ਰਾਣਾ ਆਪਣੀ ਸੀਟ ਦੀ ਚਿੰਤਾ ਕਰਨ?
ਬੱਚੇ ਅੱਜਕੱਲ੍ਹ ਸਭ ਕੁਝ ਭੁੱਲ ਜਾਂਦੇ ਹਨ ਪਰ ਕੋਈ ਗੱਲ ਨਹੀਂ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਮੇਰੀ ਸੀਟ ’ਤੇ ਆ ਕੇ ਟਿਕਟ ਮੰਗ ਕੇ ਦਿਖਾਵੇ ਪਰ ਮੈਂ ਫਿਰ ਕਹਾਂਗਾ ਕਿ ਚੀਮਾ ਸਾਹਿਬ ਬਹੁਤ ਤਕੜੇ ਹਨ। ਉਸ ਨੇ ਬਹੁਤ ਸਾਰੇ ਕੰਮ ਕੀਤੇ ਹਨ, ਖਾਸ ਕਰ ਕੇ 550ਵੇਂ ਗੁਰਪੁਰਬ ’ਤੇ। ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ, ਇਸ ਲਈ ਉਨ੍ਹਾਂ ਦੀ ਜਿੱਤ ਨੂੰ ਕੌਣ ਚੁਣੌਤੀ ਦੇ ਸਕਦਾ ਹੈ। ਪਰ ਮੈਂ ਹੈਰਾਨ ਹਾਂ ਕਿ ਮੇਰੇ ਬੇਟੇ ਨੇ ਆਪਣੇ ਤੌਰ ’ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਘਬਰਾਉਣ ਲੱਗੇ ਹਨ। ਮੇਰਾ ਬੇਟਾ ਆਪਣੇ ਦਮ ’ਤੇ ਟਿਕਟ ਦਾ ਦਾਅਵਾ ਕਰ ਰਿਹਾ ਹੈ।

ਰੰਧਾਵਾ ਨਾਲ ਤੁਹਾਡਾ ਕੀ ਝਗੜਾ ਹੈ?
ਦੇਖੋ, ਕੈਪਟਨ ਅਮਰਿੰਦਰ ਸਿੰਘ ਸ਼ੁਰੂ ਵਿਚ ਮੇਰੇ ਨਾਲ ਬਹੁਤ ਮਿਹਰਬਾਨ ਸਨ, ਫਿਰ ਗੁੱਸੇ ਹੋ ਗਏ ਪਰ ਮੈਂ ਉਨ੍ਹਾਂ ਨੂੰ ਕਦੇ ਬੁਰਾ ਨਹੀਂ ਕਿਹਾ ਅਤੇ ਨਾ ਹੀ ਕਹਾਂਗਾ। ਅੱਜਕੱਲ੍ਹ ਚੰਨੀ ਸਾਹਿਬ ਵੀ ਮੇਰੇ ’ਤੇ ਮਿਹਰਬਾਨ ਹਨ ਤਾਂ ਮੈਂ ਕਿਸੇ ਨਾਲ ਕਿਉਂ ਝਗੜਾ ਕਰਾਂਗਾ। ਗ੍ਰਹਿ ਮੰਤਰੀ ਤਾਕਤਵਰ ਹੁੰਦਾ ਹੈ, ਇਸ ਲਈ ਉਨ੍ਹਾਂ ਨਾਲ ਕੋਈ ਵਿਵਾਦ ਨਹੀਂ ਹੋ ਸਕਦਾ। ਇਹ ਪੁੱਛੇ ਜਾਣ ’ਤੇ ਕਿ ਐੱਸ. ਐੱਸ. ਪੀ. ਲਗਾਉਣ ਦੇ ਪੈਸੇ ਲਏ ਜਾ ਰਹੇ ਹਨ ਤਾਂ ਜਵਾਬ ਸੀ ਕਿ ਨੋ ਕਮੈਂਟਸ।

