ਜਾਣੋ ਕਿਸ ਤਰ੍ਹਾਂ ਸਿਆਸਤ ’ਚ ਆਏ ਰਾਣਾ ਗੁਰਜੀਤ ਸਿੰਘ

Saturday, Dec 11, 2021 - 04:02 PM (IST)

ਜਲੰਧਰ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅੱਜਕਲ ਕੁਝ ਸਿਆਸੀ ਮਸਲਿਆਂ ਨੂੰ ਲੈ ਕੇ ਬਹੁਤ ਚਰਚਾ ਵਿਚ ਹਨ। ਪਹਿਲਾ ਮਸਲਾ ਉਨ੍ਹਾਂ ਦੀ ਗੁਆਂਢੀ ਹਲਕਿਆਂ ਵਿਚ ਵਧ ਰਹੀ ਰੂਚੀ ਦਾ ਹੈ ਅਤੇ ਦੂਸਰਾ ਬੀਤੇ ਦਿਨ ਪੰਜਾਬ ਦੇ ਹੋਮ ਮਨਿਸਟਰ ਸੁਖਜਿੰਦਰ ਰੰਧਾਵਾ ਦੇ ਨਾਲ ਹੋਈ ਤਲਖਈ ਦਾ ਹੈ। ਇਸ ਦਰਮਿਆਨ ਰਾਣਾ ਗੁਰਜੀਤ ਦੀ ਨਿੱਜੀ ਜ਼ਿੰਦਗੀ ਅਤੇ ਕਾਰੋਬਾਰ ’ਤੇ ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਸਿਆਸਤ ਵਿਚ ਆਏ ਸਨ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਕੁੱਝ ਅੰਸ਼। 

ਨੈਨੀਤਾਲ ਤੋਂ ਪੰਜਾਬ ਕਿਵੇਂ ਆਏ?
ਰਾਣਾ ਗੁਰਜੀਤ ਜ਼ਿਲ੍ਹਾ ਨੈਨੀਤਾਲ ’ਚ ਪੈਂਦੇ ਬਾਜਪੁਰ ਦੇ ਜੰਮਪਲ ਹਨ। ਉਥੇ ਇਨ੍ਹਾਂ ਦੀ ਖੇਤੀਬਾੜੀ ਦਾ ਕਾਰੋਬਾਰ ਹੈ। ਰਾਣਾ ਗੁਰਜੀਤ ਨੇ ਖੁਦ 14 ਸਾਲ ਫਾਰਮਿੰਗ ਕੀਤੀ ਹੈ। ਸੀਡ ਫਾਰਮਿੰਗ ਵਿਚ ਇਨ੍ਹਾਂ ਦਾ ਵੱਡਾ ਨਾਂ ਰਿਹਾ ਹੈ। ਪੂਰੇ ਹਿੰਦੂਸਤਾਨ ਵਿਚ ਵੱਡੇ ਪੱਧਰ ’ਤੇ ਇਹ ਮਟਰਾਂ ਦਾ ਸੀਡ ਪ੍ਰੋਡਊਜ ਕਰਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੰਸਡਟਰੀ ਲਗਾਉਣ ਦਾ ਬਚਪਨ ਤੋਂ ਸ਼ੌਕ ਸੀ ਅਤੇ ਪੰਜਾਬ ਵਿਚ ਕੰਮ ਕਰਨਾ ਉਨ੍ਹਾਂ ਦੀ ਇੱਛਾ ਸੀ। ਜਿਸਦੇ ਲਈ ਉਹ ਪੰਜਾਬ ਆਏ। ਸ਼ੁਰੂਆਤ ਵਿਚ ਇਨ੍ਹਾਂ ਨੇ ਪੇਪਰ ਇੰਡਸਟਰੀ ਲਗਾਈ। ਅੱਤਵਾਦ ਦੇ ਦੌਰ ਵਿਚ 1991 ਵਿਚ ਬੁੱਟਰ ਸਿਵਿਆਂ ਪਿੰਡ ਵਿਚ ਇਨ੍ਹਾਂ ਨੇ ਸ਼ੂਗਰ ਮਿਲ ਲਗਾਈ, 1993 ਵਿਚ ਆਪ੍ਰੇਸ਼ਨ ਵਿਚ ਆਈ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਤਿੰਨ ਇੰਡਸਟ੍ਰੀਜ਼ ਸਥਾਪਿਤ ਕੀਤੀਆਂ। ਅੱਜਕਲ ਉਨ੍ਹਾਂ ਕੋਲ ਇਕ ਸ਼ੂਗਰ ਮਿਲ, 2 ਐਥਨਲ ਪਲਾਂਟ, ਇਕ ਸਪੀਨਿੰਗ ਮਿਲ ਪੰਜਾਬ ਵਿਚ ਹੈ ਜਦਕਿ 4 ਸ਼ੂਗਰ ਮਿਲਾਂ, 3 ਡਿਸਟਲਰੀ, ਪਾਵਰ ਪਲਾਂਟ ਅਤੇ ਜ਼ਮੀਨ-ਜਾਇਦਾਦ ਯੂ. ਪੀ. ਵਿਚ ਵੀ ਹੈ। ਰਾਣਾ ਮੁਤਾਬਕ ਉਨ੍ਹਾਂ ਨੇ ਹਜ਼ਾਰਾਂ ਏਕੜ ਵਿਚ ਵੀ ਖੇਤੀ ਕੀਤੀ ਹੈ, ਜਦਕਿ ਉਨ੍ਹਾਂ ਦੀ ਜੱਦੀ ਜ਼ਮੀਨ ਦਾ ਹਿੱਸਾ ਸਿਰਫ 18 ਏਕੜ ਹੈ।

