ਪਾਰਾ 46 ਡਿਗਰੀ ਤੋਂ ਪਾਰ, ਲੂ ਤੇ ਕਹਿਰ ਦੀ ਗਰਮੀ ਨੇ ਤਪਾਇਆ ਸ਼ਾਹੀ ਸ਼ਹਿਰ
Monday, Jun 03, 2019 - 03:00 PM (IST)
ਪਟਿਆਲਾ (ਜੋਸਨ) : ਸ਼ਾਹੀ ਸ਼ਹਿਰ ਪਟਿਆਲਾ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਲੂ ਨੇ ਕਰਫਿਊ ਵਰਗਾ ਮਾਹੌਲ ਬਣਾ ਦਿੱਤਾ ਹੈ। ਗਰਮੀ ਕਾਰਨ ਪਾਰਾ 46 ਤੋਂ ਪਾਰ ਹੋ ਗਿਆ ਹੈ। ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ। ਬਜ਼ਾਰ ਸੁੰਨਸਾਨ ਹੋ ਗਏ ਹਨ ਅਤੇ ਦੁਕਾਨਦਾਰ ਵੀ ਵਿਹਲੇ ਹਨ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅੰਬਰੋਂ ਵਰ੍ਹਦੀ ਅੱਗ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਝੁਲਸਾ ਦਿੱਤਾ ਹੈ। ਇਸ ਸਮੇਂ ਜੂਨ 'ਚ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਅੱਗ ਵਾਂਗ ਗਰਮ ਹੋਏ ਮੌਸਮ 'ਚ ਅਗਲੇ ਹਫਤੇ ਤੋਂ ਥੋੜ੍ਹਾ ਜਿਹਾ ਬਦਲਾਅ ਵੀ ਹੋਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਹੁਣ ਲੋਕਾਂ ਨੂੰ ਕਈ ਦਿਨ ਅੱਤ ਦੀ ਗਰਮੀ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਆਉਣ ਵਾਲੇ ਸਮੇਂ 'ਚ ਗਰਮੀ ਆਪਣਾ ਅਸਲੀ ਰੰਗ ਦਿਖਾਉਣ ਵਾਲੀ ਹੈ। ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਸ ਭਿਆਨਕ ਗਰਮੀ ਵਿਚ ਲੋਕ ਦੋਪਹੀਆ ਵਾਹਨ 'ਤੇ ਮੂੰਹ ਕੱਪੜੇ ਨਾਲ ਢਕ ਕੇ ਚੱਲ ਰਹੇ ਹਨ।
ਕੰਮ-ਕਾਜ ਠੱਪ
ਗਰਮੀ ਕਾਰਨ ਦੁਕਾਨਦਾਰਾਂ ਦਾ ਕੰਮ-ਕਾਜ ਠੱਪ ਪਿਆ ਹੈ। ਸ਼ਹਿਰ ਦੇ ਚਹੁੰ ਪਾਸੇ ਸੰਨਾਟਾ ਪਸਰਿਆ ਪਿਆ ਹੈ। ਦੁਪਹਿਰ ਵੇਲੇ ਸਾਰੀਆਂ ਸੜਕਾਂ ਦੇ ਕਰਫਿਊ ਵਰਗਾ ਮਾਹੌਲ ਹੁੰਦਾ ਹੈ। ਅਜਿਹੇ 'ਚ ਕਈ ਜਨਤਕ ਥਾਵਾਂ 'ਤੇ ਸਾਫ ਪਾਣੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੌਸਮੀ ਖ਼ਤਰਿਆਂ ਲਈ ਵਿਭਾਗ ਚਾਰ ਤਰ੍ਹਾਂ ਦੀ ਚੌਕਸੀ ਸੂਚਨਾ ਜਾਰੀ ਕਰਦਾ ਹੈ। ਗਰੀਨ, ਯੈਲੋ, ਔਰੇਂਜ ਅਤੇ ਰੈੱਡ। ਇਨ੍ਹਾਂ 'ਚ ਗਰੀਨ ਤੋਂ ਲੈ ਕੇ ਰੈੱਡ ਦਾ ਮਤਲਬ ਆਮ ਤੋਂ ਲੈ ਕੇ ਸਭ ਤੋਂ ਵੱਧ ਖ਼ਤਰਨਾਕ ਪੱਧਰ ਹੈ।
4 ਤੋਂ 6 ਜੂਨ ਨੂੰ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਆਉਂਦੀ 4 ਤੋਂ 6 ਜੂਨ ਤੱਕ ਮੀਂਹ ਪੈ ਸਕਦਾ ਹੈ। ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।