ਘਰ ਆਏ ਮੀਡੀਆ ਕਰਮਚਾਰੀਆਂ ਨਾਲ ਕੀਤੀ ਕੁੱਟਮਾਰ
Friday, Aug 11, 2017 - 07:13 AM (IST)

ਜਲੰਧਰ, (ਰਾਜੇਸ਼)— ਪੰਜਾਬੀ ਚੈਨਲ ਲਈ ਕਵਰੇਜ ਕਰਨ ਗਏ ਮੀਡੀਆ ਕਰਮਚਾਰੀਆਂ 'ਤੇ ਵਾਰਡ ਨੰਬਰ 58 ਦੀ ਕਾਂਗਰਸੀ ਕੌਂਸਲਰ ਸੁਰਿੰਦਰ ਕੌਰ ਨੇ ਹਮਲਾ ਕਰ ਦਿੱਤਾ। ਸੁਰਿੰਦਰ ਕੌਰ ਨੇ ਮੀਡੀਆ ਕਰਮਚਾਰੀਆਂ ਨੂੰ ਪਹਿਲਾਂ ਆਪਣੇ ਘਰ ਬੁਲਾਇਆ ਤੇ ਬਾਅਦ ਵਿਚ ਉਥੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਕੁੱਟਮਾਰ ਕਰਨ ਦੇ ਬਾਅਦ ਉਨ੍ਹਾਂ ਦਾ ਕੈਮਰਾ ਖੋਹ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਕੈਲਾਸ਼ ਚੰਦਰ, ਥਾਣਾ ਭਾਰਗੋ ਕੈਂਪ ਦੇ ਇੰਚਾਰਜ ਜੀਵਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਉਥੋਂ ਕੌਂਸਲਰ ਸੁਰਿੰਦਰ ਕੌਰ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ।
ਫਾਸਟਵੇਅ ਜਲੰਧਰ ਦੀ ਏ. ਜੀ. ਐੱਮ. ਰਾਗਿਨੀ ਠਾਕੁਰ ਨੇ ਦੱਸਿਆ ਕਿ ਉਹ ਗਰੀਨ ਐਵੇਨਿਊ ਬਸਤੀ ਸ਼ੇਖ ਵਿਚ ਕੌਂਸਲਰ ਸੁਰਿੰਦਰ ਕੌਰ ਦੇ ਵਾਰਡ ਵਿਚ ਕੀਤੇ ਗਏ ਕੰਮਾਂ ਦਾ ਵੀਡੀਓ ਬਣਾਉਣ ਲਈ ਆਪਣੀ ਟੀਮ ਨਾਲ ਗਏ ਸਨ, ਜਿਨ੍ਹਾਂ ਨਾਲ ਉਨ੍ਹਾਂ ਦੇ ਦੋ ਕੈਮਰਾਮੈਨ ਵੀ ਸਨ। ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੌਂਸਲਰ ਸੁਰਿੰਦਰ ਕੌਰ ਨੇ ਇਲਾਕੇ ਦੇ ਕਾਫੀ ਵਿਕਾਸ ਕਾਰਜ ਅਧੂਰੇ ਛੱਡ ਹੋਏ ਹਨ, ਜਿਸ ਦੇ ਬਾਅਦ ਉਹ ਸੁਰਿੰਦਰ ਕੌਰ ਦਾ ਬਿਆਨ ਲੈਣ ਲਈ ਉਨ੍ਹਾਂ ਦੇ ਘਰ ਬੂਟਾ ਮੰਡੀ ਜੱਲੋਵਾਲ ਅਬਾਦੀ ਪਹੁੰਚੇ, ਜਿੱਥੇ ਸੁਰਿੰਦਰ ਕੌਰ ਨੇ ਆਪਣੇ ਕੁਝ ਖਾਸ ਲੋਕਾਂ ਨੂੰ ਉਥੇ ਬੁਲਾ ਲਿਆ ਅਤੇ ਮੀਡੀਆ ਦੇ ਕਰਮਚਾਰੀਆਂ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਰਾਗਿਨੀ ਠਾਕੁਰ ਦੇ ਕੈਮਰਾਮੈਨ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਸੁਰਿੰਦਰ ਕੌਰ ਦੇ ਸਾਥੀਆਂ ਨੇ ਉਸਦੇ ਘਰ 'ਤੇ ਹੀ ਮੀਡੀਆ ਕਰਮਚਾਰੀਆਂ ਦਾ ਕੈਮਰਾ ਖੋਹ ਲਿਆ।