ਇਹ ਵੀ ਪੜ੍ਹੋ : ਜਦੋਂ ਤੱਕ ਬੇਟਾ ਆਪਣੇ ਜ਼ੋਰ ’ਤੇ ਟਿਕਟ ਨਹੀਂ ਲੈ ਲੈਂਦਾ, ਓਦੋਂ ਤੱਕ ਸੁਲਤਾਨਪੁਰ ਲੋਧੀ ਨਹੀਂ ਜਾਵਾਂਗਾ : ਰਾਣਾ ਗੁਰਜੀਤ

ਅਕਾਲੀ ਨੇਤਾ ਨਾਲ ਪੈ ਗਿਆ ਸੀ ਪੰਗਾ, ਇਸ ਲਈ ਸਿਆਸਤ ਜੁਆਇੰਨ ਕੀਤੀ
ਰਾਣਾ ਗੁਰਜੀਤ ਦੱਸਦੇ ਹਨ ਕਿ 1992 ਦੌਰਾਨ ਇਨ੍ਹਾਂ ਦੀ ਕਿਸੇ ਅਕਾਲੀ ਨੇਤਾ ਨਾਲ ਅਣਬਣ ਹੋ ਗਈ ਅਤੇ ਮੈਂ ਪ੍ਰੇਸ਼ਾਨ ਹੋ ਕੇ ਜਿੰਦਾ ਰਹਿਣ ਲਈ ਸਿਆਸਤ ਵਿਚ ਆਇਆ। ਓਦੋਂ ਰਾਣਾ ਗੁਰਜੀਤ ਨੇ ਸੋਚਿਆ ਕਿ ਮੇਰੇ ਕੋਲ ਹੁਣ ਤਿੰਨ ਬਦਲ ਹਨ। ਪਹਿਲਾਂ ਜਾਂ ਤਾਂ ਮੁੱਖ ਮੰਤਰੀ ਦੇ ਘਰ ਜਾ ਕੇ ਉਸਦੇ ਪੈਰੀਂ ਪੈ ਜਾਵਾਂ, ਕਿਉਂਕਿ ਇਨ੍ਹਾਂ ਨੇ ਮੈਨੂੰ ਜਿਊਣ ਨਹੀਂ ਦੇਣਾ ਹੈ। ਦੂਸਰਾ, ਮੈਂ ਬਾਜਪੁਰ ਵਾਪਸ ਚਲਿਆ ਜਾਵਾਂ। ਉਸ ਸਮੇਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਨਵਾਂ-ਨਵਾਂ ਮਿਲਿਆ ਸੀ। ਮੈਂ ਉਨ੍ਹਾਂ ਨੂੰ ਸਿਆਸਤ ਵਿਚ ਆਉਣ ਦੀ ਇੱਛਾ ਦੱਸੀ। ਅਤੇ ਉਨ੍ਹਾਂ ਨੇ ਮੈਨੂੰ ਟਿਕਟ ਦੇਣ ਦਾ ਵਾਅਦਾ ਕੀਤਾ। ਉਸ ਸਮੇਂ ਜੇਕਰ ਕੈਪਟਨ ਮੈਨੂੰ ਟਿਕਟ ਨਾ ਦਿੰਦੇ ਤਾਂ ਅੱਜ ਰਾਣਾ ਗੁਰਜੀਤ ਸਿੰਘ ਅਮਰੀਕਾ ਵਿਚ ਬੈਠਾ ਹੁੰਦਾ, ਤਾਂ ਇਸ ਤਰ੍ਹਾਂ ਨਾਲ ਮੇਰੇ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ। ਜਦੋਂ ਉਨ੍ਹਾਂ ਤੋਂ ਅਕਾਲੀ ਦਲ ਦੇ ਲੀਡਰ ਦਾ ਨਾਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾਂ ਨਾ ਲੈਂਦੇ ਹੋਏ ਕਿਹਾ ਕਿ ਤੁਸੀਂ ਖੁਦ ਹੀ ਹਿਸਾਬ ਲਗਾ ਲਓ ਕਿ ਵੱਡਾ ਅਕਾਲੀ ਲੀਡਰ ਕੌਣ ਹੈ। ਰਾਣਾ ਨੇ ਦੱਸਿਆ ਕਿ ਬੇਸ਼ੱਕ ਉਹ ਖੁਦ ਸਿਆਸੀ ਨਹੀਂ ਸਨ ਪਰ ਉਨ੍ਹਾਂ ਦੇ ਪਿਤਾ ਜੀ ਸਿਆਸਤ ਵਿਚ ਰੂਚੀ ਰੱਖਦੇ ਸਨ। ਉਨ੍ਹਾਂ ਦੇ ਪਿਤਾ ਦੇ ਨਰਿੰਦਰ ਤਿਵਾੜੀ ਨਾਲ ਚੰਗੇ ਸਬੰਧ ਸਨ, ਇਸ ਤੋਂ ਇਲਾਵਾ ਕੇ. ਸੀ. ਪੰਥ ਨਾਲ ਹੀ ਉਨ੍ਹਾਂ ਦਾ ਬਹੁਤ ਲਗਾਅ ਸੀ। ਇਸ ਤਰੀਕੇ ਨਾਲ ਰਾਣਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਕਾਂਗਰਸੀ ਹਨ।

