ਪਤੀ ਨੂੰ ਸਾੜਣ ਦੇ ਦੋਸ਼ਾਂ ਹੇਠ ਨਾਮਜ਼ਦ ਪਤਨੀ ਫਰਾਰ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

Monday, May 25, 2020 - 03:44 PM (IST)

ਪਤੀ ਨੂੰ ਸਾੜਣ ਦੇ ਦੋਸ਼ਾਂ ਹੇਠ ਨਾਮਜ਼ਦ ਪਤਨੀ ਫਰਾਰ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਜਲਾਲਾਬਾਦ (ਸੇਤੀਆ) : ਬੀਤੇ ਦਿਨੀਂ ਥਾਣਾ ਅਮੀਰ ਖਾਸ ਅਧੀਨ ਪੈਂਦੇ ਪਿੰਡ ਸੈਦੋਕੇ 'ਚ ਪਤੀ ਨੂੰ ਅੱਗ ਲਗਾ ਕੇ ਮਾਰਨ ਦੇ ਦੋਸ਼ਾਂ ਹੇਠ ਨਾਮਜ਼ਦ ਪਤਨੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵਲੋਂ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸੈਦੋਕੇ ਨੂੰ ਜਾਣ ਵਾਲੀ ਸੜਕ ਨਜ਼ਦੀਕ ਵੱਡੀ ਗਿਣਤੀ ਇਕੱਠੇ ਹੋ ਕੇ ਲਾਸ਼ ਨੂੰ ਸੜਕ ਵਿਚਾਲੇ ਵਹੀਕਲ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਧਰ ਰੋਸ਼ ਪ੍ਰਦਰਸ਼ਨ ਦੀ ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਪਰ ਸਮਾਚਾਰ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ। ਰੋਸ ਪ੍ਰਦਰਸ਼ਨ ਦੌਰਾਨ ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਸ ਦੀ ਲਾਪਰਵਾਹੀ ਕਾਰਣ ਨਾਮਜ਼ਦ ਔਰਤ ਭੱਜਣ 'ਚ ਕਾਮਯਾਬ ਹੋ ਗਈ ਹੈ। ਉਧਰ ਧਰਨਾ ਪ੍ਰਦਰਸ਼ਨ ਕਾਰਣ ਸੜਕ ਦੇ ਦੋਹਾਂ ਪਾਸੇ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 

ਇਥੇ ਦੱਸਣਯੋਗ ਹੈ ਕਿ ਗੁਰਸੇਵਕ ਸਿੰਘ ਵਾਸੀ ਸੈਦੋਕਾ ਦਾ ਵਿਆਹ ਖੁਸ਼ਮਨਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੱਚੇ ਵੀ ਸਨ ਪਰ ਬੀਤੇ ਦਿਨੀਂ ਗੁਰਸੇਵਕ ਸਿੰਘ ਦੀ ਅੱਗ ਲੱਗਣ ਨਾਲ ਹੋਈ ਮੌਤ ਤੋਂ ਬਾਅਦ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਭਾਬੀ 'ਤੇ ਦੋਸ਼ ਲਗਾਏ ਸਨ ਕਿ ਖੁਸ਼ਮਨਪ੍ਰੀਤ ਨੇ ਉਸਦੇ ਭਰਾ ਗੁਰਸੇਵਕ ਸਿੰਘ ਨੂੰ ਅੱਗ ਲਗਾ ਕੇ ਸਾੜਿਆ ਹੈ ਅਤੇ ਇਹ ਕੰਮ ਉਸ ਦਾ ਇਕੱਲੀ ਦਾ ਨਹੀਂ ਹੈ ਉਸਦੇ ਨਾਲ ਹੋਰ ਵਿਅਕਤੀ ਵੀ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਘਰ ਅਕਸਰ ਹੀ ਕਲੇਸ਼ ਰਹਿੰਦਾ ਸੀ ਅਤੇ ਦੋਵਾਂ ਦੀ ਆਪਸ ਵਿਚ ਕਾਫੀ ਨੋਕ-ਝੋਕ ਰਹਿੰਦੀ ਸੀ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ ਖੁਸ਼ਮਨਪ੍ਰੀਤ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸੰਬੰਧ ਸਨ ਅਤੇ ਨਜਾਇਜ਼ ਸੰਬੰਧਾਂ ਦੇ ਚੱਲਦੇ ਹੀ ਉਸ ਨੇ ਆਪਣੇ ਪਤੀ ਨੂੰ ਸਾੜ ਕੇ ਮਾਰਿਆ ਹੈ। ਹਾਲਾਂਕਿ ਖੁਸ਼ਮਨਪ੍ਰੀਤ ਕੌਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ ਅਤੇ ਉਸ ਨੇ ਦੱਸਿਆ ਸੀ ਉਸਦੇ ਦੋ ਛੋਟੇ-ਛੋਟੇ ਬੱਚੇ ਹਨ ਜਿਸ ਵਿਚ ਲੜਕੀ 9 ਸਾਲ ਦੀ ਅਤੇ ਲੜਕਾ 5 ਸਾਲ ਹੈ ਤੇ ਉਹ ਆਪਣੇ ਪਤੀ ਦੀ ਹੱਤਿਆ ਕਿਉਂ ਕਰੇਗੀ ਪਰ ਦੂਜੇ ਪਾਸੇ ਥਾਣਾ ਅਮੀਰ ਖਾਸ ਪੁਲਸ ਨੇ ਮ੍ਰਿਤਕ ਦੀ ਪਤਨੀ ਖਿਲਾਫ ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਸੀ ਪਰ ਉਹ ਕਿਸੇ ਤਰ੍ਹਾਂ ਭੱਜ ਗਈ। ਜਿਸ ਦੇ ਚੱਲਦੇ ਅੱਜ ਪਿੰਡ ਵਾਸੀਆਂ ਨੇ ਗੁਰਸੇਵਕ ਦੀ ਲਾਸ਼ ਨੂੰ ਵਹੀਕਲ 'ਤੇ ਰੱਖ ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। 

ਉਧਰ ਇਸ ਸਬੰਧੀ ਜ਼ਿਲ੍ਹਾ ਸੀਨੀਅਰ ਪੁਲਸ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧਰਨੇ ਸਬੰਧੀ ਜਾਣਕਾਰੀ ਮਿਲੀ ਹੈ ਪਰ ਧਰਨੇ 'ਚ ਪਰਿਵਾਰਕ ਮੈਂਬਰ ਨਹੀਂ ਹਨ ਅਤੇ ਇਕ ਉਨ੍ਹਾਂ ਦਾ ਰਿਸ਼ਤੇਦਾਰ ਨਿਰੰਜਣ ਸਿੰਘ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀ ਧਰਨਾਕਾਰੀਆਂ ਨੂੰ ਸਮਝਾ ਰਹੇ ਹਨ ਤਾਂ ਕਿ ਉਹ ਧਰਨਾ ਸਮਾਪਤ ਕਰ ਦੇਣ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਨਾਮਜ਼ਦ ਔਰਤ ਦਵਾਈ ਲੈਣ ਲਈ ਹਸਪਤਾਲ ਗਈ ਸੀ ਪਰ ਉਹ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਜਲਦ ਹੀ ਨਾਮਜ਼ਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਵੀ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਉਹ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਧਰਨਾ ਸਮਾਪਤ ਕਰਨ।


author

Gurminder Singh

Content Editor

Related News