ਤਨਖ਼ਾਹਾਂ ਦਾ ਬਜਟ ਜਾਰੀ ਹੋਣ ''ਤੇ 10ਵੇਂ ਦਿਨ ਭੁੱਖ-ਹੜਤਾਲ ਖ਼ਤਮ

Friday, Mar 30, 2018 - 03:04 PM (IST)

ਤਨਖ਼ਾਹਾਂ ਦਾ ਬਜਟ ਜਾਰੀ ਹੋਣ ''ਤੇ 10ਵੇਂ ਦਿਨ ਭੁੱਖ-ਹੜਤਾਲ ਖ਼ਤਮ

ਜਗਰਾਓਂ (ਜਸਬੀਰ ਸ਼ੇਤਰਾ) : ਤਨਖ਼ਾਹਾਂ ਦਾ ਬਜਟ ਜਾਰੀ ਹੋਣ 'ਤੇ ਇੱਥੇ ਐੱਸ. ਡੀ. ਐੱਮ. ਦਫ਼ਤਰ ਅੱਗੇ ਅਧਿਆਪਕਾਂ ਦੀ ਚੱਲ ਰਹੀ ਭੁੱਖ ਹੜਤਾਲ ਦਸਵੇਂ ਦਿਨ ਖ਼ਤਮ ਹੋ ਗਈ। ਤਿੰਨ ਮਹੀਨੇ ਦੀ ਤਨਖ਼ਾਹ ਨਾ ਮਿਲਣ ਤੋਂ ਖ਼ਫ਼ਾ ਬਲਾਕ ਜਗਰਾਓਂ ਦੇ ਅਧਿਆਪਕ ਸੰਘਰਸ਼ ਕਰ ਰਹੇ ਸਨ। ਇਸ ਦੌਰਾਨ ਚੱਕਾ ਜਾਮ ਤੇ ਮੁਜ਼ਾਹਰਾ ਕਰਨ ਤੋਂ ਇਲਾਵਾ ਲਗਾਤਾਰ 9 ਦਿਨ ਤੱਕ ਲੜੀਵਾਰ ਭੁੱਖ ਹੜਤਾਲ ਚੱਲੀ। ਤਨਖ਼ਾਹਾਂ ਲਈ ਬਜਟ ਜਾਰੀ ਹੋਣ 'ਤੇ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। 
ਭੁੱਖ ਹੜਤਾਲ ਦੀ ਸਮਾਪਤੀ ਦਾ ਐਲਾਨ ਕਰਨ ਤੋਂ ਪਹਿਲਾਂ ਸੋਨੀਆ ਰਾਣੀ, ਸਤਵੀਰ ਕੌਰ, ਜੋਸ਼ੀਨਾ ਅਰੋੜਾ, ਰਾਜਵਿੰਦਰ ਕੌਰ, ਹਰਨਰਾਇਣ ਸਿੰਘ, ਗੁਰਸ਼ਰਨਪਾਲ ਸਿੰਘ ਤੇ ਗੌਰਵਜੀਤ ਸਿੰਘ ਭੁੱਖ ਹੜਤਾਲ 'ਤੇ ਬੈਠੇ ਸਨ। ਬਾਅਦ 'ਚ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵੱਲੋਂ ਬਜਟ ਆਉਣ ਬੀ. ਪੀ. ਈ. ਓ. ਦੇਸਰਾਜ ਨੇ ਖ਼ੁਦ ਧਰਨੇ 'ਚ ਪਹੁੰਚ ਕੇ ਬਜਟ ਆਉਣ ਦੀ ਜਾਣਕਾਰੀ ਦੇ ਨਾਲ ਮੁਬਾਰਕਬਾਦ ਦਿੱਤੀ। ਉਨ੍ਹਾਂ ਭੁੱਖ ਹੜਤਾਲ 'ਤੇ ਬੈਠੇ ਅਧਿਆਪਕਾਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਸਮਾਪਤ ਕਰਵਾਈ। ਧਰਨੇ 'ਚ ਤਿੰਨਾਂ ਅਧਿਆਪਕ ਜਥੇਬੰਦੀਆਂ ਵੱਲੋਂ ਆਗੂ ਚਰਨਜੀਤ ਸ਼ਰਮਾ, ਸੰਤੋਖ ਸਿੰਘ, ਦਵਿੰਦਰ ਸਿੰਘ, ਪਰਮਜੀਤ ਦੁੱਗਲ ਆਦਿ ਸ਼ਾਮਲ ਹੋਏ। ਇਨ੍ਹਾਂ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਭਵਿੱਖ 'ਚ ਜੇਕਰ ਇਸ ਤਰ੍ਹਾਂ ਕਈ ਮਹੀਨੇ ਤਨਖ਼ਾਹ ਰੋਕੀ ਗਈ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਧਿਆਪਕ ਆਗੂ ਲੋਕਾਂ ਨੂੰ ਸਰਕਾਰ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਦਾ ਘਰ-ਘਰ ਜਾ ਕੇ ਪ੍ਰਚਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਨਗੇ।


Related News