ਪਤਨੀ ਨੇ 2 ਪ੍ਰੇਮੀਆਂ ਨਾਲ ਮਿਲ ਕੇ ਕਰਵਾਇਆ ਸੀ ਪਤੀ ਦਾ ਕਤਲ
Monday, Jul 23, 2018 - 08:33 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਪਿਛਲੇ ਦਿਨੀਂ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੌਤ ਹੋ ਜਾਣ 'ਤੇ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਵਿਰੁੱਧ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ 'ਚ ਅੱਜ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਵਿਅਕਤੀ ਦੀ ਮੌਤ ਸੜਕ ਹਾਦਸੇ 'ਚ ਨਹੀਂ ਹੋਈ ਬਲਿਕ ਉਸ ਦਾ ਕਤਲ ਕੀਤਾ ਗਿਆ ਹੈ। ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ 16 ਜੁਲਾਈ ਨੂੰ ਗੁਰਮੀਤ ਸਿੰਘ (36) ਪੁੱਤਰ ਬਾਵਾ ਸਿੰਘ ਵਾਸੀ ਧਨੌਲਾ ਖੁਰਦ ਸ਼ਾਮ ਕਰੀਬ 7.30 ਵਜੇ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਥੋੜ੍ਹੀ ਦੇਰ ਤੱਕ ਆ ਜਾਵੇਗਾ ਪਰ ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ 'ਤੇ ਉਸ ਦੀ ਲਾਸ਼ ਹੰਡਿਆਇਆ ਤੋਂ ਧਨੌਲਾ ਰੋਡ 'ਤੇ ਕੱਸੀ ਦੇ ਪੁਲ ਕੋਲੋਂ ਮਿਲੀ। ਪੁਲਸ ਨੇ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਤੇ ਉਸ ਦੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਸੀ।
ਸ਼ਰਾਬ ਦੇ ਨਸ਼ੇ 'ਚ ਟੱਲੀ ਕਰ ਕੇ ਉਤਾਰਿਆ ਮੌਤ ਦੇ ਘਾਟ
ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਪੜਤਾਲ ਉਪਰੰਤ ਪਤਾ ਲੱਗਿਆ ਕਿ ਗੁਰਮੀਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਧਨੌਲਾ ਖੁਰਦ ਮਜ਼ਦੂਰੀ ਕਰਦਾ ਸੀ। ਮਿਸਤਰੀ ਨੀਟੂ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵੱਡਾ ਧਨੌਲਾ ਦਾ ਗੁਰਮੀਤ ਸਿੰਘ ਦੇ ਘਰ ਆਉਣਾ-ਜਾਣਾ ਸੀ, ਜਿਸ ਕਾਰਨ ਨੀਟੂ ਸਿੰਘ ਅਤੇ ਹਰਵਿੰਦਰ ਸਿੰਘ ਦੇ ਗੁਰਮੀਤ ਸਿੰਘ ਦੀ ਪਤਨੀ ਕਿਰਨਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ । ਜਦੋਂ ਗੁਰਮੀਤ ਸਿੰਘ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਸ ਦਾ ਆਪਣੀ ਪਤਨੀ ਨਾਲ ਲੜਾਈ-ਝਗੜਾ ਹੋਣਾ ਸ਼ੁਰੂ ਹੋ ਗਿਆ। ਇਸ ਲੜਾਈ-ਝਗੜੇ ਤੋਂ ਦੁਖੀ ਕਿਰਨਜੀਤ ਕੌਰ ਨੇ ਆਪਣੇ ਉਕਤ ਦੋਵੇਂ ਪ੍ਰੇਮੀਆਂ ਨੂੰ ਗੁਰਮੀਤ ਸਿੰਘ ਨੂੰ 'ਟਿਕਾਣੇ' ਲਾਉਣ ਲਈ ਇਕ ਸਾਜ਼ਿਸ਼ ਰਚੀ, ਜਿਸ ਤਹਿਤ 16 ਜੁਲਾਈ ਦੀ ਰਾਤ ਨੂੰ ਉਨ੍ਹਾਂ ਗੁਰਮੀਤ ਸਿੰਘ ਨੂੰ ਹੰਡਿਆਇਆ ਤੋਂ ਧਨੌਲਾ ਜਾਂਦੇ ਲਿੰਕ ਰੋਡ 'ਤੇ ਸ਼ਮਸ਼ਾਨਘਾਟ ਨੇੜੇ ਬੁਲਾਇਆ ਅਤੇ ਤਿੰਨਾਂ ਨੇ ਸ਼ਰਾਬ ਪੀਣ ਤੋਂ ਬਾਅਦ ਨਸ਼ੇ 'ਚ ਟੱਲੀ ਗੁਰਮੀਤ ਸਿੰਘ ਦੇ ਸਿਰ 'ਚ ਕੁਹਾੜੀ ਨਾਲ ਕਈ ਵਾਰ ਕਰਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਰਾਰ ਹੋ ਗਏ।
ਮੁਲਜ਼ਮ ਕਾਬੂ, 2 ਦਿਨਾਂ ਦੇ ਰਿਮਾਂਡ 'ਤੇ
ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਤੋਂ ਬਾਅਦ ਜੋ ਤੱਥ ਸਾਹਮਣੇ ਆਏ, ਉਨ੍ਹਾਂ ਦੇ ਆਧਾਰ 'ਤੇ ਧਾਰਾ 304-ਏ ਤਹਿਤ ਦਰਜ ਕੀਤੇ ਕੇਸ 'ਚ ਤਬਦੀਲੀ ਕਰਦਿਆਂ ਕਿਰਨਜੀਤ ਕੌਰ, ਨੀਟੂ ਸਿੰਘ ਅਤੇ ਹਰਵਿੰਦਰ ਸਿੰਘ ਵਿਰੁੱਧ ਧਾਰਾ 302 ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਦਿਆਂ ਮਾਣਯੋਗ ਕੁਲਵਿੰਦਰ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਦਾ ਦੋ ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੋਸਟਮਾਰਟਮ ਰਿਪੋਰਟ 'ਚ ਕਤਲ ਦਾ ਖੁਲਾਸਾ
ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਕਿ ਗੁਰਮੀਤ ਸਿੰਘ ਦੀ ਮੌਤ ਸੜਕ ਹਾਦਸੇ 'ਚ ਨਹੀਂ ਹੋਈ, ਸਗੋਂ ਸਿਰ 'ਚ ਕਿਸੇ ਤੇਜ਼ਦਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਪੁਲਸ ਨੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦਾ ਮੋਬਾਇਲ ਮੌਕੇ ਤੋਂ ਗਾਇਬ ਸੀ। ਪੁਲਸ ਨੇ ਮੋਬਾਇਲ ਨੂੰ ਜਾਂਚ ਪੜਤਾਲ ਦਾ ਅਹਿਮ ਹਿੱਸਾ ਮੰਨਦਿਆਂ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ।