ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਜਾਨ ਵਾਰਨ ਲਈ ਤਿਆਰ ਹਾਂ : ਬਾਦਲ

10/17/2018 6:52:36 PM

ਚੰਡੀਗੜ੍ਹ (ਅਸ਼ਵਨੀ)— ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ, ਖਾਸ ਕਰਕੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਣੀ ਜਾਨ ਵੀ ਵਾਰਨੀ ਪਈ ਤਾਂ ਉਹ ਇਸ ਨੂੰ ਇਕ ਬਹੁਤ ਵੱਡਾ ਸਨਮਾਨ ਸਮਝਣਗੇ।

ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਫਿਰਕੂ ਸਾਂਝ ਮੇਰੇ ਅਕੀਦੇ ਦਾ ਹਿੱਸਾ ਹਨ ਅਤੇ ਮੈਂ ਉਨ੍ਹਾਂ ਵਿਅਕਤੀਆਂ ਦੀਆਂ ਸਾਜ਼ਿਸ਼ਾਂ ਜਾਂ ਧਮਕੀਆਂ ਤੋਂ ਡਰਦਾ ਨਹੀਂ ਹਾਂ, ਜਿਹੜੇ ਸਿਰਫ ਇਸ ਲਈ ਮੇਰੀ ਜਾਨ ਲੈਣਾ ਚਾਹੁੰਦੇ ਹਨ, ਕਿਉਂਕਿ ਮੇਰੀ ਮੌਜੂਦਗੀ ਉਨ੍ਹਾਂ ਦੀ ਪੰਜਾਬ ਅੰਦਰ ਮੁੜ ਤੋਂ ਅੱਗ ਲਾਉਣ ਦੀ ਇੱਛਾ ਦੇ ਰਾਹ 'ਚ ਰੁਕਾਵਟ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਤੱਤ ਹਨ, ਜਿਨ੍ਹਾਂ ਨੂੰ ਹਮੇਸ਼ਾਂ ਤੋਂ ਕਾਂਗਰਸ ਪਾਰਟੀ ਦਾ ਸਮਰਥਨ ਰਿਹਾ ਹੈ ਅਤੇ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਉਹ ਦੁਬਾਰਾ ਤੋਂ ਸਰਗਰਮ ਹੋ ਗਏ ਹਨ। ਇਹ ਨਾਪਾਕ ਗਠਜੋੜ ਸਿੱਖਾਂ ਨੂੰ ਮੁੜ ਤੋਂ 1980ਵਿਆਂ ਵਾਲੇ ਉਸੇ ਖੂਨੀ ਰਾਹ ਵੱਲ ਧੱਕਣ ਉੱਤੇ ਤੁਲਿਆ ਹੋਇਆ ਹੈ, ਜਿਸ ਵਿਚੋਂ ਪੰਜਾਬ ਅਤੇ ਸਿੱਖ ਅਜੇ ਤਕ ਵੀ ਪੂਰੀ ਤਰ੍ਹਾਂ ਨਿਕਲ ਨਹੀਂ ਪਾਏ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਸ ਜਾਨਲੇਵਾ ਸਾਜ਼ਿਸ਼ ਤੋਂ ਸਿੱਖਾਂ ਅਤੇ ਬਾਕੀ ਪੰਜਾਬੀਆਂ ਨੂੰ ਬਚਾਉਣ ਲਈ ਦਿੱਤੀ ਕੋਈ ਵੀ ਕੀਮਤ ਵੱਡੀ ਨਹੀਂ ਹੈ।

ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੀ ਜਾ ਰਹੀ ਕਿਸੇ ਸੁਰੱਖਿਆ ਛਤਰੀ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਤੁਹਾਡੇ ਲਈ ਇਹ ਗੱਲ ਸਮਝਣੀ ਬਹੁਤ ਮੁਸ਼ਕਿਲ ਹੈ ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਜਾਨ ਦੇਣ ਵਾਸਤੇ ਤਿਆਰ ਹਾਂ ਅਤੇ ਮੈਨੂੰ ਕਿਸੇ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਵਾਧੂ ਸੁਰੱਖਿਆ ਲੈਣ ਦੀ ਤਾਂ ਗੱਲ ਹੀ ਛੱਡੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਕੋਲ ਮੌਜੂਦਾ ਸੁਰੱਖਿਆ ਵਿਚੋਂ ਵੀ ਤੁਸੀਂ ਜਿੰਨੀ ਚਾਹੋ ਵਾਪਸ ਲੈ ਲਵੋ।


Related News