ਸੈਂਕੜੇ ਅਧਿਆਪਕਾਂ ਨੇ ਮੰਤਰੀ ਦਾ ਫੂਕਿਆ ਪੁਤਲਾ

Saturday, Aug 19, 2017 - 07:06 AM (IST)

ਸੈਂਕੜੇ ਅਧਿਆਪਕਾਂ ਨੇ ਮੰਤਰੀ ਦਾ ਫੂਕਿਆ ਪੁਤਲਾ

ਅੰਮ੍ਰਿਤਸਰ,(ਦਲਜੀਤ)- ਸਿੱਖਿਆ ਮੰਤਰੀ ਅਤੇ ਡੈਮੋਕ੍ਰੇਟਿਕ ਫਰੰਟ 'ਚ ਚੱਲ ਰਿਹਾ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਜਥੇਬੰਦੀ ਦੀ ਅਗਵਾਈ ਵਿਚ ਅੱਜ ਸੈਂਕੜੇ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਦਫਤਰ ਮੂਹਰੇ ਇਕੱਠੇ ਹੋ ਕੇ ਕਚਹਿਰੀ ਚੌਕ 'ਚ ਮੰਤਰੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਜਥੇਬੰਦੀ ਨੇ ਫਿਰ ਤੋਂ ਵਿਭਾਗ ਵਿਚ ਹੋਈਆਂ ਬਦਲੀਆਂ ਦੀਆਂ ਧਾਂਦਲੀਆਂ ਲਈ ਸਿੱਖਿਆ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਜਥੇਬੰਦੀ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਮੰਤਰੀ ਦੀਆਂ ਗਿੱਦੜ-ਭੱਬਕੀਆਂ ਤੋਂ ਨਹੀਂ ਡਰਨਗੇ।
ਡੀ. ਟੀ. ਐੱਫ. ਦੇ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਜ਼ਿਲਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਸਿੱਖਿਆ ਵਿਭਾਗ ਵਿਚਲੀ ਪਾਰਦਰਸ਼ਤਾ 'ਤੇ ਸਵਾਲ ਚੁੱਕਦਿਆਂ ਦੱਸਿਆ ਕਿ ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਬਿਨਾਂ ਕਿਸੇ ਨੀਤੀ ਤੋਂ ਵਿਭਾਗ ਵੱਲੋਂ ਜਿਥੇ ਵੱਡੀ ਗਿਣਤੀ 'ਚ ਬਦਲੀਆਂ ਕੀਤੀਆਂ ਗਈਆਂ, ਉਥੇ ਬੀਤੇ ਮਹੀਨੇ ਕੀਤੀਆਂ ਬਦਲੀਆਂ ਵਿਚ ਵੀ ਅੰਗਹੀਣਾਂ, ਨੇਤਰਹੀਣਾਂ ਅਤੇ ਹੋਰ ਲੋੜਵੰਦਾਂ ਨੂੰ ਪਹਿਲ ਨਾ ਦਿੰਦਿਆਂ ਬੇਨਿਯਮੀਆਂ ਦਾ ਮੀਲ ਪੱਥਰ ਗੱਡ ਦਿੱਤਾ ਗਿਆ ਹੈ। ਸੂਬਾ ਪੱਧਰੀ ਰੈਲੀ ਦੌਰਾਨ ਇਨ੍ਹਾਂ ਬੇਨਿਯਮੀਆਂ ਤੇ ਸਿਆਸੀ ਦਖਲਅੰਦਾਜ਼ੀ ਦਾ ਵਿਰੋਧ ਕਰਨ 'ਤੇ ਸਿੱਖਿਆ ਮੰਤਰੀ ਵੱਲੋਂ ਸੰਘਰਸ਼ੀ ਅਧਿਆਪਕਾਂ ਨੂੰ ਹੀ ਧਮਕੀਆਂ ਦੇਣ ਦੇ ਰਵੱਈਏ ਨੂੰ ਆਗੂਆਂ ਨੇ ਜਮਹੂਰੀਅਤ ਵਿਰੋਧੀ ਦੱਸਿਆ। ਉਨ੍ਹਾਂ ਬਦਲੀਆਂ ਵਿਚ ਹੋਈਆਂ ਬੇਨਿਯਮੀਆਂ ਤੇ ਧਾਂਦਲੀਆਂ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਰਾਹੀਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।
ਜਰਮਨਜੀਤ ਸਿੰਘ ਛੱਜਲਵੱਡੀ ਤੇ ਸਾਥੀ ਸੁਖਰਾਜ ਸਿੰਘ ਸਰਕਾਰੀਆ ਨੇ ਦੱਸਿਆ ਕਿ ਵਿਭਾਗ ਅਧੀਨ 5178 ਮਾਸਟਰ ਕਾਡਰ ਅਧਿਆਪਕਾਂ ਨੂੰ ਰੈਗਲੂਰ ਕਰਨ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਅਤੇ ਐੱਸ. ਐੱਸ. ਏ., ਰਮਸਾ, ਸਿੱਖਿਆ ਪ੍ਰੋਵਾਈਡਰ, ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ., ਆਈ. ਈ. ਵੀ. ਤੇ ਆਦਰਸ਼ ਸਕੂਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪੂਰੇ ਤਨਖਾਹ ਸਕੇਲ 'ਤੇ ਲਿਆ ਕੇ ਰੈਗੂਲਰ ਨਾ ਕਰਨ ਅਤੇ ਅਧਿਆਪਕਾਂ ਨੂੰ ਬੀਮਾਰ ਹੋਣ ਦੀ ਸੂਰਤ ਵਿਚ 15 ਦਿਨ ਦੀ ਜਬਰੀ ਮੈਡੀਕਲ ਛੁੱਟੀ ਲੈਣ ਲਈ ਮਜਬੂਰ ਕਰ ਕੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਸਿੱਖਿਆ ਮੰਤਰੀ ਵੱਲੋਂ ਸੁਹਿਰਦ ਯਤਨ ਨਹੀਂ ਕੀਤੇ ਜਾ ਰਹੇ।
ਅਮਰਜੀਤ ਸਿੰਘ ਵੇਰਕਾ, ਡਾ. ਗੁਰਦਿਆਲ ਸਿੰਘ, ਅਮਰਜੀਤ ਸਿੰਘ ਭੱਲਾ, ਗੁਰਦੇਵ ਸਿੰਘ ਬਾਸਰਕੇ, ਚਰਨਜੀਤ ਸਿੰਘ ਮਹਿਤਾ, ਸੁਖਜਿੰਦਰ ਸਿੰਘ ਜੱਬੋਵਾਲ, ਹਰਜਾਪ ਸਿੰਘ ਬੱਲ, ਮਨਪ੍ਰੀਤ ਸਿੰਘ ਰਈਆ, ਅਮਰਪ੍ਰੀਤ ਸਿੰਘ 5178, ਵਿਕਾਸ ਕੁਮਾਰ ਐੱਸ. ਐੱਸ. ਏ., ਕੁਲਜੀਤ ਕੌਰ ਆਈ. ਈ. ਵੀ. ਤੇ ਅਰਜਿੰਦਰ ਕਲੇਰ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੱਧਾ ਵਿਦਿਅਕ ਸੈਸ਼ਨ ਬੀਤ ਜਾਣ 'ਤੇ ਵੀ ਪੁਸਤਕਾਂ ਤੋਂ ਵਾਂਝੇ ਰੱਖਣ ਦੀ ਜ਼ਿੰਮੇਵਾਰੀ ਜੇਕਰ ਸਿੱਖਿਆ ਮੰਤਰੀ ਦੀ ਨਹੀਂ ਤਾਂ ਫਿਰ ਹੋਰ ਕਿਸ ਦੀ ਹੈ?
