ਜ਼ਮੀਨ ਦੇ ਝਗੜੇ ਨੂੰ ਲੈ ਕੇ ਚੱਲੀ ਗੋਲੀ, ਪਤੀ-ਪਤਨੀ ਸਣੇ ਤਿੰਨ ਜ਼ਖਮੀ

Sunday, Jun 11, 2017 - 07:07 PM (IST)

ਜ਼ਮੀਨ ਦੇ ਝਗੜੇ ਨੂੰ ਲੈ ਕੇ ਚੱਲੀ ਗੋਲੀ, ਪਤੀ-ਪਤਨੀ ਸਣੇ ਤਿੰਨ ਜ਼ਖਮੀ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਜ਼ਮੀਨ ਦੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਹੋਈ ਗੋਲੀਬਾਰੀ 'ਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਮੀਨ ਦੇ ਮਾਲਕ ਨੇ ਪਤੀ-ਪਤਨੀ 'ਤੇ ਅਗਵਾ ਕਰਕੇ ਕੁੱਟਮਾਰ ਕਰਕੇ ਉਸ ਦੀ ਰਿਵਾਲਵਰ ਖੋਹਣ ਦਾ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ। ਪਤੀ-ਪਤਨੀ ਦੇ ਹੱਥ 'ਤੇ ਰਿਵਾਲਵਰ ਦੇ ਛਰਲੇ ਵੱਜਣ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਬਾਹਰਲੇ ਹਸਪਤਾਲ 'ਚ ਰੈਫਰ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਲਈ ਗਹਿਰਾਈ ਨਾਲ ਜੁਟ ਗਈ ਹੈ। ਸਿਵਲ ਹਸਪਤਾਲ 'ਚ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਪਿੰਡ ਫਰਵਾਹੀ ਦੇ ਕਿਸਾਨ ਮਹਾਂਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਕਿਹਾ ਕਿ ਮੈਂ ਆਪਣੇ ਖੇਤ 'ਚ ਗਿਆ ਸੀ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀਆਂ ਨੇ ਮੈਨੂੰ ਖੇਤ ਵਿਚੋਂ ਘੜੀਸ ਕੇ ਬੰਦਕ ਬਣਾ ਲਿਆ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੇਰੀ ਲਾਇਸੰਸੀ ਰਿਵਾਲਵਰ ਵੀ ਖੋਹ ਲਈ। ਜਦੋਂ ਇਸ ਸਬੰਧੀ ਦੂਜੀ ਧਿਰ ਦੇ ਆਗੂਆਂ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਗੱਲਬਾਤ ਨਹੀਂ ਹੋ ਸਕੀ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਜਦੋਂ ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਗੌਰਵ ਵੰਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 15 ਫਰਵਰੀ 2017 ਨੂੰ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਮਹਾਂਵੀਰ ਸਿੰਘ ਦੀ ਜਮੀਨ ਦਾ ਕਬਜ਼ਾ ਵਾਰੰਟ ਦੁਆਇਆ ਗਿਆ ਸੀ। ਇਸ ਜ਼ਮੀਨ ਦੇ ਮਾਮਲੇ ਨੂੰ ਹੀ ਲੈ ਕੇ ਝਗੜਾ ਹੋਇਆ ਹੈ। ਪੁਲਸ ਕੋਲ ਮਹਾਂਵੀਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਜਦੋਂ ਦੂਜੀ ਧਿਰ ਨੇ ਮੇਰੇ 'ਤੇ ਹਮਲਾ ਕੀਤਾ ਤਾਂ ਮੈਂ ਆਪਣੀ ਰੱਖਿਆ ਕਰਨ ਲਈ ਗੋਲੀ ਚਲਾਈ। ਇਸ ਉਪਰੰਤ ਉਨ੍ਹਾਂ ਨੇ ਮੇਰੀ ਰਿਵਾਲਵਰ ਖੋਹ ਲਈ। ਹੁਣ ਸਾਡੇ ਵਲੋਂ ਜ਼ਖਮੀ ਪਤੀ-ਪਤਨੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਉਪਰੰਤ ਹੀ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News