ਹਨੇਰੀ-ਝੱਖਡ਼ ਤੇ ਗਡ਼ੇਮਾਰੀ ਨੇ ਲੋਕਾਂ ਦੀ ਕਰਵਾਈ ਤੌਬਾ-ਤੌਬਾ
Sunday, Apr 05, 2020 - 10:01 PM (IST)
ਅੰਮ੍ਰਿਤਸਰ, (ਰਮਨ)- ਦੇਰ ਸ਼ਾਮ ਮੌਸਮ ’ਚ ਤਬਦੀਲੀ ਆਉਣ ਨਾਲ ਜਿਥੇ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਉਥੇ ਆਸਮਾਨ ’ਚ ਵੀ ਕਾਲੇ ਸੰਘਣੇ ਬੱਦਲ ਛਾ ਗਏ ਹਨ। ਮੌਸਮ ਨੇ ਆਪਣਾ ਮਿਜ਼ਾਜ ਬਦਲਿਆ। ਅਚਾਨਕ ਜਿਥੇ ਤੇਜ਼ ਹਨੇਰੀ-ਝੱਖਡ਼ ਆਉਣਾ ਸ਼ੁਰੂ ਹੋਇਆ ਅਤੇ ਗਡ਼ੇਮਾਰੀ, ਮੀਂਹ ਪੈਣ ਨਾਲ ਲੋਕਾਂ ’ਚ ਹਾਹਾਕਾਰ ਮਚ ਗਈ। ਇਸ ਮੀਂਹ ਨੇ ਜਿਥੇ ਠੰਡ ਵਧਾ ਦਿੱਤੀ, ਉਥੇ ਹਰ ਵਰਗ ’ਚ ਇਹ ਵੀ ਦਹਿਸ਼ਤ ਪਾਈ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਗਰਮੀ ’ਚ ਖਤਮ ਹੋ ਜਾਂਦਾ ਹੈ, ਜੋ ਆਏ ਦਿਨ ਮੀਂਹ ਪੈਣ ਨਾਲ ਹੋਰ ਵਧੇਰੇ ਮੌਸਮ ਠੰਡਾ ਹੋਣ ਨਾਲ ਆਪਣੇ ਪੈਰ ਹੋਰ ਪਸਾਰਨੇ ਸ਼ੁਰੂ ਕਰ ਦੇਵੇਗਾ। ਮੌਸਮ ਬਦਲਣ ਅਤੇ ਤੇਜ਼ ਮੀਂਹ ਨਾਲ ਲੋਕਾਂ ਨੂੰ ਫਿਰ ਆਪਣੇ ਘਰਾਂ ਦੇ ਪੱਖੇ ਬੰਦ ਕਰਨ ਦੀ ਲੋੜ ਪੈ ਗਈ ਹੈ ਤਾਂ ਕਿ ਕਿਤੇ ਉਹ ਖਾਂਸੀ, ਜ਼ੁਕਾਮ ਤੇ ਬੁਖਾਰ ਦੇ ਸ਼ਿਕਾਰ ਨਾ ਹੋ ਜਾਣ।
ਬਿਜਲੀ ਵੀ ਹੋਈ ਬੰਦ
ਗਡ਼ੇਮਾਰੀ, ਮੀਂਹ ਅਤੇ ਹਨੇਰੀ-ਝੱਖਡ਼ ਚੱਲਣ ਨਾਲ ਪਾਵਰਕਾਮ ਵਿਭਾਗ ਨੇ ਬਿਜਲੀ ਬੰਦ ਕਰ ਦਿੱਤੀ। ਕਈ ਥਾਵਾਂ ’ਤੇ ਤਾਂ ਬਿਜਲੀ ਦੀਆਂ ਤਾਰਾਂ ਵੀ ਟੁੱਟਣ ਦੀ ਜਾਣਕਾਰੀ ਮਿਲੀ ਹੈ। ਹਨੇਰੀ-ਝੱਖਡ਼ ਨਾਲ ਕੋਠਿਆਂ ’ਤੇ ਪਈਆਂ ਟੀਨਾਂ ਤੇ ਹੋਰ ਸਾਮਾਨ ਲੋਕਾਂ ਦੇ ਘਰਾਂ ’ਚ ਇੱਧਰ-ਉਧਰ ਅਤੇ ਸਡ਼ਕਾਂ ’ਤੇ ਡਿੱਗਣਾ ਸ਼ੁਰੂ ਹੋ ਗਿਆ। ਭਾਰੀ ਗਡ਼ੇਮਾਰੀ ਤੇ ਤੇਜ਼ ਹਨੇਰੀ-ਝੱਖਡ਼ ਨੇ ਲੋਕਾਂ ਦੀ ਤੌਬਾ-ਤੌਬਾ ਕਰਵਾਈ।