ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਕੀਤੀ ਖਤਮ
Thursday, Dec 16, 2021 - 02:13 PM (IST)
ਫਿਲੌਰ (ਭਾਖੜੀ) : ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ। ਆਪਣੀ ਖੁਦਕੁਸ਼ੀ ਦਾ ਜ਼ਿੰਮੇਵਾਰ ਪਤਨੀ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਨੂੰ ਵੀ ਠਹਿਰਾਇਆ। ਸੁਸਾਈਡ ਨੋਟ ਦੇ ਆਧਾਰ ’ਤੇ ਪੁਲਸ ਨੇ ਸਾਰਿਆਂ ਵਿਰੁੱਧ ਖੁਦਕੁਸ਼ੀ ਲਈ ਪਰਚਾ ਦਰਜ ਕੀਤਾ ਹੈ। ਮ੍ਰਿਤਕ ਜਤਿੰਦਰ ਸਿੰਘ (29) ਪਿਤਾ ਸੁਖਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ ਜਤਿੰਦਰ ਪ੍ਰਾਈਵੇਟ ਬੈਂਕ ’ਚ ਕੰਮ ਕਰਦਾ ਸੀ। ਸਾਲ 2016 ਵਿਚ ਉਸ ਦਾ ਵਿਆਹ ਪੰਜਾਬ ਪੁਲਸ ਤੋਂ ਰਿਟਾਇਰਡ ਥਾਣੇਦਾਰ ਬਲਦੇਵ ਸਿੰਘ ਦੀ ਪੁੱਤਰੀ ਨਵਜੋਤ ਕੌਰ ਵਾਸੀ ਪਿੰਡ ਕੋਟਲਾ ਗੁਰਦਾਸਪੁਰ ਨਾਲ ਹੋਇਆ। ਵਿਆਹ ਤੋਂ ਬਾਅਦ ਜਤਿੰਦਰ ਦੀ ਪਤਨੀ ਆਮ ਕਰ ਕੇ ਉਸ ਨਾਲ ਝਗੜਾ ਕਰਦੀ ਰਹਿੰਦੀ ਸੀ। ਉਸ ਦੇ ਮਾਤਾ-ਪਿਤਾ ਉਲਟਾ ਉਨ੍ਹਾਂ ਦੇ ਘਰ ਆ ਕੇ ਆਪਣੀ ਬੇਟੀ ਨੂੰ ਸਮਝਾਉਣ ਦੀ ਬਜਾਏ ਉਨ੍ਹਾਂ ਦੇ ਬੇਟੇ ਜਤਿੰਦਰ ਨੂੰ ਹੀ ਬੁਰਾ-ਭਲਾ ਬੋਲ ਕੇ ਧਮਕਾ ਕੇ ਚਲੇ ਜਾਂਦੇ ਸਨ। ਕੁਝ ਸਮੇਂ ਬਾਅਦ ਨਵਜੋਤ ਨੇ ਆਪਣੇ ਪਤੀ ਜਤਿੰਦਰ ਦੇ ਅੱਗੇ ਸ਼ਰਤ ਰੱਖ ਦਿੱਤੀ ਕਿ ਉਹ ਆਪਣਾ ਲੁਧਿਆਣਾ ਤੋਂ ਘਰ ਵੇਚ ਕੇ ਕਿਤੇ ਹੋਰ ਵੱਡਾ ਘਰ ਲਵੇ। ਉਨ੍ਹਾਂ ਦਾ ਝਗੜਾ ਖਤਮ ਕਰਨ ਲਈ ਉਨ੍ਹਾਂ ਨੇ ਲੁਧਿਆਣਾ ਤੋਂ ਘਰ ਵੇਚ ਕੇ ਫਿਲੌਰ ਵਿਚ ਪੈਂਦੇ ਪਿੰਡ ਜਗਤਪੁਰਾ ਵਿਚ ਨਵਾਂ ਘਰ ਬਣਾ ਲਿਆ ਅਤੇ ਘਰ ਦੇ ਨਾਲ ਲਗਦਾ ਇਕ ਪਲਾਟ ਨਵਜੋਤ ਕੌਰ ਨੇ ਉਨ੍ਹਾਂ ਦੇ ਬੇਟੇ ਜਤਿੰਦਰ ’ਤੇ ਦਬਾਅ ਪਾ ਕੇ ਆਪਣੇ ਨਾਂ ’ਤੇ ਵੀ ਕਰਵਾ ਲਿਆ। 3 ਸਾਲ ਪਹਿਲਾਂ ਉਨ੍ਹਾਂ ਦੀ ਨੂੰਹ ਨੇ ਬੇਟੀ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਉਹ ਫਿਰ ਉਨ੍ਹਾਂ ਦੇ ਬੇਟੇ ਨਾਲ ਆਏ ਦਿਨ ਝਗੜਾ ਕਰਨ ਲੱਗੀ। ਲਗਭਗ ਦੋ ਸਾਲ ਪਹਿਲਾਂ ਉਹ ਆਪਣੀ ਬੇਟੀ ਨੂੰ ਪਿਤਾ ਜਤਿੰਦਰ ਕੋਲ ਛੱਡ ਕੇ ਪੇਕੇ ਘਰ ਚਲੀ ਗਈ।
ਇਹ ਵੀ ਪੜ੍ਹੋ : ਟਿਕਟਾਂ ਦੀ ਵੰਡ ਨੂੰ ਲੈ ਕੇ ਜਾਖੜ ਨੇ ਸਿੱਧੂ ਅਤੇ ਕ੍ਰਿਸ਼ਨਾ ਅਲਾਵਰੂ ਨਾਲ ਬੰਦ ਕਮਰੇ ’ਚ ਮੀਟਿੰਗ ਕੀਤੀ
