ਅੰਮ੍ਰਿਤਸਰ ਧਮਾਕਾ : ਫੌਜ ਮੁਖੀ ਨਾਲ ਤਾਰ ਜੋੜਨ 'ਤੇ ਫੂਲਕਾ ਨੇ ਮੰਗੀ ਮੁਆਫੀ
Monday, Nov 19, 2018 - 11:02 AM (IST)
ਚੰਡੀਗੜ੍ਹ : ਅੰਮ੍ਰਿਤਸਰ ਦੇ ਰਾਜਾਸਾਂਸੀ ਪਿੰਡ ਸਥਿਤ ਨਿਰੰਕਾਰੀ ਭਵਨ 'ਚ ਹੋਏ ਗ੍ਰੇਨੇਡ ਹਮਲੇ ਸਬੰਧੀ ਫੌਜ ਮੁਖੀ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ 'ਆਪ' ਵਿਧਾਇਕ ਐੱਚ. ਐੱਸ. ਫੂਲਕਾ ਨੇ ਮੁਆਫੀ ਮੰਗੀ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਬੰਬ ਧਮਾਕੇ 'ਤੇ ਮੇਰਾ ਜੋ ਪ੍ਰਤੀਕਰਮ ਸੀ, ਉਸ ਦੀ ਸਾਰੀ ਵੀਡੀਓ ਦੇਖਣ 'ਤੇ ਇਹ ਸਾਫ ਜ਼ਾਹਰ ਹੁਦਾ ਹੈ ਕਿ ਮੈਂ ਮੌੜ ਬੰਬ ਧਮਾਕੇ ਦੀ ਗੱਲ ਕਰ ਰਿਹਾ ਹਾਂ ਅਤੇ ਸਰਕਾਰਾਂ ਦੇ ਮੁਨਸਫਿਆਂ ਦੀ ਗੱਲ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਬਿਆਨ 'ਚ ਉਨ੍ਹਾਂ ਨੇ ਹਮਲੇ ਦੀ ਪੂਰੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦਾ ਸਾਰਾ ਬਿਆਨ ਕਾਂਗਰਸ ਦੇ ਖਿਲਾਫ ਸੀ। ਉਨ੍ਹਾਂ 'ਤੇ ਫੌਜ ਮੁਖੀ 'ਤੇ ਦੋਸ਼ ਨਹੀਂ ਲਾਇਆ ਹੈ। ਉਨ੍ਹਾਂ ਨੇ ਆਪਣੇ ਦਿੱਤੇ ਬਿਆਨ 'ਤੇ ਅਫਸੋਸ ਜ਼ਾਹਰ ਕੀਤਾ ਹੈ।
ਜਾਣੋ ਕੀ ਹੈ ਮਾਮਲਾ
ਅੰਮ੍ਰਿਤਸਰ ਧਮਾਕੇ ਬਾਰੇ ਬੀਤੇ ਦਿਨ ਐੱਚ. ਐੱਸ. ਫੂਲਕਾ ਨੇ ਆਪਣੇ ਬਿਆਨ 'ਚ ਇਸ ਅੱਤਵਾਦੀ ਹਮਲੇ ਪਿੱਛੇ ਫੌਜ ਮੁਖੀ ਵਿਪਨ ਰਾਵਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਇਹ ਹਮਲਾ ਫੌਜ ਮੁਖੀ ਨੇ ਕਰਵਾਇਆ ਹੋਵੇ। ਉਨ੍ਹਾਂ ਨੇ ਕਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਅਜਿਹੇ ਕੰਮ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਫੌਜ ਨੇ ਬੀਤੇ ਦਿਨੀਂ ਪੰਜਾਬ 'ਚ ਖਤਰੇ ਦੀ ਸ਼ੰਕਾ ਜ਼ਾਹਰ ਕੀਤੀ ਸੀ ਅਤੇ ਇਸੇ ਸ਼ੰਕਾ ਨੂੰ ਸੱਚ ਸਾਬਤ ਕਰਨ ਲਈ ਇਹ ਅੱਤਵਾਦੀ ਹਮਲਾ ਕਰਵਾਇਆ ਗਿਆ ਹੋਵੇ।