ਕੈਪਟਨ ਮੇਰੇ ਸਿਆਸੀ ਗੁਰੂ ਹਨ, ਅੱਜ ਵੀ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ
ਰਾਜਨੀਤੀ ਇਕ ਅਜਿਹੀ ਖੇਡ ਹੈ, ਜਿਸ ’ਚ ਕੌਣ ਕਦੋਂ ਉੱਪਰ ਅਤੇ ਕਦੋਂ ਹੇਠਾਂ ਹੈ, ਕੋਈ ਪਤਾ ਨਹੀਂ ਲੱਗਦਾ। ਰਿਸ਼ਤੇ ਬਣਦੇ ਅਤੇ ਵਿਗੜਦੇ ਰਹਿੰਦੇ ਹਨ, ਪਰ ਸਿਧਾਂਤ ’ਤੇ ਹਮੇਸ਼ਾ ਮਜ਼ਬੂਤ ​​ਰਹਿਣਾ ਚਾਹੀਦਾ ਹੈ। ਰਾਣਾ ਦਾ ਸਟੈਂਡ ਹਮੇਸ਼ਾ ਅਡੋਲ ਰਿਹਾ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਗੁਰੂ ਮੰਨਦਾ ਹਾਂ। ਪਰ ਉਹ ਜੋ ਕਰ ਰਹੇ ਹੈ ਉਹ ਠੀਕ ਨਹੀਂ ਹੈ। ਜਿਸ ਪਾਰਟੀ ਨੇ ਕਿਸੇ ਵਿਅਕਤੀ ਨੂੰ 20 ਸਾਲ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਵੇ, ਉਸ ਨਾਲ ਸੇਵਾਮੁਕਤ ਹੋ ਕੇ ਅਜਿਹਾ ਕਰਨਾ ਠੀਕ ਨਹੀਂ ਹੈ। ਇਸ ਦੇ ਬਾਵਜੂਦ ਮੈਂ ਕੈਪਟਨ ਖਿਲਾਫ ਕੋਈ ਨਿੱਜੀ ਟਿੱਪਣੀ ਨਹੀਂ ਕਰਾਂਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੈਪਟਨ ਨੂੰ 10 ’ਚੋਂ ਕਿੰਨੇ ਨੰਬਰ ਦਿਓਗੇ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਨ੍ਹਾਂ ਨੂੰ ਨੰਬਰ ਦੇਣ ਵਾਲਾ ਮੈਂ ਕੌਣ ਹੁੰਦਾ ਹਾਂ। ਜੇਕਰ ਮੈਂ ਉਨ੍ਹਾਂ ਦੀ ਆਲੋਚਨਾ ਕਰਨੀ ਸੀ, ਤਾਂ ਮੈਂ ਉਦੋਂ ਕਰਦਾ ਜਦੋਂ ਮੈਂ ਉਨ੍ਹਾਂ ਨਾਲ ਸੱਤਾ ਵਿਚ ਸੀ। ਮੇਰਾ ਸਿਧਾਂਤ ਹੈ ਕਿ ਰਾਜਨੀਤੀ ਵਿਚ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ, ਨਿੱਜੀ ਰੰਜਿਸ਼ ਕੱਢਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੈਂ ਸਿਆਸੀ ਤੌਰ ’ਤੇ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਾਂਗਾ। ਇੱਥੋਂ ਤੱਕ ਕਿ ਮੈਂ ਵਿਰੋਧੀ ਧਿਰ ਬਾਰੇ ਗੰਦੀ ਰਾਜਨੀਤੀ ਕਰਨ ਵਿਚ ਵਿਸ਼ਵਾਸ ਨਹੀਂ ਰੱਖਦਾ।

ਵਿਰੋਧੀ ਧਿਰ ਕਹਿੰਦਾ ਹੈ ਕਿ ਘਪਲੇ ਕਰਨ ਵਾਲੇ ਵਿਧਾਇਕ ਨੂੰ ਮੁੜ ਮੰਤਰੀ ਬਣਾਇਆ ਗਿਆ ਹੈ?
ਮੇਰੇ ’ਤੇ ਲੱਗੇ ਦੋਸ਼ ਸਾਬਤ ਨਹੀਂ ਹੋਏ, ਮੇਰੇ ਮਾਮਲੇ ਦੀ ਬਕਾਇਦਾ ਜਾਂਚ ਹੋਈ ਹੈ, ਜਿਸ ’ਚ ਮੈਂ ਬੇਕਸੂਰ ਪਾਇਆ ਗਿਆ ਹਾਂ। ਮੈਂ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਸੀ।

ਤੁਹਾਡੇ ’ਤੇ ਦੋਸ਼ ਹੈ ਕਿ ਤੁਹਾਡੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਲੋਕਾਂ ਦੀ ਸਿਹਤ ਖਰਾਬ ਕਰ ਰਿਹਾ ਹੈ?
ਮੈਂ ਚੈਲੇਂਜ ਕਰਦਾ ਹਾਂ ਕਿ ਜੇਕਰ ਕੋਈ ਇਸ ਗੱਲ ਨੂੰ ਸਾਬਿਤ ਕਰ ਦੇਵੇ ਤਾਂ ਮੈਂ 5 ਲੱਖ ਰੁਪਏ ਦਾ ਇਨਾਮ ਦੇਵਾਂਗਾ। ਮੇਰੇ ਖ਼ਿਲਾਫ਼ ਕੁਝ ਬਲੈਕਮੇਲਰ ਲੋਕ ਪ੍ਰਚਾਰ ਖੜਾ ਕਰ ਰਹੇ ਹਨ, ਜੋ ਸੋਸ਼ਲ ਮੀਡੀਆ ’ਤੇ ਬਿਨਾਂ ਮਤਲਬ ਪ੍ਰਚਾਰ ਕਰ ਰਹੇ ਹਨ। ਮੈਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਗ੍ਰੀਨ ਟ੍ਰਿਬਿਊਨਲ ਵਲੋਂ ਕਲੀਨ ਚਿਟ ਦਿੱਤੀ ਗਈ ਹੈ। ਮੈਂ ਬਕਾਇਦਾ ਕਈ ਇਨਵਾਇਰੀਆਂ ਦਾ ਸਾਹਮਣਾ ਕਰ ਚੁੱਕਾ ਹਾਂ। ਮੈਂ ਤਾਂ ਆਪਣੇ ਕੰਮ ਦੇ ਜ਼ੋਰ ’ਤੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਿਹਾ ਹਾਂ।

