ਮਲੇਰਕੋਟਲਾ ਤੇ ਅਹਿਮਦਗੜ੍ਹ ਵਿਚ ਵੀ ਮਿਲ ਸਕੇਗੀ ਹੋਟਲ ‘ਚ ਕੁਆਰੰਟੀਨ ਹੋਣ ਦੀ ਸਹੂਲਤ
Monday, May 11, 2020 - 07:06 PM (IST)
ਸੰਗਰੂਰ(ਵਿਵੇਕ ਸਿੰਧਵਾਨੀ ) - ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਸ਼ੱਕੀ ਜਾਂ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਵਿਅਕਤੀਆਂ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੁਆਰੰਟੀਨ ਕੀਤਾ ਜਾਂਦਾ ਹੈ। ਇਸ ਸੰਦਰਭ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਰਕਾਰੀ ਕੁਆਰੰਟੀਨ ਸੈਂਟਰ ਬਣਾਏ ਹੋਏ ਹਨ। ਹੁਣ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਬ ਡਵੀਜ਼ਨ ਮਾਲੇਰਕੋਟਲਾ ਤੇ ਅਹਿਮਦਗੜ੍ਹ ਵਿਖੇ ਕਈ ਹੋਟਲਾਂ ਨੂੰ ਵੀ ਕੁਆਰੰਟੀਨ ਸੈਂਟਰ ਵਜੋਂ ਸਥਾਪਤ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਮਲੇਰਕੋਟਲਾ ਤੇ ਅਹਿਮਦਗੜ੍ਹ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮਾਲੇਰਕੋਟਲਾ ਤੇ ਅਹਿਮਦਗੜ੍ਹ ਵਿਖੇ ਵੱਖ-ਵੱਖ ਹੋਟਲਾਂ ਨੂੰ ਕੁਅਰੰਟੀਨ ਸੈਂਟਰ ਵਜੋਂ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਹੋਟਲ ਇੰਮਪਾਇਰ, ਹੋਟਲ ਸਪਾਈਸ ਡਿਨ, ਹੋਟਲ ਮਹਾਰਾਜਾ ਤੇ ਹੋਟਲ ਵਿਕਰਾਂਤ ਅਤੇ ਅਹਿਮਦਗੜ੍ਹ ਵਿਖੇ ਬਲਵੀਰ ਰੈਸਟੋਰੈਂਟ ਨੂੰ ਕੁਅਰੰਟੀਨ ਸੈਂਟਰ ਵਜੋਂ ਘੋਸ਼ਿਤ ਕੀਤਾ ਗਿਆ ਹੈ। ਸ੍ਰੀ ਪਾਂਥੇ ਨੇ ਦੱਸਿਆ ਕਿ ਅੱਜ ਇਨ੍ਹਾਂ ਹੋਟਲਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਜਿਥੇ ਉਨ੍ਹਾਂ ਹੋਟਲਾਂ ਨੂੰ ਕੁਅਰੰਟੀਨ ਸਹੂਲਤ ਵਜੋਂ ਵਰਤੋਂ ਕਰਨ ਦੀ ਸਹਿਮਤੀ ਦਿੱਤੀ ਹੈ।
ਉਪ ਮੰਡਲ ਮੈਜਿਸਟਰੇਟ ਨੇ ਕਿਹਾ ਕਿ ਸਾਡੇ ਕੋਲ ਸਰਕਾਰੀ ਕੁਅਰੰਟੀਨ ਸੈਂਟਰ ਵੀ ਹਨ ਪਰ ਜੋ ਲੋਕ ਹੋਟਲਾਂ ਵਿਚ ਰਹਿਣਾ ਚਾਹੁੰਦੇ ਹਨ ਤਾਂ ਉਹ ਅਪਣੇ ਖ਼ਰਚੇ ਤੇ ਇਥੇ ਕੁਆਰੰਟੀਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੋਟਲਾਂ ਦੇ ਨਾਨ ਏ.ਸੀ, ਏ.ਸੀ ਤੇ ਡੀਲਕਸ ਕਮਰਿਆਂ ਦਾ ਵੱਖਰਾ-ਵੱਖਰਾ ਕਿਰਾਇਆ ਹੈ, ਜਿਸ ਨੂੰ ਸਹੂਲਤ ਲੈ ਰਹੇ ਵਿਅਕਤੀ ਵਲੋਂ ਅਦਾ ਕੀਤਾ ਜਾਵੇਗਾ।