ਉਨ੍ਹਾਂ ਨੇ ਵਿਦਿਆਰਥੀਆਂ ਦੀ ਵਰਦੀ ਲਈ ਮਿਲਦੀ ਨਾਮਾਤਰ 400 ਰੁਪਏ ਦੀ ਰਾਸ਼ੀ ਵਿਚ ਕੋਈ ਵੀ ਵਾਧਾ ਨਾ ਕਰਨ ਅਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਤੇ ਹੋਰ ਪਦਉਨਤੀਆਂ ਕਰਨ ਤੋਂ ਟਾਲਾ ਵੱਟਣ, ਓਪਨ ਡਿਸਟੈਂਸ ਪ੍ਰਣਾਲੀ ਰਾਹੀਂ ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਕਈ ਸਾਲਾਂ ਤੋਂ ਰੈਗੂਲਰ ਨਾ ਕਰਨ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਨਾ ਕਰਨ, ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਸਮਾਜਿਕ ਸੁਰੱਖਿਆ ਦੀ ਭਾਵਨਾ ਦੇ ਉਲਟ ਨੈਸ਼ਨਲ ਪੈਨਸ਼ਨ ਪ੍ਰਣਾਲੀ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ, ਸੈਕੰਡਰੀ ਸਕੂਲਾਂ ਵਿਚ ਹਿੰਦੀ ਤੇ ਸਮਾਜਿਕ ਵਿਗਿਆਨ ਵਰਗੇ ਜ਼ਰੂਰੀ ਵਿਸ਼ਿਆਂ ਦੀ ਥਾਂ ਵੋਕੇਸ਼ਨਲ ਵਿਸ਼ੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਾ ਕਰਨ, ਨਵ-ਨਿਯੁਕਤ ਅਧਿਆਪਕਾਂ ਦਾ ਪ੍ਰੋਬੇਸ਼ਨ ਸਮਾਂ ਮੁੜ ਤੋਂ 2 ਸਾਲ ਕਰਦਿਆਂ ਇਸ ਸਮੇਂ ਦੌਰਾਨ ਪੂਰਾ ਤਨਖਾਹ ਸਕੇਲ ਨਾ ਦੇਣ ਅਤੇ ਅਧਿਆਪਕਾਂ ਨੂੰ ਬੀ. ਐੱਲ. ਓ. ਡਿਊਟੀਆਂ, ਮਿਡ-ਡੇ ਮੀਲ ਸਬੰਧੀ ਮੋਬਾਇਲ ਸੁਨੇਹੇ ਤੇ ਆਇਰਨ ਗੋਲੀਆਂ ਵੰਡਣ ਵਰਗੇ ਗੈਰ-ਵਿੱਦਿਅਕ ਕੰਮਾਂ ਵਿਚ ਉਲਝਾਉਣ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਸਿੱਖਿਆ ਮੰਤਰੀ ਵਿਰੁੱਧ ਸਖਤ ਗੁੱਸੇ ਦੀ ਲਹਿਰ ਹੈ।
ਇਸ ਮੌਕੇ ਪਰਮਿੰਦਰ ਸਿੰਘ ਰਾਜਾਸਾਂਸੀ, ਗੁਰਬਿੰਦਰ ਸਿੰਘ ਖਹਿਰਾ, ਕੇਵਲ ਸਿੰਘ, ਦਿਲਬਾਗ ਸਿੰਘ ਰਈਆ, ਕੁਲਵੰਤ ਸਿੰਘ ਛੀਨਾ, ਰਾਜੇਸ਼ ਪ੍ਰਾਸ਼ਰ, ਚੇਤਨ ਤੇੜਾ, ਨਿਰਮਲ ਸਿੰਘ, ਸੰਨੀਪ੍ਰੀਤ ਸਿੰਘ, ਹਰਦੀਪ ਸਿੰਘ ਦੋਬੁਰਜੀ ਆਦਿ ਆਗੂ ਹਾਜ਼ਰ ਸਨ।


Related News