3 ਮਹੀਨੇ ਪਹਿਲਾਂ ਉਸ ਨੇ ਜਤਿੰਦਰ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਅਦਾਲਤ ਵਿਚ ਫੈਸਲਾ ਹੋਇਆ ਕਿ ਬੇਟੀ ਜੋ ਜਤਿੰਦਰ ਕੋਲ ਰਹਿ ਰਹੀ ਹੈ, ਜਦੋਂ ਵੀ ਉਸ ਦੀ ਮਾਂ ਉਸ ਨੂੰ ਮਿਲਣ ਆਵੇ, ਉਹ ਮਿਲਵਾ ਦਿਆ ਕਰੇਗਾ। ਉਨ੍ਹਾਂ ਦੱਸਿਆ ਕਿ ਜਤਿੰਦਰ ਦਾ ਅਜੇ ਆਪਣੀ ਪਤਨੀ ਨਾਲੋਂ ਤਲਾਕ ਹੋਇਆ ਹੀ ਨਹੀਂ, ਉਸ ਨੇ ਧੋਖੇ ਨਾਲ ਦੂਜਾ ਵਿਆਹ ਵੀ ਰਚਾ ਲਿਆ। ਉਸ ਦੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਵੀ ਉਨ੍ਹਾਂ ਨੂੰ ਮਿਲ ਗਈਆਂ। ਕੁਝ ਸਮੇਂ ਪਹਿਲਾਂ ਨਵਜੋਤ ਕੌਰ ਆਪਣੇ ਮਾਤਾ-ਪਿਤਾ ਨਾਲ ਫਿਲੌਰ ਆਈ ਅਤੇ ਉਨ੍ਹਾਂ ਦੇ ਬੇਟੇ ਜਤਿੰਦਰ ਨੂੰ ਫੋਨ ਕਰ ਕੇ ਬੇਟੀ ਨੂੰ ਮਿਲਣ ਦੀ ਗੱਲ ਕਹੀ, ਜਿਉਂ ਹੀ ਜਤਿੰਦਰ ਆਪਣੀ ਬੇਟੀ ਨੂੰ ਉਸ ਨੂੰ ਮਿਲਵਾਉਣ ਗਿਆ ਤਾਂ ਉਥੇ ਤਿੰਨੋਂ ਉਸ ਦੀ ਬੇਟੀ ਨੂੰ ਉਸ ਤੋਂ ਖੋਹ ਕੇ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਉਥੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟਾ ਪ੍ਰੇਸ਼ਾਨ ਰਹਿਣ ਲੱਗ ਪਿਆ।
ਬੀਤੇ ਦਿਨ ਜਦੋਂ ਉਹ ਘਰੋਂ ਕੰਮ ’ਤੇ ਗਿਆ ਤਾਂ ਦੁਪਹਿਰ 3 ਵਜੇ ਉਸ ਨੇ ਆਪਣੀ ਭੈਣ ਨੂੰ ਫੋਨ ’ਤੇ ਐੱਸ. ਐੱਮ. ਐੱਸ. ਭੇਜ ਕੇ ਕਿਹਾ ਕਿ ਉਸ ਦਾ ਹੁਣ ਜਿਊਣ ਨੂੰ ਦਿਲ ਨਹੀਂ ਕਰਦਾ, ਉਹ ਆਪਣੇ ਮਾਤਾ-ਪਿਤਾ ਦਾ ਉਸ ਦੇ ਜਾਣ ਤੋਂ ਬਾਅਦ ਧਿਆਨ ਰੱਖ ਲੈਣ। ਮੈਸੇਜ ਪੜ੍ਹਦੇ ਹੀ ਭੈਣ ਪ੍ਰੇਸ਼ਾਨ ਹੋ ਗਈ। ਉਸ ਨੇ ਜਤਿੰਦਰ ਨੂੰ ਫੋਨ ਕਰ ਕੇ ਸਮਝਾਇਆ ਵੀ, ਉਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਲੜਕਾ ਸ਼ਹਿਰ ਵਿਚ ਇਕ ਸੜਕ ਕੰਢੇ ਡਿੱਗਿਆ ਪਿਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰ ਮੁਤਾਬਕ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਜੇਬ ’ਚੋਂ ਸੁਸਾਈਡ ਨੋਟ ਵੀ ਮਿਲਿਆ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ ਨਵਜੋਤ ਕੌਰ, ਸਹੁਰੇ ਬਲਦੇਵ ਸਿੰਘ ਅਤੇ ਸੱਸ ਮਨਜੀਤ ਕੌਰ ਨੂੰ ਠਹਿਰਾਇਆ। ਪੁਲਸ ਨੇ ਤਿੰਨਾਂ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਲਗਾ ਕੇ ਮੁਕੱਦਮਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ’ਚ ਫੜ੍ਹੇ ਬ੍ਰਾਡੇਡ ਸ਼ਰਾਬ ਦੇ 2150 ਡੱਬੇ, ਕੀਤੇ ਅਹਿਮ ਖੁਲਾਸੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