ਪਤਨੀ ਦੇ ਨਾਜਾਇਜ਼ ਸੰਬੰਧਾਂ ਕਾਰਨ ਪਤੀ ਨੇ ਭਾਖੜਾ ਨਹਿਰ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

Thursday, Aug 19, 2021 - 06:09 PM (IST)

ਕੀਰਤਪੁਰ ਸਾਹਿਬ (ਬਾਲੀ)- ਪਤਨੀ ਦੇ ਨਾਜਾਇਜ਼ ਸੰਬੰਧ ਅਤੇ ਪਤਨੀ ਸਣੇ ਸਾਲੇ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਇਕ ਨੌਜਵਾਨ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁਲਸ ਵੱਲੋਂ ਉਸ ਦੀ ਪਤਨੀ, ਸਾਲੇ ਅਤੇ ਪਤਨੀ ਦੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਮੋੜਾ ਨਿਵਾਸੀ ਭਜਨ ਸਿੰਘ ਪੁੱਤਰ ਰਾਮ ਜੀ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਸ ਦਾ ਲੜਕਾ ਜਸਬੀਰ ਸਿੰਘ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਾਠੀ ਸੀ। ਉਸ ਦਾ ਵਿਆਹ ਸਾਲ 2011 ਵਿੱਚ ਅਵਤਾਰ ਸਿੰਘ ਵਾਸੀ ਪਿੰਡ ਮੈਸਾ ਟਿੱਬਾ ਥਾਣਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦੀ ਇਕ ਕੁੜੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਮੇਰਾ ਲੜਕਾ ਜਸਬੀਰ ਸਿੰਘ ਅਤੇ ਉਸ ਦੀ ਘਰਵਾਲੀ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਸਨ। ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਮੇਰੀ ਨੂੰਹ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ, ਇਨ੍ਹਾਂ ਨਾਜਾਇਜ਼ ਸੰਬੰਧਾਂ ਕਰਕੇ ਹੀ ਮੇਰੇ ਲੜਕੇ ਅਤੇ ਮੇਰੀ ਨੂੰਹ ਦਾ ਆਪਸ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਜਦੋਂ ਮੇਰਾ ਲੜਕਾ ਆਪਣੀ ਘਰਵਾਲੀ ਨੂੰ ਲੈ ਕੇ ਆਪਣੇ ਸਹੁਰੇ ਪਿੰਡ ਮੈਸਾ ਟਿੱਬਾ ਥਾਣਾ ਨਾਲਾਗੜ੍ਹ ਵਿਖੇ ਗਿਆ ਤਾਂ ਉਸ ਦੇ ਸਾਲੇ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਮੇਰੇ ਲੜਕੇ ਜਸਬੀਰ ਸਿੰਘ ਦੀ ਕੁੱਟਮਾਰ ਕੀਤੀ। ਜਿਸ ਸੰਬੰਧ ਵਿਚ ਮੁਕੱਦਮਾ ਨੰਬਰ 21 ਮਿਤੀ 13.1.2021 ਅ/ਧ 341,323, 504, 325 ਤਹਿਤ ਥਾਣਾ ਨਾਲਾਗੜ੍ਹ, ਜ਼ਿਲ੍ਹਾ ਸੋਲਨ, ਹਿਮਾਚਲ ਪ੍ਰਦੇਸ਼ ਵਿਖੇ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਦਰਜ ਹੋਇਆ ਸੀ।

ਇਹ ਵੀ ਪੜ੍ਹੋ: ਆਦਮਪੁਰ 'ਚ ਸ਼ਰਮਨਾਕ ਘਟਨਾ, ਦਿਵਿਆਂਗ ਨੌਜਵਾਨ ਵੱਲੋਂ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ 
ਉਸ ਤੋਂ ਬਾਅਦ ਮੇਰੇ ਲੜਕੇ ਅਤੇ ਨੂੰਹ ਦਾ ਆਪਸ ਵਿੱਚ ਲੜਾਈ-ਝਗੜਾ ਰਹਿੰਦਾ ਸੀ। ਮੇਰੀ ਨੂੰਹ ਦੇ ਗਗਨਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਕਲਾਹੜੀ ਥਾਣਾ ਨਾਲਾਗੜ੍ਹ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਨਾਲ ਨਾਜਾਇਜ਼ ਸੰਬੰਧ ਸਨ। ਮਿਤੀ 04/05 ਜੁਲਾਈ 2021 ਦੀ ਦਰਮਿਆਨੀ ਰਾਤ ਨੂੰ ਗਗਨਦੀਪ ਸਿੰਘ ਮੇਰੀ ਨੂੰਹ ਨੂੰ ਮਿਲਣ ਲਈ ਸਾਡੇ ਘਰ ਆਇਆ ਸੀ, ਜਿਸ ਨੂੰ ਅਸੀਂ ਵੇਖ ਲਿਆ ਅਤੇ ਗਗਨਦੀਪ ਸਿੰਘ ਰਾਤ ਹੋਣ ਦਾ ਫ਼ਾਇਦਾ ਲੈ ਕੇ ਮੌਕੇ ਤੋਂ ਭੱਜ ਗਿਆ ਸੀ। ਇਨ੍ਹਾਂ ਸਾਰਿਆਂ ਵੱਲੋਂ ਮੇਰੇ ਲੜਕੇ ਜਸਬੀਰ ਸਿੰਘ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ।

