ਲਾਡੀਆਂ ਖੁਰਦ ਕੱਟ ''ਤੇ ਚਾਲਕ ਨੂੰ ਬਾਹਰ ਸੁੱਟ ਕੇ ਖੋਹੀ ਆਈ-10 ਕਾਰ, ਗਿਰੋਹ ਦੇ 3 ਮੈਂਬਰ ਕਾਬੂ

Friday, Aug 28, 2026 - 01:30 PM (IST)

ਲਾਡੀਆਂ ਖੁਰਦ ਕੱਟ ''ਤੇ ਚਾਲਕ ਨੂੰ ਬਾਹਰ ਸੁੱਟ ਕੇ ਖੋਹੀ ਆਈ-10 ਕਾਰ, ਗਿਰੋਹ ਦੇ 3 ਮੈਂਬਰ ਕਾਬੂ

ਲੁਧਿਆਣਾ (ਰਾਜ) : ਮਹਾਨਗਰ ਦੇ ਚੂਹੜਪੁਰ ਇਲਾਕੇ ਦੇ ਕੋਲ ਦੋ ਮੋਟਰਸਾਈਕਲਾਂ 'ਤੇ ਸਵਾਰ ਇੱਕ ਔਰਤ ਸਮੇਤ ਪੰਜ ਸ਼ਾਤਰ ਬਦਮਾਸ਼ਾਂ ਵੱਲੋਂ ਹਥਿਆਰਾਂ ਅਤੇ ਜ਼ਬਰਦਸਤੀ ਧੱਕੇ ਦੇ ਜ਼ੋਰ 'ਤੇ ਇੱਕ ਕਾਰ ਚਾਲਕ ਨੂੰ ਹੇਠਾਂ ਸੁੱਟ ਕੇ ਉਸ ਦੀ ਆਈ-10 ਕਾਰ ਖੋਹਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਤੁਰੰਤ ਬਾਅਦ ਸਰਗਰਮ ਹੋਈ ਪੁਲਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ ਤਿੰਨ ਸ਼ਾਤਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਖੋਹੀ ਗਈ ਆਈ-10 ਕਾਰ ਅਤੇ ਪੀੜਤ ਨੌਜਵਾਨ ਦਾ ਮੋਬਾਇਲ ਫ਼ੋਨ ਬਰਾਮਦ ਕਰ ਲਿਆ ਹੈ, ਜਦੋਂ ਕਿ ਵਾਰਦਾਤ 'ਚ ਸ਼ਾਮਲ ਇੱਕ ਔਰਤ ਸਮੇਤ ਦੋ ਹੋਰ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ।

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਪੀੜਤ ਕੁਨਾਲ ਨੇ ਦੱਸਿਆ ਕਿ ਬੀਤੀ 26 ਅਗਸਤ ਨੂੰ ਉਹ ਆਪਣੀ ਆਈ-10 ਕਾਰ 'ਚ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ 'ਚ ਬਟਾਲਾ ਆਪਣੀ ਭੂਆ ਦੇ ਘਰ ਜਾ ਰਿਹਾ ਸੀ। ਜਦੋਂ ਉਹ ਚੂਹੜਪੁਰ ਪਿੰਡ ਦੇ ਕੋਲ ਲਾਡੀਆਂ ਖੁਰਦ ਕੱਟ 'ਤੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਲਗਭਗ ਪੰਜ ਲੋਕਾਂ ਨੇ (ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ) ਅਚਾਨਕ ਆਪਣੀਆਂ ਬਾਈਕਾਂ ਉਸ ਦੀ ਕਾਰ ਦੇ ਅੱਗੇ ਲਗਾ ਦਿੱਤੀਆਂ ਅਤੇ ਜ਼ਬਰਦਸਤੀ ਗੱਡੀ ਨੂੰ ਰੁਕਵਾ ਲਿਆ। ਇਸ ਤੋਂ ਬਾਅਦ ਦੋ ਬਦਮਾਸ਼ਾਂ ਨੇ ਤੇਜ਼ੀ ਨਾਲ ਕਾਰ ਦੀ ਖਿੜਕੀ ਖੋਲ੍ਹੀ ਅਤੇ ਕੁਨਾਲ ਨੂੰ ਧੱਕੇ ਮਾਰਦੇ ਹੋਏ ਜ਼ਬਰਦਸਤੀ ਗੱਡੀ ਵਿੱਚੋਂ ਬਾਹਰ ਸੜਕ 'ਤੇ ਸੁੱਟ ਦਿੱਤਾ। ਮੁਲਜ਼ਮ ਪੀੜਤ ਦੀ ਕਾਰ ਅਤੇ ਉਸ ਦਾ ਮੋਬਾਇਲ ਫ਼ੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਹੈਬੋਵਾਲ ਦੀ ਪੁਲਸ ਨੇ ਇਲਾਕੇ 'ਚ ਨਾਕਾਬੰਦੀ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਾਂਚ ਦੌਰਾਨ ਪੁਲਸ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾ ਕੇ ਇਸ ਲੁਟੇਰੇ ਗਿਰੋਹ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਪਾਰਸ, ਰਵੀ ਅਤੇ ਬਲਰਾਮ ਵਜੋਂ ਹੋਈ ਹੈ, ਜਦੋਂ ਕਿ ਵਾਰਦਾਤ 'ਚ ਸ਼ਾਮਲ ਬਾਕੀ ਦੋ ਮੁਲਜ਼ਮ ਕਾਰਤਿਕ ਅਤੇ ਕਿਰਨਦੀਪ ਕੌਰ ਅਜੇ ਵੀ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਖੋਹੀ ਗਈ ਚਿੱਟੇ ਰੰਗ ਦੀ ਆਈ-10 ਕਾਰ ਅਤੇ ਮੋਬਾਇਲ ਫ਼ੋਨ ਸੁਰੱਖਿਅਤ ਬਰਾਮਦ ਕਰ ਲਏ ਗਏ ਹਨ। ਪੁਲਸ ਮੁਤਾਬਕ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਾਤ ਕਿਸੇ ਪਰਿਵਾਰਕ ਰੰਜਿਸ਼ ਦੇ ਚੱਲਦਿਆਂ ਅੰਜਾਮ ਦਿੱਤੀ ਗਈ ਹੈ, ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News