ਪੰਜਾਬ ਤੋਂ ਇੰਡਸਟਰੀ ਹਿਜ਼ਰਤ ਕਰ ਰਹੀ ਹੈ ਪਰ ਤੁਸੀਂ ਕਿਵੇਂ ਤਰੱਕੀ ਕਰ ਰਹੇ ਹੋ? ਕੀ ਸਿਆਸਤ ਦਾ ਫਾਇਦਾ ਮਿਲ ਰਿਹਾ ਹੈ?
ਮੈਂ ਪਹਿਲੀ ਪੇਪਰ ਮਿੱਲ 1989 ਵਿਚ ਸਥਾਪਿਤ ਕੀਤੀ ਸੀ। ਮੈਂ 1990 ਵਿਚ ਖੰਡ ਮਿੱਲ ਲਗਾਉਣੀ ਸ਼ੁਰੂ ਕੀਤੀ। ਜਦੋਂ ਕਿ ਉਸ ਸਮੇਂ ਕਿਸੇ ਵੀ ਆਗੂ ਨੇ ਆਪਣੇ ਘਰ ਦੇ ਬਨ੍ਹੇਰੇ ’ਤੇ ਇਕ ਇੱਟ ਵੀ ਨਹੀਂ ਲਾਈ ਸੀ ਪਰ ਰਾਣਾ ਗੁਰਜੀਤ ਨੇ ਉਸ ਦੌਰ ਵਿਚ 35 ਕਰੋੜ ਦਾ ਨਿਵੇਸ਼ ਕੀਤਾ ਸੀ। ਗੁਰੂ ਤੇਗ ਬਹਾਦਰ ਜੀ ਦੀ ਮੇਰੇ ’ਤੇ ਕਿਰਪਾ ਹੋਈ ਅਤੇ ਕਾਰੋਬਾਰ ਵਧਿਆ। ਸਿਆਸੀ ਲਾਭ ਦੀ ਗੱਲ ਕਰੀਏ ਤਾਂ ਸਿਆਸਤ ਵਿਚ ਆਉਣ ਤੋਂ ਪਹਿਲਾਂ ਹੀ ਮੇਰੇ ਕਾਰੋਬਾਰ ’ਤੇ ਰੱਬ ਦੀ ਕਿਰਪਾ ਸੀ। ਤਰੱਕੀ ਕਰਨਾ ਹਰ ਕਿਸੇ ਦਾ ਹੱਕ ਹੈ। ਮੇਰਾ ਪਰਿਵਾਰ ਅਤੇ ਮੇਰੇ ਬੱਚੇ 16-16 ਘੰਟੇ ਸਖ਼ਤ ਮਿਹਨਤ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਮੇਰਾ ਕਾਰੋਬਾਰ ਵਧਦਾ ਹੈ। ਹਾਲਾਂਕਿ ਗੰਦੀ ਰਾਜਨੀਤੀ ਕਾਰਨ ਮੈਂ ਖੁਦ ਯੂ. ਪੀ. ਵਿਚ ਆਪਣਾ ਕਾਰੋਬਾਰ ਵਧਾ ਰਿਹਾ ਹਾਂ। ਪੰਜਾਬ ਵਿਚ ਸਿਆਸੀ ਲੋਕ ਈਰਖਾ ਕਰਦੇ ਹਨ ਅਤੇ ਪ੍ਰਚਾਰ ਕਰਦੇ ਹਨ। ਇਸ ਤੋਂ ਇਲਾਵਾ ਮੈਂ ਹਰਿਆਣਾ ’ਚ ਵੀ ਆਪਣਾ ਕਾਰੋਬਾਰ ਵਧਾ ਰਿਹਾ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੁੰਦੀ ਤਾਂ ਅੱਜ ਇਨਕਮ ਟੈਕਸ ਅਤੇ ਈ. ਡੀ. ਮੈਨੂੰ ਟਿਕਣ ਨਾ ਦਿੰਦੇ। ਮੈਂ 4000 ਏਕੜ ਖੇਤੀ ਛੱਡ ਕੇ ਆਇਆ ਹਾਂ ਅਤੇ ਉਸ ਸਮੇਂ ਸਾਡੇ ਖੇਤਾਂ ਵਿਚ ਹੈਲੀਕਾਪਟਰ ਨਾਲ ਸਪਰੇਅ ਕਰਦੇ ਹੁੰਦੇ ਸਨ।
 


Anuradha

Content Editor

Related News