ਘਟਨਾ ਦੇ ਬਾਅਦ ਏ. ਸੀ. ਪੀ. ਕੈਲਾਸ਼ ਚੰਦਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਉਥੋਂ ਮਹਿਲਾ ਕੌਂਸਲਰ ਸੁਰਿੰਦਰ ਕੌਰ ਤੇ ਉਸਦੇ ਦੋ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ। ਘਟਨਾ ਦੇ ਬਾਅਦ ਮੌਕੇ 'ਤੇ ਥਾਣਾ ਭਾਰਗੋ ਕੈਂਪ ਵਿਚ ਭਾਰੀ ਗਿਣਤੀ ਵਿਚ ਮੀਡੀਆ ਕਰਮਚਾਰੀ ਪਹੁੰਚ ਗਏ। ਪਹਿਲਾਂ ਤਾਂ ਪੁਲਸ ਨੇ ਰਾਜਨੀਤਕ ਦਬਾਅ ਕਾਰਨ ਪੀੜਤਾ ਰਾਗਿਨੀ ਦੇ ਬਿਆਨਾਂ 'ਤੇ ਕੌਂਸਲਰ ਮਹਿਲਾ ਸੁਰਿੰਦਰ ਕੌਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਉਸਦੇ ਸਾਥੀਆਂ ਸਮੇਤ ਉਸਨੂੰ ਇਕ ਕਮਰੇ 'ਚ ਬਿਠਾ ਦਿੱਤਾ ਅਤੇ ਮੀਡੀਆ ਨੂੰ ਕੌਂਸਲਰ ਦੇ ਨਾਲ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਉਂਦੀ ਰਹੀ ਪਰ ਮੀਡੀਆ ਕਰਮਚਾਰੀਆਂ ਦਾ ਦਬਾਅ ਦੇਖ ਕੇ ਪੁਲਸ ਨੇ ਸੁਰਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਜਿਵੇਂ ਹੀ ਸੁਰਿੰਦਰ ਕੌਰ 'ਤੇ ਮਾਮਲਾ ਦਰਜ ਹੋਇਆ। ਕੁਝ ਕਾਂਗਰਸੀ ਕੌਂਸਲਰ ਸ਼ਰੇਆਮ ਪੁਲਸ ਦੇ ਸਾਹਮਣੇ ਉਸਨੂੰ ਥਾਣੇ ਵਿਚੋਂ ਲੈ ਗਏ, ਜਿਸ ਦਾ ਪੱਤਰਕਾਰਾਂ ਨੇ ਕਾਫੀ ਵਿਰੋਧ ਕੀਤਾ।
ਸੁਰਿੰਦਰ ਕੌਰ ਦੀ ਗ੍ਰਿਫਤਾਰੀ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਥਾਣੇ ਵਿਚ ਹੀ ਪੁਲਸ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਨੇ ਮਹਿਲਾ ਕੌਂਸਲਰ ਸੁਰਿੰਦਰ ਕੌਰ ਦੀ ਗ੍ਰਿਫਤਾਰੀ ਜਲਦ ਕਰਨ ਦਾ ਭਰੋਸਾ ਦੇ ਕੇ ਪੱਤਰਕਾਰਾਂ ਦਾ ਧਰਨਾ ਹਟਾਇਆ। ਸੁਰਿੰਦਰ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਬਾਅਦ ਵਿਚ ਉਨ੍ਹਾਂ ਨੇ ਫੋਨ ਬੰਦ ਕਰ ਲਿਆ।