ਬਾਰਿਸ਼ ਨੇ ਗਰੀਬ ਦੇ ਘਰ ''ਤੇ ਢਾਹਿਆ ਕਹਿਰ
Thursday, Aug 03, 2017 - 07:50 AM (IST)

ਪਟਿਆਲਾ/ਸਨੌਰ (ਜੋਸਨ, ਕੁਲਦੀਪ) - ਸਨੌਰ ਦੀ ਖਾਲਸਾ ਕਾਲੋਨੀ ਵਿਖੇ ਕੱਲ ਤੋਂ ਪੈ ਰਹੀ ਬਾਰਿਸ਼ ਕਾਰਨ ਨਵੇਂ ਬਣੇ ਮਕਾਨ ਦੇ ਫਰਸ਼ ਦਬ ਗਏ ਅਤੇ ਦੀਵਾਰਾਂ ਵਿਚ ਤਰੇੜਾਂ ਪੈ ਗਈਆਂ। ਜਾਣਕਾਰੀ ਦਿੰਦੇ ਹੋਏ ਖਾਲਸਾ ਕਾਲੋਨੀ ਨਿਵਾਸੀ ਗੁਰਭੇਜ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੈਂ ਪਿਛਲੇ ਕਈ ਸਾਲਾਂ ਤੋ ਕਿਰਾਏ 'ਤੇ ਰਹਿ ਰਿਹਾ ਹਾਂ। ਹੁਣ ਬੜੀ ਮੁਸ਼ਕਲ ਨਾਲ ਵਿਆਜ 'ਤੇ ਪੈਸੇ ਲੈ ਕੇ ਮਕਾਨ ਤਿਆਰ ਕੀਤਾ ਸੀ। ਇਸ ਮਕਾਨ ਦਾ ਮੈਂ ਨਕਸ਼ਾ ਵੀ ਨਗਰ ਕੌਂਸਲ ਸਨੌਰ ਤੋਂ ਪਾਸ ਕਰਵਾਇਆ ਹੈ ਪਰ ਬਾਰਿਸ਼ ਪੈ ਜਾਣ ਕਾਰਨ ਮੇਰੇ ਦੋਵੇਂ ਕਮਰਿਆਂ ਦੇ ਫਰਸ਼ ਦਬ ਗਏ ਹਨ। ਮਕਾਨ ਦੀਆਂ ਕੰਧਾਂ ਵਿਚ ਤਰੇੜਾਂ ਪੈ ਗਈਆਂ ਹਨ। ਪੀੜਤ ਗੁਰਭੇਜ ਸਿੰਘ ਅਤੇ ਉਸ ਦੀ ਪਤਨੀ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ। ਇਸ ਮੌਕੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਇੰਦਰ ਸਿੰਘ ਛਿੰਦੀ ਅਤੇ ਵਾਈਸ ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਕਾਲੋਨੀ ਵਿਖੇ ਪੀੜਤ ਗੁਰਭੇਜ ਸਿੰਘ ਦੇ ਘਰ ਦਾ ਜਾਇਜ਼ਾ ਲੈਣ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਛਿੰਦੀ ਨੇ ਕਿਹਾ ਕਿ ਗੁਰਭੇਜ ਸਿੰਘ ਦੇ ਘਰ ਵਿਚ ਹੋਏ ਨੁਕਸਾਨ ਦੀ ਡੀਟੇਲ ਐੱਸ. ਡੀ. ਐੱਮ. ਨੂੰ ਭੇਜ ਰਹੇ ਹਾਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵੀ ਆਪਣੇ ਵੱਲੋਂ ਵੀ ਗੁਰਭੇਜ ਸਿੰਘ ਦੀ ਮਾਲੀ ਮਦਦ ਕਰ ਰਹੇ ਹਾਂ।
ਸਨੌਰ-ਚੌਰਾ ਰੋਡ 'ਤੇ ਭੋਲਾ ਐੱਮ. ਸੀ. ਵਾਲੀ ਗਲੀ ਵਾਰਡ ਨੰਬਰ 15 ਵਿਖੇ ਬਾਰਿਸ਼ ਪੈਣ ਕਾਰਨ ਦਬ ਗਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਸ ਵਜੋ ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦਿਆਂ ਕਾਲੋਨੀ ਨਿਵਾਸੀ ਰਾਧੇ ਕਿਸਨ, ਰੌਸ਼ਨ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸਾਡੀ ਕਾਲੋਨੀ ਵਿਚ ਨਗਰ ਕੌਂਸਲ ਵੱਲੋਂ ਨਾਲੀ ਦੀ ਸਫਾਈ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਬਾਰਿਸ਼ ਦਾ ਪਾਣੀ ਗਲੀ ਵਿਚ ਆ ਜਾਣ ਕਾਰਨ ਸਾਡੀ ਗਲੀ ਦਬ ਗਈ ਹੈ। ਇਸ ਕਾਰਨ ਸਾਡਾ ਗਲੀ ਵਿਚੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸਾਡੇ ਵਾਰਡ ਦੀ ਮੇਨ ਗਲੀ ਜਲਦ ਬਣਵਾਈ ਜਾਵੇ। ਇਸ ਮੌਕੇ ਬਲਵਿੰਦਰ ਕੌਰ, ਰਾਧੇ ਕ੍ਰਿਸ਼ਨ, ਸੋਨੂੰ, ਹਰਮੀਤ ਸਿੰਘ ਅਤੇ ਹੋਰ ਵੀ ਕਾਲੋਨੀ ਨਿਵਾਸੀ ਮੌਜੂਦ ਸਨ।