3 ਮਹੀਨਿਆਂ ਦੀ ਤਨਖਾਹ ਤੋਂ ਵਾਂਝੇ ਹਨ ਏਡਿਡ ਸਕੂਲਾਂ ਦੇ ਸੈਂਕੜੇ ਅਧਿਆਪਕ
Friday, Sep 29, 2017 - 01:46 AM (IST)

ਨੂਰਪੁਰਬੇਦੀ,(ਸ਼ਰਮਾ/ਅਵਿਨਾਸ਼/ਤਰਨਜੀਤ)- ਜ਼ਿਲਾ ਸਿੱਖਿਆ ਅਫਸਰ (ਸ) ਦੀ ਆਸਾਮੀ ਬੀਤੇ ਇਕ ਮਹੀਨੇ ਤੋਂ ਖਾਲੀ ਹੋਣ ਕਾਰਨ ਜ਼ਿਲੇ ਦੇ ਏਡਿਡ ਸਕੂਲਾਂ ਨਾਲ ਸੰਬੰਧਤ ਅਧਿਆਪਕ ਤਿੰਨ ਮਹੀਨਿਆਂ ਦੀ ਤਨਖਾਹ ਤੋਂ ਵਾਂਝੇ ਹੋ ਗਏ ਹਨ। ਏਡਿਡ ਸਕੂਲ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਅਸ਼ਵਨੀ ਸ਼ਰਮਾ, ਜ਼ਿਲਾ ਜਨਰਲ ਸਕੱਤਰ ਰਣਜੀਤ ਸਿੰਘ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸ਼ਾਸਤਰੀ, ਹਰਸ਼ਰਨ ਸਿੰਘ, ਹਰੀਸ਼ ਸੋਨੀ, ਨਰਿੰਦਰਪਾਲ ਆਦਿ ਨੇ ਦੱਸਿਆ ਕਿ ਜ਼ਿਲੇ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਜੁਲਾਈ ਤੋਂ ਸਤੰਬਰ ਤੱਕ ਦੀ ਤਨਖਾਹ ਦੀ ਗ੍ਰਾਂਟ 'ਤੇ ਦਸਤਖਤ ਕਰਨ ਲਈ ਬਿੱਲ ਬੀਤੇ ਇਕ ਮਹੀਨੇ ਤੋਂ ਜ਼ਿਲਾ ਸਿੱਖਿਆ ਦਫਤਰ 'ਚ ਪਏ ਹਨ ਪਰ ਡੀ.ਈ.ਓ (ਸ) ਦੀ ਆਸਾਮੀ ਖਾਲੀ ਹੋਣ ਤੇ ਡੀ.ਡੀ.ਓ ਪਾਵਰਾਂ ਕਿਸੇ ਅਧਿਕਾਰੀ ਕੋਲ ਨਾ ਹੋਣ ਕਾਰਨ ਉਨ੍ਹਾਂ ਦੀ ਤਨਖਾਹ ਲਈ ਬਿੱਲ ਪਾਸ ਨਹੀਂ ਹੋ ਰਹੇ, ਜਿਸ ਕਰਕੇ ਜ਼ਿਲੇ ਦੇ ਸੈਂਕੜੇ ਅਧਿਆਪਕਾਂ ਨੂੰ ਤਨਖਾਹ ਲੈਣ ਲਈ ਨਵੇਂ ਡੀ.ਈ.ਓ. ਦੀ ਉਡੀਕ ਕਰਨੀ ਪੈ ਰਹੀ ਹੈ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਦੁਸਹਿਰਾ ਤੇ ਹੋਰ ਤਿਉਹਾਰਾਂ ਦੇ ਮੌਸਮ ਵਿਚ ਅਧਿਆਪਕਾਂ ਨੂੰ 3-3 ਮਹੀਨੇ ਤਨਖਾਹ ਨਾ ਮਿਲਣੀ ਸ਼ਰੇਆਮ ਨਾਇਨਸਾਫੀ ਹੈ। ਉਨ੍ਹਾਂ ਕਿਹਾ ਕਿ ਖਾਲੀ ਜੇਬਾਂ ਨਾਲ ਉਹ ਦੁਸਹਿਰਾ ਤੇ ਹੋਰ ਤਿਉਹਾਰ ਕਿਵੇਂ ਮਨਾਉਣਗੇ। ਉਨ੍ਹਾਂ ਸਿੱਖਿਆ ਮੰਤਰੀ ਅਰੁਣਾ ਚੌਧਰੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਮੰਗ ਕੀਤੀ ਕਿ ਰੋਪੜ 'ਚ ਜ਼ਿਲਾ ਸਿੱਖਿਆ ਅਫਸਰ (ਸ) ਦੀ ਨਿਯੁਕਤੀ ਜਲਦੀ ਕੀਤੀ ਜਾਵੇ ਤਾਂ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਦੀਆਂ ਤਿੰਨ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਹੋ ਸਕਣ।