ਅਕਾਲੀ ਦਲ ਨੇ ਪੇਸ਼ਕਸ਼ ਕੀਤੀ ਸੀ ਪਰ ਮੈਂ ਠੁਕਰਾ ਦਿੱਤੀ
ਉਨ੍ਹਾਂ ਮੁਤਾਬਕ ਜਦੋਂ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਅਕਾਲੀ ਦਲ ਨੇ ਉਨ੍ਹਾਂ ਕੋਲ ਇਕ ਆਦਮੀ ਭੇਜਿਆ ਸੀ, ਜਿਸ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ ਪਰ ਰਾਣਾ ਨੇ ਜਵਾਬ ਦਿੱਤਾ ਕਿ ਮੈਂ ਕਾਂਗਰਸ ਵਿਚ ਪੈਦਾ ਹੋਇਆ ਹਾਂ ਅਤੇ ਕਾਂਗਰਸ ਵਿਚ ਹੀ ਮਰਾਂਗਾ। ਰਹੀ ਗੱਲ ਆਫਰ ਦੀ ਤਾਂ ਜੌਹਰੀ ਹਮੇਸ਼ਾ ਉਸ ਕੋਲ ਜਾਂਦਾ ਹੈ, ਜਿਸਦੀ ਕੀਮਤ ਹੁੰਦੀ ਹੈ।

ਦੋਸ਼ : ਅਕਾਲੀਆਂ ਦੀ ਟਿਕਟ ਵੀ ਕਟਵਾ ਦਿੰਦੇ ਹੋ?
ਦੇਖੋ, ਮੈਂ ਕਿਸੇ ਅਕਾਲੀ ਦਲ ਦਾ ਪ੍ਰਧਾਨ ਨਹੀਂ ਹਾਂ, ਜੋ ਟਿਕਟ ਦੇ ਸਕਦਾ ਅਤੇ ਕੱਟ ਸਕਦਾ ਹੈ। ਮੈਂ ਆਪਣੇ ਮਨ ਵਿਚ ਇਕ ਗੱਲ ਤੈਅ ਕੀਤੀ ਹੈ ਕਿ ਮੈਂ ਰਾਜਨੀਤੀ ਦਾ ਪੱਧਰ ਹੇਠਾਂ ਨਹੀਂ ਆਉਣ ਦਿਆਂਗਾ। ਬੇਸ਼ੱਕ ਮੇਰੀ ਪਹਿਲਾਂ ਵੀ ਮਜੀਠੀਆ ਅਤੇ ਸੁਖਬੀਰ ਨਾਲ ਕਾਫੀ ਬਹਿਸ ਹੋ ਚੁੱਕੀ ਹੈ। ਕਈ ਲੋਕ ਕਹਿੰਦੇ ਹਨ ਕਿ ਮੈਂ ਬੀਬੀ ਜਗੀਰ ਕੌਰ ਨਾਲ ਜੁੜਿਆ ਹੋਇਆ ਹਾਂ, ਜਦਕਿ ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਜੇ ਮੈਂ ਉਪਿੰਦਰਜੀਤ ਕੌਰ ਨੂੰ ਮਿਲਦਾ ਵੀ ਤਾਂ ਉਸ ਦੇ ਪੈਰ ਛੂਹ ਲੈਂਦਾ। ਜਦੋਂ ਉਨ੍ਹਾਂ ਨੂੰ ਬੀਬੀ ਜਗੀਰ ਕੌਰ ਨੂੰ ਮੁੜ ਜਿਤਾਉਣ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਬੀਬੀ ਜਗੀਰ ਕੌਰ ਨੂੰ ਜਿਤਾਉਣ ਲਈ ਮੇਰੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ : 26 ਹਜ਼ਾਰ ਕਰੋੜ ਦੇ ਫੋਕੇ ਐਲਾਨ ਕਰਨ ਵਾਲੀ ਚੰਨੀ ਸਰਕਾਰ ਦੇ ਖਜ਼ਾਨੇ ’ਚ 26 ਕਰੋੜ ਵੀ ਨਹੀਂ : ਸੁਖਬੀਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News