ਇਹ ਗੱਲ ਜਸਬੀਰ ਸਿੰਘ ਨੇ ਮੈਨੂੰ ਕਈ ਵਾਰ ਦੱਸੀ ਸੀ ਅਤੇ ਮੈਂ ਆਪਣੀ ਨੂੰਹ ਨੂੰ ਕਈ ਵਾਰ ਸਮਝਾਇਆ ਸੀ ਪਰ ਮੇਰੀ ਨੂੰਹ ਆਪਣੇ ਗ਼ਲਤ ਕੰਮਾਂ ਤੋਂ ਬਾਜ਼ ਨਹੀਂ ਆਈ, ਜਿਸ ਕਰਕੇ ਮੇਰਾ ਲੜਕਾ ਜਸਬੀਰ ਸਿੰਘ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਰਕੇ ਜਸਬੀਰ ਸਿੰਘ 14 ਅਗਸਤ ਨੂੰ ਘਰ ਤੋਂ ਸਵੇਰੇ 6 ਵਜੇ ਚਲਾ ਗਿਆ ਅਤੇ ਫਿਰ ਮੈਂ ਆਪਣੇ ਲੜਕੇ ਜਸਬੀਰ ਸਿੰਘ ਦਾ ਫੋਨ ਮਿਲਾਇਆ ਤਾਂ ਕਿਸੇ ਰਾਹਗੀਰ ਨੇ ਫੋਨ ਚੁੱਕ ਕੇ ਦੱਸਿਆ ਕਿ ਜਿਸ ਵਿਅਕਤੀ ਦਾ ਮੋਬਾਇਲ ਫੋਨ ਹੈ, ਉਸ ਨੇ ਭਾਖੜਾ ਨਹਿਰ ਨੇੜੇ ਪਿੰਡ ਖਰੋਟਾ ਨਹਿਰ ਬੁਰਜੀ ਨੰਬਰ 139 ਦੇ ਨਜ਼ਦੀਕ ਤੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ, ਜਿਸ ਦੀ ਸਕੂਟਰੀ ਨੰਬਰ ਪੀ. ਬੀ 16 ਐੱਫ. 2127 ਅਤੇ ਮੋਬਾਇਲ ਫੋਨ ਨਹਿਰ ਦੇ ਕੰਢੇ ਪਏ ਸਨ। 

ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਦੇ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਪਲਾਨਿੰਗ ’ਚ ਸ਼ਾਮਲ ਸੀ ਕਾਰੋਬਾਰੀ ਟਿੰਕੂ ਦਾ ਕਾਤਲ ਪੁਨੀਤ

ਉਨ੍ਹਾਂ ਅੱਗੇ ਆਪਣੇ ਬਿਆਨ ਵਿਚ ਲਿਖਿਆ ਕਿ ਅੱਜ ਉਨ੍ਹਾਂ ਦੇ ਲੜਕੇ ਜਸਬੀਰ ਸਿੰਘ ਦੀ ਲਾਸ਼ ਭਾਖੜਾ ਨਹਿਰ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ ਤੋਂ ਮਿਲ ਗਈ ਹੈ। ਮੇਰੇ ਲੜਕੇ ਨੇ ਆਪਣੀ ਘਰਵਾਲੀ , ਸਾਲੇ ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਤੋਂ ਤੰਗ ਆ ਕੇ ਭਾਖੜਾ ਨਹਿਰ ਪਿੰਡ ਖਰੋਟਾ ਨਜ਼ਦੀਕ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮੇਰੇ ਲੜਕੇ ਦੀ ਮੌਤ ਲਈ ਜ਼ਿੰਮੇਵਾਰ ਇਨ੍ਹਾਂ ਸਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। 
ਕੀ ਕਹਿਣਾ ਹੈ ਏ. ਐੱਸ. ਆਈ. ਰਾਜ ਕੁਮਾਰ ਦਾ 
ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜਸਬੀਰ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ, ਸਾਲੇ ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਖ਼ਿਲਾਫ਼ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਹੁਣ ਨਕੋਦਰ ਵਿਖੇ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News